ਸਿੱਖ ਇਤਿਹਾਸ ਵਿਚ ਇਹ ਇਕ ਬਹੁਤ ਵੱਡੀ ਘਟਨਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦਾ 350 ਸਾਲਾ ਪ੍ਰਕਾਸ਼ ਉਤਸਵ ਪਟਨਾ ਸਾਹਿਬ (ਬਿਹਾਰ) ਵਿਖੇ ਮਨਾਇਆ ਜਾ ਰਿਹਾ ਹੈ। 17ਵੀਂ ਸਦੀ ਵਿਚ ਗੁਰੂ ਗੋਬਿੰਦ ਸਿੰਘ ਜੀ ਨੇ 9ਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਘਰ ਮਾਤਾ ਗੁਜਰੀ ਦੀ ਕੁੱਖੋਂ ਜਨਮ ਲਿਆ ਸੀ। ਸਿੱਖ ਗੁਰੂਆਂ ਨੇ ਧਰਮ ਨੂੰ ਨਵੇਂ ਅਰਥ ਦਿੱਤੇ ਅਤੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤਕ ਇਕ ਸੰਪੂਰਨ ਜੋਤ ਰਾਹੀਂ ਇਕ ਅਜਿਹਾ ਫਲਸਫਾ ਦਿੱਤਾ ਜਿਸ ਵਿਚ ਹਰ ਧਰਮ ਨੂੰ ਬਰਾਬਰ ਸਮਝਿਆ ਗਿਆ। ਹਰ ਇਨਸਾਨ ਦੇ ਅੰਦਰ ਇਕੋ ਉਸ ਅਕਾਲ ਪੁਰਖ ਦਾ ਵਾਸਾ ਸਮਝਿਆ ਗਿਆ। ਕਿਰਤ ਦੀ ਕਦਰ ਕੀਤੀ ਗਈ। ਗਰੀਬ ਦੀ ਸੇਵਾ ਕਰਨ ਦਾ ਵਲ ਦੱਸਿਆ ਗਿਆ।ઠਗੁਰੂ ਗੋਬਿੰਦ ਸਿੰਘ ਜੀ ਦਾ ਇਹ 350 ਸਾਲਾ ਜਨਮ ਦਿਨ ਬਿਹਾਰ ਸਰਕਾਰ ਵਲੋਂ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ ਜਿਸ ਸੰਬੰਧੀ 25 ਦਸੰਬਰ ਤੋਂ ਲੈ ਕੇ 5 ਜਨਵਰੀ ਤੱਕ ਸਮਾਗਮ ਰਚਾਏ ਜਾਣੇ ਹਨ। ਇਨ੍ਹਾਂ ਸਮਾਗਮਾਂ ਦੀ ਤਿਆਰੀ 2014 ਤੋਂ ਹੀ ਆਰੰਭ ਕਰ ਦਿੱਤੀ ਗਈ ਸੀ। ਇਨ੍ਹਾਂ ਸਮਾਗਮਾਂ ‘ਤੇ ਖਰਚ ਬਿਹਾਰ ਸਰਕਾਰ, ਕੇਂਦਰ ਸਰਕਾਰ, ਪੰਜਾਬ ਸਰਕਾਰ, ਐੱਨ. ਆਰ. ਆਈ, ਸਮਾਜ-ਸੇਵੀ ਸੰਸਥਾਵਾਂ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕੀਤਾ ਜਾ ਰਿਹਾ ਹੈ।
