ਕਿਹਾ – ਕਿਸਾਨਾਂ ਨੂੰ ਆਰਥਿਕ ਮੰਦੀ ‘ਚੋਂ ਬਾਹਰ ਲਿਆਉਣ ‘ਚ ਮਿਲੇਗੀ ਮੱਦਦ
ਚੰਡੀਗੜ੍ਹ/ਬਿਊਰੋ ਨਿਊਜ਼ : ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਪੰਜਾਬ ਵਿੱਚ ਖਸਖਸ ਦੀ ਖੇਤੀ ਸਬੰਧੀ ਵਿਧਾਨ ਸਭਾ ਵਿੱਚ ਪ੍ਰਾਈਵੇਟ ਮੈਂਬਰ ਰਾਹੀਂ ਬਿੱਲ ਲਿਆਉਣ ਦੀ ਮੰਗ ਸਬੰਧੀ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਇਸ ਸਬੰਧੀ ਮੰਗ ਪੱਤਰ ਸੌਂਪਿਆ। ਮੀਡੀਆ ਨਾਲ ਗੱਲਬਾਤ ਕਰਦਿਆਂ ਵਿਧਾਇਕ ਬੈਂਸ ਨੇ ਦੱਸਿਆ ਕਿ ਮੰਗ ਪੱਤਰ ਵਿੱਚ ਕਿਹਾ ਗਿਆ ਹੈ ਕਿ ਖਸਖਸ ਦੀ ਖੇਤੀ ਨੂੰ ਪ੍ਰਾਈਵੇਟ ਮੈਂਬਰ ਬਿੱਲ ਰਾਹੀਂ ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਕਰਨ ਦੀ ਤਜਵੀਜ਼ ਹੈ। ਇਸ ਦੀ ਖੇਤੀ ਨੂੰ ਪੰਜਾਬ ਵਿੱਚ ਇਜਾਜ਼ਤ ਮਿਲਣ ਨਾਲ ਛੋਟੇ ਕਿਸਾਨਾਂ ਨੂੰ ਆਰਥਿਕ ਮੰਦੀ ਤੋਂ ਬਾਹਰ ਕੱਢਣ ਅਤੇ ਕਰਜ਼ਾ ਮੁਕਤ ਕਰਨ ਵਿੱਚ ਮਦਦ ਮਿਲੇਗੀ। ਖਸਖਸ ਦੀ ਖੇਤੀ ਨਾਲ ਪੰਜਾਬ ਵਿੱਚ ਖੇਤੀ ਵਿਭਿੰਨਤਾ ਨੂੰ ਵੀ ਉਤਸ਼ਾਹ ਮਿਲੇਗਾ ਅਤੇ ਧਰਤੀ ਹੇਠਲਾ ਪਾਣੀ ਬਚਾਉਣ ਵਿੱਚ ਵੀ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਇਸ ਖੇਤੀ ਨਾਲ ਪੰਜਾਬ ਵਿੱਚ ਨਸ਼ੇ ਦੀ ਮਾਰ ਅਤੇ ਡਰੱਗ ਮਾਫ਼ੀਆ ਦੇ ਨਸ਼ੇ ਦੇ ਕਾਰੋਬਾਰ ਨੂੰ ਰੋਕਣ ਅਤੇ ਮਾਫ਼ੀਆ ਦੇ ਕੰਟਰੋਲ ਨੂੰ ਤੋੜਨ ਦੇ ਹੱਲ ਦਾ ਰਸਤਾ ਵੀ ਨਿਕਲਦਾ ਹੈ। ਬੈਂਸ ਨੇ ਕਿਹਾ ਕਿ ਖਸਖਸ ਦੀ ਖੇਤੀ ਨੂੰ ਸਰਕਾਰੀ ਕੰਟਰੋਲ ਨਾਲ ਹੀ ਬੀਜਣ ਅਤੇ ਖਰੀਦਣ ਦੀ ਤਜਵੀਜ਼ ਬਣਾਈ ਜਾਵੇ। ਇਸ ਨਾਲ ਇੱਕ ਏਕੜ ਪ੍ਰਤੀ ਕਿਸਾਨ ਨੂੰ ਇਜ਼ਾਜਤ ਦੇਣ ਨਾਲ 5 ਲੱਖ ਰੁਪਏ ਦੀ ਸਲਾਨਾ ਆਮਦਨ ਹੋ ਸਕਦੀ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਮਹੱਤਵਪੂਰਨ ਵਿਸ਼ੇ ਦੀ ਗੰਭੀਰਤਾ ਨੂੰ ਸਮਝਦਿਆਂ ਖਸਖਸ ਦੀ ਖੇਤੀ ਸਬੰਧੀ ਆਉਂਦੇ ਵਿਧਾਨ ਸਭਾ ਸੈਸ਼ਨ ਦੌਰਾਨ ਪ੍ਰਾਈਵੇਟ ਮੈਂਬਰ ਬਿੱਲ ਲਿਆਉਣ ਦੀ ਇਜਾਜ਼ਤ ਦਿੱਤੀ ਜਾਵੇ। ਇਸ ਮੌਕੇ ਜਥੇਦਾਰ ਬਲਵਿੰਦਰ ਸਿੰਘ ਬੈਂਸ, ਰਣਬੀਰ ਸਿੰਘ ਸਿਵੀਆ, ਜਸਵਿੰਦਰ ਸਿੰਘ ਖਾਲਸਾ, ਜਰਨੈਲ ਸਿੰਘ ਨੰਗਲ, ਚਰਨਜੀਤ ਸਿੰਘ ਭਿੰਡਰ, ਗੁਰਚਰਨ ਸਿੰਘ ਸੰਘਾ ਆਦਿ ਮੌਜੂਦ ਸਨ।