ਫੌਜ ‘ਚ ਭਰਤੀ ਹੋਣ ਦਾ ਸੁਨੇਹਾ ਦਿੰਦਾ ਦੋ ਰੋਜ਼ਾ ਮਿਲਟਰੀ ਫੈਸਟੀਵਲ ਸਮਾਪਤ
ਪਟਿਆਲਾ/ਬਿਊਰੋ ਨਿਊਜ਼ : ਨੌਜਵਾਨਾਂ ਨੂੰ ਹਥਿਆਰਬੰਦ ਬਲਾਂ ਵਿਚ ਭਰਤੀ ਹੋਣ ਦਾ ਸੁਨੇਹਾ ਦਿੰਦਾ ਵਿਰਾਸਤੀ ਮੇਲੇ ਦੀ ਕੜੀ ਤਹਿਤ ਲੱਗਾ ਦੋ ਰੋਜ਼ਾ ਮਿਲਟਰੀ ਲਿਟਰੇਚਰ ਫ਼ੈਸਟੀਵਲ ਸਮਾਪਤ ਹੋ ਗਿਆ ਹੈ। ਸਮਾਪਤੀ ਸਮਾਗਮ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਦੇਸ਼ ਦੀਆਂ ਹਥਿਆਰਬੰਦ ਸੈਨਾਵਾਂ ਵਿੱਚ ਅਤੇ ਦੇਸ਼ ਦੀ ਰਾਖੀ ਲਈ ਪੰਜਾਬੀਆਂ ਦਾ ਅਹਿਮ ਯੋਗਦਾਨ ਹੈ। ਇਸੇ ਤਹਿਤ ਸੂਬੇ ਵਿਚੋਂ ਨੌਜਵਾਨਾਂ ਨੂੰ ਫ਼ੌਜ ਵਿਚ ਭਰਤੀ ਹੋਣ ਲਈ ਪੰਜਾਬ ਸਰਕਾਰ ਪ੍ਰੇਰਿਤ ਕਰੇਗੀ। ਪੰਜਾਬ ਸਰਕਾਰ ਨੇ ਆਪਣੇ ਨੌਜਵਾਨਾਂ ਨੂੰ ਨਸ਼ਾਮੁਕਤ ਰੱਖਣ ਤੇ ਉਨ੍ਹਾਂ ਨੂੰ ਭਾਰਤੀ ਸੈਨਾਵਾਂ ਦਾ ਹਿੱਸਾ ਬਣਨ ਲਈ ਪ੍ਰੇਰਿਤ ਕਰਨ ਵਾਸਤੇ ਮਿਲਟਰੀ ਲਿਟਰੇਚਰ ਫੈਸਟੀਵਲ ਸਾਰੇ ਜ਼ਿਲ੍ਹਿਆਂ ਵਿੱਚ ਕਰਵਾਉਣ ਦਾ ਫੈਸਲਾ ਕੀਤਾ ਹੈ।
ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪੁੱਜੇ ਮੁੱਖ ਮੰਤਰੀ ਦਫਤਰ ਦੇ ਮੀਡੀਆ ਡਾਇਰੈਕਟਰ ਬਲਤੇਜ ਪੰਨੂ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ, ਜਦੋਂਕਿ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਇਸ ਫੈਸਟੀਵਲ ਨੇ ਸਾਡੇ ਨੌਜਵਾਨਾਂ ਨੂੰ ਆਪਣੀ ਅਮੀਰ ਵਿਰਾਸਤ ਨਾਲ ਜੋੜਿਆ ਹੈ। ਇਸ ਤੋਂ ਪਹਿਲਾਂ ਮਿਲਟਰੀ ਲਿਟਰੇਚਰ ਫੈਸਟੀਵਲ ਐਸੋਸੀਏਸ਼ਨ ਦੇ ਚੇਅਰਮੈਨ ਲੈਫਟੀਨੈਂਟ ਜਨਰਲ ਟੀਐੱਸ ਸ਼ੇਰਗਿੱਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਭਰ ‘ਚ ਅਜਿਹੇ ਫੈਸਟੀਵਲ ਕਰਵਾਉਣ ਦਾ ਫੈਸਲਾ ਸ਼ਲਾਘਾਯੋਗ ਹੈ। ਉਨ੍ਹਾਂ ਨੌਜਵਾਨਾਂ ਨੂੰ ਫੌਜੀ ਜੀਵਨ ਦਾ ਹਿੱਸਾ ਬਣਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਪੰਜਾਬੀਆਂ ਨੇ ਸਦੀਆਂ ਤੋਂ ਧਾੜਵੀਆਂ ਦਾ ਮੁਕਾਬਲਾ ਡੱਟ ਕੇ ਕੀਤਾ ਹੈ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਮਿਲਟਰੀ ਲਿਟਰੇਚਰ ਫੈਸਟੀਵਲ ਐਸੋਸੀਏਸ਼ਨ, ਭਾਰਤੀ ਫੌਜ ਅਤੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।