ਗੁਰੂ ਨਾਨਕ ਦੇਵ ਜੀ ਦਾ ਪਟਨਾ ਵਿਚ ਆਗਮਨ
ਇਤਿਹਾਸ ਜਿਵੇਂ ਕਿ ਆਪਣੇ ਆਪ ਨੂੰ ਦੁਹਰਾਉਂਦਾ ਹੈ। ਗੁਰੂ ਨਾਨਕ ਦੇਵ ਜੀ 16ਵੀਂ ਸਦੀ ਵਿਚ ਆਪਣੇ ਰਟਨ ਦੌਰਾਨ ਪਟਨਾ ਸਾਹਿਬ ਪਹੁੰਚੇ ਸਨ। ਉਹ ਪਟਨਾ ਦੇ ਪੱਛਮੀ ਦਰਵਾਜ਼ੇ ਰਾਹੀਂ ਦਾਖਲ ਹੋਏ ਤੇ ਭਗਤ ਜੈਤਾ ਮੱਲ ઠਦੇ ਘਰ ਠਹਿਰੇ। ਸ੍ਰੀ ਗੁਰੂ ਨਾਨਕ ਦੇਵ ਜੀ ਇਥੇ ਸਵੇਰੇ-ਸ਼ਾਮ ਕੀਰਤਨ ਕਰਦੇ। ਸਾਲਸ ਰਾਏ ਜੌਹਰੀ ਨਾਂ ਦੇ ਸੱਜਣ ਗੁਰੂ ਜੀ ਤੋਂ ਬਹੁਤ ਪ੍ਰਭਾਵਿਤ ਹੋਏ। ਜੌਹਰੀ ਦਾ ਪਿਆਰ ਹੀ ਸੀ ਜੋ ਗੁਰੂ ਨਾਨਕ ਦੇਵ ਜੀ ਨੂੰ ਖਿੱਚ ਕੇ ਆਪਣੇ ਘਰ ਲੈ ਗਿਆ ਅਤੇ ਉਹ 4 ਮਹੀਨੇ ਉਨ੍ਹਾਂ ਦੇ ਘਰ ਰਹੇ। ਸਵੇਰੇ-ਸ਼ਾਮ ਇਸੇ ਤਰ੍ਹਾਂ ਕੀਰਤਨ ਦੀ ਛਹਿਬਰ ਲੱਗਦੀ ਰਹੀ। ਜਦੋਂ ਗੁਰੂ ਨਾਨਕ ਦੇਵ ਜੀ ਉਥੋਂ ਵਾਪਸ ਆਉਣ ਲੱਗੇ ਤਾਂ ਸਾਰੀ ਸੰਗਤ ਬੜੀ ਭਾਵੁਕ ਹੋ ਗਈ। ਉਨ੍ਹਾਂ ਗੁਰੂ ਸਾਹਿਬ ਜੀ ਨੂੰ ਕਿਹਾ ਕਿ ਸਾਨੂੰ ਕਿਸ ਦੇ ਲੜ ਲਾ ਚੱਲੇ ਹੋ? ਗੁਰੂ ਸਾਹਿਬ ਨੇ ਕਿਹਾ ਕਿ ਕੀਰਤਨ ਨਾਲ ਜੁੜੋ ਅਤੇ ਉਦੋਂ ਹੀ ਗੁਰੂ ਜੀ ਨੇ ਸਾਲਸ ਰਾਏ ਜੌਹਰੀ ਦੇ ਇਕ ਭਰੋਸੇਯੋਗ ਵਿਅਕਤੀ ਅਧਰਾਕਾ ਨੂੰ ਗੁਰੂ ਨਾਨਕ ਮਿਸ਼ਨ ਚਲਾਉਣ ਲਈ ਜ਼ਿੰਮੇਵਾਰੀ ਦੇ ਦਿੱਤੀ। ਸਮਾਂ ਬੜਾ ਬਲਵਾਨ ਹੈ। ਜਿਥੇ 9ਵੇਂ ਗੁਰੂ, ਗੁਰੂ ਤੇਗ ਬਹਾਦਰ ਜੀ ਨੇ 17ਵੀਂ ਸਦੀ ਵਿਚ ਜਾਣਾ ਸੀ, ਉਨ੍ਹਾਂ ਲਈ ਪਹਿਲਾਂ ਹੀ ਉਥੇ ਉਨ੍ਹਾਂ ਦੇ ਸੇਵਕ ਮੌਜੂਦ ਸਨ। 