
‘ਆਪ’ ਵੱਲੋਂ ਮੁਹਾਲੀ ਵਿੱਚ ਧਰਨਾ
ਮੁਹਾਲੀ/ਬਿਊਰੋ ਨਿਊਜ਼
ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵੱਲੋਂ ਇੱਕ ਨਿੱਜੀ ਚੈਨਲ ਨੂੰ ਦਿੱਤੀ ਇੰਟਰਵਿਊ ਦੌਰਾਨ ਪੰਜਾਬ ਵਿਚ 50 ਬੰਬ ਆਉਣ ਦਾ ਦਾਅਵਾ ਕੀਤਾ ਗਿਆ ਸੀ। ਉਨ੍ਹਾਂ ਕਿਹਾ ਸੀ ਕਿ ਇਨ੍ਹਾਂ ਵਿਚੋਂ 18 ਬੰਬ ਚੱਲ ਚੁੱਕੇ ਹਨ ਅਤੇ 32 ਅਜੇ ਤੱਕ ਚਲਣੇ ਬਾਕੀ ਹਨ। ਇਸ ਨੂੰ ਲੈ ਕੇ ਕਾਂਗਰਸੀ ਅਤੇ ‘ਆਪ’ ਵਲੰਟੀਅਰ ਆਹਮੋ ਸਾਹਮਣੇ ਆ ਗਏ ਹਨ। ਇਸੇ ਦੌਰਾਨ ਕਾਂਗਰਸ ਵੱਲੋਂ ਜਿੱਥੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਉੱਥੇ ਮੁਹਾਲੀ ਵਿੱਚ ਆਮ ਆਦਮੀ ਪਾਰਟੀ ਦੇ ਵਲੰਟੀਅਰ ਵੀ ਕਾਂਗਰਸ ਖਿਲਾਫ ਸੜਕਾਂ ’ਤੇ ਉਤਰ ਆਏ ਹਨ। ਇਸ ਨੂੰ ਲੈ ਕੇ ਮੁਹਾਲੀ ਵਿੱਚ ‘ਆਪ’ ਵੱਲੋਂ ਕਾਂਗਰਸ ਖਿਲਾਫ ਧਰਨਾ ਦਿੱਤਾ ਗਿਆ। ਇਸ ਧਰਨੇ ਵਿਚ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ, ਸਿਹਤ ਮੰਤਰੀ ਡਾ. ਬਲਬੀਰ ਸਿੰਘ, ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਸਣੇ ਵੱਡੀ ਗਿਣਤੀ ਵਿੱਚ ‘ਆਪ’ ਵਲੰਟੀਅਰ ਪਹੁੰਚੇ। ਇਸ ਮੌਕੇ ਅਮਨ ਅਰੋੜਾ ਨੇ ਕਿਹਾ ਕਿ ਬਾਜਵਾ ਹੁਣ ਇਸ ਗੱਲ ਨੂੰ ਜਾਂ ਤਾਂ ਕਿਸੇ ਤਣ ਪਤਣ ਲਾਉਣ ਜਾਂ ਜਨਤਕ ਤੌਰ ’ਤੇ ਮੁਆਫੀ ਮੰਗਣ ਕਿ ਉਨ੍ਹਾਂ ਕੋਲੋਂ ਜਲਦਬਾਜ਼ੀ ਵਿੱਚ ਗਲਤੀ ਹੋ ਗਈ ਹੈ।