ਇਸੇ ਦੌਰਾਨ ਮਿਲਟਰੀ ਲਿਟਰੇਚਰ ਫ਼ੈਸਟੀਵਲ ਵਿਚ ਤਿੰਨ ਸਮਕਾਲੀ ਵਿਸ਼ਿਆਂ ‘ਤੇ ਪੈਨਲ ਵਿਚਾਰ ਵਟਾਂਦਰਾ ਵੀ ਕਰਵਾਇਆ ਗਿਆ। ਇਸ ਚਰਚਾ ਨੇ ਸਮਾਗਮ ‘ਚ ਪੁੱਜੇ ਨੌਜਵਾਨ ਵਿਦਿਆਰਥੀਆਂ ਵਿੱਚ ਫ਼ੌਜ ਪ੍ਰਤੀ ਦਿਲਚਸਪੀ ਪੈਦਾ ਕੀਤੀ ਹੈ। ਇਸ ਮੌਕੇ ‘ਸ਼ਹੀਦ ਭਗਤ ਸਿੰਘ ਇੱਕ ਹੀਰੋ, ਪਾਕਿਸਤਾਨ, ਚੀਨ ਅਤੇ ਯੂਕਰੇਨ ਦੇ ਭਾਰਤ ਲਈ ਪ੍ਰਭਾਵ ਸਮੇਤ 1947 ਦੀ ਜੰਗ ਵਿੱਚ ਪਟਿਆਲਾ ਰਿਆਸਤੀ ਫ਼ੌਜ ਦੇ ਯੋਗਦਾਨ ਅਤੇ ਭੂਮਿਕਾ’ ਬਾਰੇ ਚਰਚਾ ਕੀਤੀ ਗਈ। ਪੈਨਲ ਵਿੱਚ ਸ਼ਾਮਲ ਬੁਲਾਰਿਆਂ ਡਾ. ਮਨਪ੍ਰੀਤ ਮਹਿਨਾਜ਼, ਆਈਏਐੱਸ ਅਫ਼ਸਰ ਆਰਕੇ ਕੌਸ਼ਿਕ, ਡਾ. ਹਰਜੇਸ਼ਵਰ ਸਿੰਘ, ਜਸਵੰਤ ਜ਼ਫ਼ਰ, ਲੈਫ਼ਟੀਨੈਂਟ ਜਨਰਲ ਕੇ ਡਾਵਰ, ਲੈਫ਼ਟੀਨੈਂਟ ਜਨਰਲ ਕੇਜੇ ਸਿੰਘ, ਲੈਫ਼ਟੀਨੈਂਟ ਜਨਰਲ ਅਨਿਲ ਆਹੂਜਾ, ਮੇਜਰ ਜਨਰਲ ਏਪੀ ਸਿੰਘ ਆਦਿ ਨੇ ਵੀ ਸਰੋਤਿਆਂ ਨੂੰ ਸੰਬੋਧਨ ਕੀਤਾ।
ਪੰਜਾਬ ਨੂੰ ਬਾਗ਼ਾਂ ਦਾ ਸੂਬਾ ਬਣਾਉਣ ਦੀ ਯੋਜਨਾ ਤਿਆਰ
ਪੰਜਾਬ ਦੇ ਬਾਗ਼ਬਾਨੀ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਪੰਜਾਬ ਨੂੰ ਬਾਗ਼ਾਂ ਦਾ ਸੂਬਾ ਬਣਾਉਣ ਲਈ ਪੰਜਾਬ ਸਰਕਾਰ ਯੋਜਨਾ ਤਿਆਰ ਕਰ ਰਹੀ ਹੈ। ਪੰਜਾਬ ਦੇ ਵੱਖੋ-ਵੱਖਰੇ ਖੇਤਰਾਂ ਵਿਚ ਬਾਗ਼ਬਾਨੀ ਦੇ ਵੱਖ ਵੱਖ ਬਾਗ਼ ਲਗਾਏ ਜਾ ਸਕਦੇ ਹਨ। ਇਸ ਕਰਕੇ ਫਲਾਂ ਦੀ ਖੇਤੀ ਦੇ ਅਨੁਕੂਲ ਢੁੱਕਵੇਂ ਖੇਤਰਾਂ ਦੇ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਜਾਵੇਗਾ। ਪਟਿਆਲਾ ਵਿੱਚ ਅੰਬਾਂ ਦੀਆਂ ਅਨੇਕਾਂ ਕਿਸਮਾਂ ਮੌਜੂਦ ਹਨ। ਇਸੇ ਤਰ੍ਹਾਂ ਕਿੰਨੂਆਂ ਦਾ ਬਾਗ਼ ਵੀ ਪੰਜਾਬ ਦੇ ਵੱਖ-ਵੱਖ ਖੇਤਰਾਂ ਵਿਚ ਲਗਾਏ ਜਾ ਸਕਦੇ ਹਨ।
Check Also
ਗਿਆਨੀ ਰਘਬੀਰ ਸਿੰਘ ਨਾਲ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ ਕੀਤੀ ਮੁਲਾਕਾਤ
ਪ੍ਰਕਾਸ਼ ਸਿੰਘ ਬਾਦਲ ਤੋਂ ਫਖਰ ਏ ਕੌਮ ਸਨਮਾਨ ਵਾਪਸ ਲੈਣ ਦੀ ਕੀਤੀ ਮੰਗ ਅੰਮਿ੍ਰਤਸਰ/ਬਿਊਰੋ ਨਿਊਜ਼ …