1666 ਈ. ਦੇ ਆਰੰਭ ਵਿਚ ਗੁਰੂ ਤੇਗ ਬਹਾਦਰ ਸਾਹਿਬ ਆਪਣੇ ਪਰਿਵਾਰ ਸਮੇਤ ਜਦੋਂ ਪੂਰਬ ਦੀ ਯਾਤਰਾ ‘ਤੇ ਸਨ ਤਾਂ ਉਹ ਪਟਨਾ ਪਹੁੰਚੇ। ਇਤਫਾਕ ਦੀ ਗੱਲ ਹੈ ਕਿ ਉਹ ਉਸੇ ਜੈਤਾ ਮੱਲ ਦੇ ਘਰ ਠਹਿਰੇ, ਜਿਥੇ 16ਵੀਂ ਸਦੀ ਵਿਚ ਗੁਰੂ ਨਾਨਕ ਦੇਵ ਜੀ ਨੇ ਕੇਂਦਰ ਬਣਾਇਆ ਸੀ। ਸਾਲਸ ਰਾਏ ਜੌਹਰੀ ਦੀ ਚੌਥੀ ਪੀੜ੍ਹੀ ਵਿਚੋਂ ਘਣਸ਼ਿਆਮ ਨਾਂ ਦਾ ਸੱਜਣ ਜੋ ਕਿ ਅਧਰਾਕਾ ਦਾ ਪੋਤਰਾ ਸੀ, ਉਸ ਵੇਲੇ ਗੁਰੂ ਨਾਨਕ ਮਿਸ਼ਨ ਦਾ ਇੰਚਾਰਜ ਸੀ। ਗੁਰੂ ਨਾਨਕ ਦੇਵ ਜੀ ਦੀ ਗੱਦੀ ਦੇ ਵਾਰਿਸ ਗੁਰੂ ਤੇਗ ਬਹਾਦਰ ਕੋਲੋਂ ਆਸ਼ੀਰਵਾਦ ਲੈਣ ਲਈ ਸਭ ਤੋਂ ਜ਼ਿਆਦਾ ਕਾਹਲਾ ਵਿਅਕਤੀ ਘਣਸ਼ਿਆਮ ਹੀ ਸੀ। ਉਹ ਜੈਤਾ ਮੱਲ ਦੇ ਘਰ ਪਹੁੰਚਿਆ। ਉਸ ਨੇ ਸੰਗਤ ਇਕੱਠੀ ਕੀਤੀ ਅਤੇ ਗੁਰੂ ਤੇਗ ਬਹਾਦਰ ਜੀ ਦੇ ਪਰਿਵਾਰ ਨੂੰ ਇਕ ਜਲੂਸ ਦੀ ਸ਼ਕਲ ਵਿਚ ਜੈਤਾ ਮੱਲ ਦੇ ਘਰ ਤੋਂ ਸਾਲਸ ਰਾਏ ਜੌਹਰੀ ਦੇ ਘਰ ਲੈ ਕੇ ਆਇਆ। ਇਤਿਹਾਸ ਦੱਸਦਾ ਹੈ ਕਿ ਇਹੀ ਘਰ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਅਸਥਾਨ ਬਣਿਆ ਜਿਸ ਨੂੰ ਹੁਣ ਤਖਤ ਸ੍ਰੀ ਹਰਿਮੰਦਰ ਸਾਹਿਬ ਪਟਨਾ ਸਾਹਿਬ ਕਿਹਾ ਜਾਂਦਾ ਹੈ।
ਗੁਰੂ ਗੋਬਿੰਦ ਸਿੰਘ ਜੀ ਦਾ ਜਨਮઠ
ਜਦੋਂ ਗੁਰੂ ਗੋਬਿੰਦ ਸਿੰਘ ਜੀ ਮਾਤਾ ਗੁਜਰੀ ਦੀ ਕੁੱਖ ਵਿਚ ਆਏ ਤਾਂ ਉਦੋਂ ਉਨ੍ਹਾਂ ਦੇ ਪਿਤਾ ਗੁਰੂ ਤੇਗ ਬਹਾਦਰ ਜੀ ਪਟਨਾ ਨੂੰ ਛੱਡ ਕੇ ਅਸਾਮ, ਬੰਗਾਲ ਦੀ ਯਾਤਰਾ ‘ਤੇ ਚਲੇ ਗਏ। ਉਨ੍ਹਾਂ ਨੂੰ ਉਥੇ ਹੀ ਉਨ੍ਹਾਂ ਦੇ ਪੁੱਤਰ ਦੇ ਜਨਮ ਦੀ ਖਬਰ ਮਿਲੀ। ਉਦੋਂ ਉਹ ਅਸਾਮ ਦੇ ਧੁੱਬੜੀ ਅਸਥਾਨ ਵਿਖੇ ਠਹਿਰੇ ਹੋਏ ਸਨ। ਉਥੇ ਉਨ੍ਹਾਂ ਦੀ ਸੰਗਤ ਵਿਚ ਸ਼ਾਮਿਲ ਇਕ ਮੁਸਲਿਮ ਪੀਰ ਬਿਹਾਰ ਸ਼ਾਹ ਨੂੰ ਜਦੋਂ ਉਨ੍ਹਾਂ ਦੇ ਸਪੁੱਤਰ ਦੇ ਜਨਮ ਦੀ ਖਬਰ ਮਿਲੀ ਤਾਂ ਉਸ ਨੇ ਆਪਣਾ ਸੀਸ ਪੂਰਬ ਵੱਲ ਝੁਕਾਇਆ।ઠਉਸ ਦੇ ਮੁਸਲਿਮ ઠਸਾਥੀਆਂ ਨੇ ਇਸ ਦੀ ਵਿਰੋਧਤਾ ਕੀਤੀ ਅਤੇ ਪੀਰ ਨੂੰ ਕਿਹਾ ਕਿ ਤੁਹਾਨੂੰ ਤਾਂ ਕਾਅਬੇ ਵੱਲ ਆਪਣਾ ਸੀਸ ਝੁਕਾਉਣਾ ਚਾਹੀਦਾ ਹੈ। ਤੁਸੀਂ ਪੂਰਬ ਵਾਲੇ ਪਾਸੇ ਕਿਉਂ ਝੁਕਾ ਰਹੇ ਹੋ। ਪੀਰ ਨੇ ਕਿਹਾ ਕਿ ਇਕ ਅਜਿਹੇ ਸ਼ਹਿਨਸ਼ਾਹ ਨੇ ਜਨਮ ਲਿਆ ਹੈ ਜੋ ਇਸ ਸੰਸਾਰ ਨੂੰ ਇਕ ਲੜੀ ਵਿਚ ਪਿਰੋਣਾ ਚਾਹੁੰਦਾ ਹੈ। ਪੀਰ ਬਿਹਾਰ ਸ਼ਾਹ ਬਾਲ ਗੋਬਿੰਦ ਰਾਏ ਨੂੰ ਦੇਖਣ ਲਈ ਇੰਨਾ ਉਤਸ਼ਾਹਿਤ ਸੀ ਕਿ ਉਹ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਹਿਣ ਲੱਗਾ ਕਿ ਮੈਂ ਤੁਹਾਡੇ ਪੁੱਤਰ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ। ਫਿਰ ਕੁਝ ਦਿਨਾਂ ਪਿੱਛੋਂ ਪੀਰ ਬਿਹਾਰ ਸ਼ਾਹ ਪੈਦਲ ਤੁਰ ਕੇ ਇਸ ਬਾਲ ਅਵਤਾਰ ਦਾ ਆਸ਼ੀਰਵਾਦ ਲੈਣ ਲਈ ਪਟਨਾ ਪਹੁੰਚ ਗਿਆ।ઠਪਟਨਾ ਪਹੁੰਚਿਆ ਤਾਂ ਹੁਣ ਉਸ ਨੂੰ ਬਾਲ ਗੋਬਿੰਦ ਰਾਏ ਦੇ ਦਰਸ਼ਨ ਕਰਨ ਦੀ ਆਗਿਆ ਨਾ ਮਿਲੀ ਪਰ ਉਹ ਸਬਰ ਨਾਲ ਬੈਠਾ ਰਿਹਾ। ਦੋ ਦਿਨ ਭੁੱਖੇ ਰਹਿਣ ਪਿੱਛੋਂ ਪੀਰ ਬਿਹਾਰ ਸ਼ਾਹ ਨੂੰ ਬੱਚੇ ਨੂੰ ਦੇਖਣ ਦੀ ਆਗਿਆ ਮਿਲੀ। ਪੀਰ ਬਿਹਾਰ ਸ਼ਾਹ ਇਸ ਦੁਚਿੱਤੀ ਵਿਚ ਸੀ ਕਿ ਉਹ ਇਸ ਨਵੇਂ ਜਨਮੇ ਬੱਚੇ ਨੂੰ ਇਸ ਲਈ ਵੀ ਦੇਖਣਾ ਚਾਹੁੰਦਾ ਸੀ ਕਿ ਕੀ ਇਹ ਬੱਚਾ ਹਿੰਦੂਆਂ ਦਾ ਅਵਤਾਰ ਹੋਵੇਗਾ ਜਾਂ ਮੁਸਲਮਾਨਾਂ ਦਾ। ਪੀਰ ਜਦੋਂ ਬੱਚੇ ਦੇ ਸਾਹਮਣੇ ਪਹੁੰਚਿਆ ਤਾਂ ਉਹ ਉਸ ਦੇ ਚਿਹਰੇ ਦਾ ਨੂਰ ਦੇਖ ਕੇ ਗਦਗਦ ਹੋ ਉੱਠਿਆ। ਉਹ ਆਪਣੇ ਹੱਥ ਵਿਚ ਮਠਿਆਈ ਨਾਲ ਭਰੇ ਹੋਏ ਦੋ ਭਾਂਡੇ ਲੈ ਗਿਆ। ਇਹ ਭਾਂਡੇ ਉਸ ਨੇ ਬਾਲ ਗੋਬਿੰਦ ਰਾਏ ਦੇ ਅੱਗੇ ਕੀਤੇ। ਪੀਰ ਬਿਹਾਰ ਸ਼ਾਹ ਨੇ ਸੋਚਿਆ ਸੀ ਕਿ ਜੇ ਤਾਂ ਬੱਚੇ ਨੇ ਸੱਜੇ ਭਾਂਡੇ ‘ਤੇ ਹੱਥ ਰੱਖਿਆ ਤਾਂ ਉਹ ਹਿੰਦੂਆਂ ਦਾ ਅਵਤਾਰ ਹੋਵੇਗਾ। ਜੇ ਖੱਬੇ ਭਾਂਡੇ ‘ਤੇ ਹੱਥ ਰੱਖਿਆ ਤਾਂ ਉਹ ਮੁਸਲਮਾਨਾਂ ਦਾ ਪਰ ਪੀਰ ਬਿਹਾਰ ਸ਼ਾਹ ਇਹ ਦੇਖ ਕੇ ਹੈਰਾਨ ਰਹਿ ਗਿਆ ਕਿ ਬਾਲ ਗੋਬਿੰਦ ਰਾਏ ਨੇ ਆਪਣੇ ਦੋਵੇਂ ਹੱਥ ਦੋਵਾਂ ਭਾਂਡਿਆਂ ‘ਤੇ ਰੱਖ ਦਿੱਤੇ, ਜਿਸ ਦਾ ਮਤਲਬ ਸੀ ਕਿ ਉਹ ਦੋਵਾਂ ਦੀ ਰੱਖਿਆ ਕਰੇਗਾ।
ਕੁਲ ਪੰਜ ਤਖਤ
ਸਿੱਖ ਇਤਿਹਾਸ ਵਿਚ ਪੰਜ ਤਖਤ ਹਨ। ਸਭ ਤੋਂ ਪਹਿਲਾ ਤਖਤ ਅੰਮ੍ਰਿਤਸਰ ਵਿਖੇ ਸ੍ਰੀ ਅਕਾਲ ਤਖਤ ਸਾਹਿਬ ਹੈ। ਦੂਜੇ ਤਖਤ ਦਾ ਦਰਜਾ ਸ੍ਰੀ ਹਰਿਮੰਦਰ ਸਾਹਿਬ ਪਟਨਾ ਸਾਹਿਬ ਨੂੰ ਪ੍ਰਾਪਤ ਹੈ। ਤੀਸਰਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਹੈ, ਚੌਥਾ ਹਜ਼ੂਰ ਸਾਹਿਬ, ਨੰਦੇੜ ਅਤੇ ਪੰਜਵਾਂ ਤਖਤ ਦਮਦਮਾ ਸਾਹਿਬ ਤਲਵੰਡੀ ਸਾਬੋ ਕੀ ਹੈ।
ਪੰਡਿਤ ਸ਼ਿਵਦੱਤ ਵੀ ਪ੍ਰਭਾਵਿਤ
ਪਟਨਾ ਦੀ ਸੰਗਤ ਵਿਚ ਇਕ ਪੰਡਿਤ ਸ਼ਿਵਦੱਤ ਵੀ ਸ਼ਾਮਿਲ ਸਨ। ਜਦੋਂ ਉਨ੍ਹਾਂ ਨੇ ਬਾਲ ਗੋਬਿੰਦ ਰਾਏ ਦਾ ਮਾਸੂਮ ਚਿਹਰਾ ਅਤੇ ਉਨ੍ਹਾਂ ਦੀ ਅਦੁੱਤੀ ਸ਼ਖ਼ਸੀਅਤ ਦੇਖੀ ਤਾਂ ਬੜੇ ਪ੍ਰਭਾਵਿਤ ਹੋਏ। ਉਹ ਇਕ ਟਕ ਉਨ੍ਹਾਂ ਦੇ ਚਿਹਰੇ ਵੱਲ ਦੇਖਦੇ ਰਹੇ। ਉਨ੍ਹਾਂ ਨੂੰ ਲੱਗਿਆ ਕਿ ਜਿਸ ਦੀ ਉਹ ਹੁਣ ਤਕ ਅਰਾਧਨਾ ਕਰਦੇ ਰਹੇ ਹਨ, ਉਹੀ ਸ਼ਖ਼ਸੀਅਤ ਅੱਜ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਪ੍ਰਤੱਖ ਆ ਖੜ੍ਹੀ ਹੋਈ। ਪੰਡਿਤ ਸ਼ਿਵਦੱਤ ਸ਼ੁਰੂ ਤੋਂ ਹੀ ਮੂਰਤੀ ਦੀ ਪੂਜਾ ਕਰਦੇ ਆਏ ਸਨ। ਉਸ ਨੂੰ ਹੀ ਭਗਵਾਨ ਸਮਝਦੇ ਸਨ ਪਰ ਉਨ੍ਹਾਂ ਕਦੇ ਸੋਚਿਆ ਨਹੀਂ ਸੀ ਕਿ ਭਗਵਾਨ ਦੀ ਮੂਰਤ ਸਾਖਸ਼ਾਤ ਉਨ੍ਹਾਂ ਦੇ ਸਾਹਮਣੇ ਆ ਜਾਵੇਗੀ। ਇਸ ਪਿੱਛੋਂ ਪੰਡਿਤ ਸ਼ਿਵਦੱਤ ਨੇ ਮੂਰਤੀਆਂ ਦੀ ਪੂਜਾ ਨਹੀਂ ਕੀਤੀ।
Home / Special Story / ਦਸਮੇਸ਼ ਪਿਤਾ ਦੀ ਜਨਮ ਭੂਮੀ ਪਟਨਾ ਸਾਹਿਬ ਨੂੰ ਤਿੰਨ ਗੁਰੂ ਸਾਹਿਬਾਨਾਂ ਦੀ ਚਰਨ ਛੋਹ ਹੈ ਪ੍ਰਾਪਤ
Check Also
ਲੋਕ ਸਭਾ ਚੋਣਾਂ ‘ਚ ਭਾਜਪਾ ਨੂੰ ਨਹੀਂ ਮਿਲਿਆ ਬਹੁਮਤ
ਭਾਜਪਾ ਨੂੰ ਸਿਰਫ਼ 241 ਸੀਟਾਂ ਨਾਲ ਕਰਨਾ ਪਿਆ ਸਬਰ ਚੋਣ ਨਤੀਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ …