Breaking News
Home / ਕੈਨੇਡਾ / ‘ਸਕੋਸ਼ੀਆਬੈਂਕ ਟੋਰਾਂਟੋ ਵਾਟਰ ਫ਼ਰੰਟ ਮੈਰਾਥਨ’ ਵਿਚ 30,000 ਤੋਂ ਵਧੇਰੇ ਲੋਕ ਹੋਏ ਸ਼ਾਮਲ

‘ਸਕੋਸ਼ੀਆਬੈਂਕ ਟੋਰਾਂਟੋ ਵਾਟਰ ਫ਼ਰੰਟ ਮੈਰਾਥਨ’ ਵਿਚ 30,000 ਤੋਂ ਵਧੇਰੇ ਲੋਕ ਹੋਏ ਸ਼ਾਮਲ

ਟੋਰਾਂਟੋ/ਡਾ. ਸੁਖਦੇਵ ਸਿੰਘ ਝੰਡ : ਲੰਘੇ ਐਤਵਾਰ 22 ਅਕਤੂਬਰ ਨੂੰ ‘ਸਕੋਸ਼ੀਆਬੈਂਕ ਟੋਰਾਂਟੋ ਵਾਟਰ ਫ਼ਰੰਟ ਮੈਰਾਥਨ’ ਦੌੜ ਟੋਰਾਂਟੋ ਡਾਊਨ ਟਾਊਨ ਵਿਚ ਕਰਵਾਈ ਗਈ ਜਿਸ ਵਿਚ ਇਸ ਦੌੜ ਦੇ ਆਯੋਜਕਾਂ ਅਨੁਸਾਰ 30,000 ਤੋਂ ਵਧੀਕ ਗਿਣਤੀ ਵਿਚ ਦੌੜਾਕਾਂ ਨੇ ਬੜੇ ਜੋਸ਼ ਤੇ ਉਤਸ਼ਾਹ ਨਾਲ ਭਾਗ ਲਿਆ। ‘ਫੁੱਲ ਅਤੇ ‘ਹਾਫ਼ ਮੈਰਾਥਨ’ ਦੌੜਾਂ ਦੋਵੇਂ ਇਕੱਠੀਆਂ ਹੀ ਯੂਨੀਵਰਸਿਟੀ ਐਵੀਨਿਊ ਤੇ ਕੁਈਨਜ਼ ਸਟਰੀਟ ਨੌਰਥ ਤੋਂ ਸਵੇਰੇ 8.45 ਵਜੇ ਸ਼ੁਰੂ ਕਰਵਾਈਆਂ ਗਈਆਂ ਅਤੇ ਇਨਾਂ ਦੋਹਾਂ ਦਾ ‘ਫ਼ਿਨਿਸ਼-ਪੁਆਇੰਟ’ ਟੋਰਾਂਟੋ ਸਿਟੀ ਹਾਲ ਦੇ ਸਾਹਮਣੇ ‘ਨੇਥਨ ਫ਼ਿਲਿਪਰ ਸੁਕੇਅਰ’ ਵਿਚ ਸੀ। ਇਸ ਤੋਂ ਇਲਾਵਾ ਸਵੇਰੇ 8.00 ਵਜੇ 5 ਕਿਲੋਮੀਟਰ ਦੌੜ/ਵਾਕ ਓਨਟਾਰੀਓ ਪਲੇਸ ਤੋਂ ਸ਼ੁਰੂ ਹੋਈ ਜਿਸ ਦੀ ਸਮਾਪਤੀ ਏਸੇ ਹੀ ‘ਫ਼ਿਨਿਸ਼-ਪੁਆਇੰਟ’ ‘ਤੇ ਹੋਈ।
ਨਿਯਮਤ ਪ੍ਰੋਗਰਾਮ ਅਨੁਸਾਰ ਪਹਿਲਾਂ 42 ਕਿਲੋਮੀਟਰ ‘ਫੁੱਲ ਮੈਰਾਥਨ’ ਵਾਲਿਆਂ ਨੂੰ ਝੰਡੀ ਦਿੱਤੀ ਗਈ ਅਤੇ ਇਸ ਤੋਂ ਕਝੁ ਮਿੰਟਾਂ ਬਾਅਦ 21 ਕਿਲੋ ਮੀਟਰ ‘ਹਾਫ਼-ਮੈਰਾਥਨ’ ਦੌੜਨ ਵਾਲੇ ਜਿਨ੍ਹਾਂ ਦੀ ਗਿਣਤੀ ਵਧੇਰੇ ਸੀ, ਵੱਖ-ਵੱਖ ਹਰੇ, ਪੀਲੇ ਤੇ ਲਾਲ ਰੰਗ ਦੇ ਚੈੱਸਟ ਨੰਬਰਾਂ ਵਾਲੇ ਬੈਜਾਂ ਨਾਲ ‘ਸਟਾਰਟ-ਲਾਈਨ’ ਉੱਪਰ ਆਏ। ਦੋਹਾਂ ਦੌੜਾਂ ਦਾ ਕੁਝ ਰੂਟ ਸਾਂਝਾ ਸੀ ਅਤੇ ਬਾਕੀ ਦਾ ਵੱਖੋ-ਵੱਖਰਾ ਸੀ। ਹੈਰਾਨੀ ਵਾਲੀ ਗੱਲ ਇਹ ਸੀ ਕਿ ਪੌਣੇ ਕੁ ਦੋ ਘੰਟਿਆਂ ਬਾਅਦ ਜਦੋਂ 21 ਕਿਲੋਮੀਟਰ ਵਾਲੇ ਦੌੜਾਕ ‘ਫ਼ਿਨਿਸ਼-ਪੁਆਇੰਟ’ ‘ਤੇ ਪਹੁੰਚਣੇ ਸ਼ੁਰੂ ਹੋਏ ਤਾਂ ਇਸ ਦੇ ਨਾਲ ਹੀ 42 ਕਿਲੋਮੀਟਰ ਫੁੱਲ ਮੈਰਾਥਨ ਤੇਜ਼ ਦੌੜਾਕ ਵੀ ਆਉਣੇ ਸ਼ੁਰੂ ਹੋ ਗਏ ਜਿਨ੍ਹਾਂ ਵਿਚ ਕੀਨੀਆ ਦੇ ਸਾਬਕਾ-ਚੈਂਪੀਅਨ ਫਿਲੇਮਨ ਰੋਨੋ, ਡਿਕਸਨ ਚੁੰਬਾ ਤੇ ਸੋਲੋਮਨ ਡੈਕਸਿਸਾ ਸ਼ਾਮਲ ਸਨ ਜਿਨ੍ਹਾਂ ਨੇ ਇਹ ਦੌੜ ਕ੍ਰਮਵਾਰ 2 ਘੰਟੇ 6 ਮਿੰਟ 51 ਸਕਿੰਟ, 2 ਘੰਟੇ 9 ਮਿੰਟ 11 ਸਕਿੰਟ ਅਤੇ 2 ਘੰਟੇ 11 ਮਿੰਟ 24 ਸਕਿੰਟਾਂ ਵਿਚ ਪੂਰੀ ਕੀਤੀ। ਉਨ੍ਹਾਂ ਦਾ ਸਟੇਜ ਤੋਂ ਸਪੈਸ਼ਲ ਮੈਡਲਾਂ ਤੋਂ ਇਲਾਵਾ ਭਾਰੀ ਨਕਦ ਇਨਾਮਾਂ ਨਾਲ ਮਾਣ-ਸਤਿਕਾਰ ਕੀਤਾ ਗਿਆ, ਜਦ ਕਿ ਦੋਹਾਂ ਦੌੜਾਂ ਵਿਚ ਭਾਗ ਲੈਣ ਵਾਲਿਆਂ ਨੂੰ ਉਨ੍ਹਾਂ ਦੇ ਗਲਾਂ ਵਿਚ ਮੈਡਲ ਪਾ ਕੇ ਸਨਮਾਨਿਤ ਕੀਤਾ ਗਿਆ।
ਪਿਛਲੇ ਕਈ ਸਾਲਾਂ ਵਾਂਗ ਇਸ ਵਾਰ ਵੀ ‘ਟੋਰਾਂਟੋ ਪੀਅਰਸਨ ਏਅਰਪੋਰਟ ਸਪੋਰਟਸ ਰੱਨਰਜ਼ ਕਲੱਬ’ ਦੇ 65 ਮੈਂਬਰਾਂ ਨੇ ‘ਹਾਫ਼ ਮੈਰਾਥਨ’ ਵਿਚ ਸਰਗ਼ਰਮੀ ਨਾਲ ਹਿੱਸਾ ਲਿਆ। ਉਹ ਗਰੇਅ ਰੰਗ ਦੀਆਂ ਟੀ-ਸ਼ਰਟਾਂ ਅਤੇ ਕੇਸਰੀ ਦਸਤਾਰਾਂ ਸਜਾ ਕੇ ਸਵੇਰੇ 6.00 ਵਜੇ ਏਅਰਪੋਰਟ ਰੋਡ ਤੇ ਬੋਵੇਰਡ ਡਰਾਈਵ ਦੇ ਇੰਟਰਸੈੱਕਸ਼ਨ ਨੇੜਲੇ ਟਿਮ ਹੌਲਟਨ ਦੇ ਸਾਹਮਣੇ ਪਾਰਕਿੰਗ ਵਿਚ ਪਹੁੰਚ ਗਏ ਜਿੱਥੋਂ ਇਕ ਸਕੂਲ ਬੱਸ ਰਾਹੀਂ ਸਾਢੇ ਕੁ ਸੱਤ ਵਜੇ ਟੋਰਾਂਟੋ ਡਾਊਨ ਟਾਊਨ ਪਹੁੰਚੇ। ਕਲੱਬ ਦੇ ਕੁਝ ਮੈਂਬਰ ਆਪਣੇ ਸਾਧਨਾਂ ਨਾਲ ਵੀ ਸਿੱਧੇ ਡਾਊਨ ਟਾਊਨ ਪਹੁੰਚੇ। ਯੂਨੀਵਰਸਿਟੀ ਐਵੀਨਿਊ ਤੇ ਕੁਈਨਜ਼ ਸਟਰੀਟ ‘ਤੇ ਪੂਰਾ ਮੇਲੇ ਵਾਲਾ ਮਾਹੌਲ ਸੀ। ਇਸ ਮੈਰਾਥਨ ਦੌੜ ਵਿਚ ਹਿੱਸਾ ਲੈਣ ਲਈ ਦੌੜਾਕ ਰੰਗ-ਬਰੰਗੀਆਂ ਟੀ-ਸ਼ਰਟਾਂ ਤੇ ਟੋਪੀਆਂ ਪਾ ਕੇ ਪੂਰੀ ਤਿਆਰੀ ਨਾਲ ਆਏ ਸਨ। ਉਹ ਆਪਣੇ ਦੋਸਤਾਂ-ਮਿੱਤਰਾਂ ਤੇ ਜਾਣ-ਪਛਾਣ ਵਾਲਿਆਂ ਨੂੰ ਗਲੇ ਮਿਲ ਕੇ ਖ਼ੁਸ਼ ਹੋ ਰਹੇ ਸਨ। ਕਲੱਬ ਦੇ ਮੈਂਬਰਾਂ ਦੀਆਂ ਕੇਸਰੀ ਦਸਤਾਰਾਂ ਇਸ ਦੌੜ-ਮੇਲੇ ਵਿਚ ਬਹੁਤ ਸਾਰੇ ਲੋਕਾਂ ਦੀ ਖਿੱਚ ਦਾ ਕਾਰਨ ਬਣੀਆਂ ਹੋਈਆਂ ਸਨ ਅਤੇ ਕਈ ਹੋਰਨਾਂ ਕਮਿਊਨਿਟੀਆਂ ਦੇ ਲੋਕ ਉਨ੍ਹਾਂ ਨਾਲ ਖਲੋ ਕੇ ਯਾਦਗਾਰੀ ਤਸਵੀਰਾਂ ਖਿਚਵਾ ਰਹੇ ਸਨ। ਇਸ ਮੌਕੇ ਕਲੱਬ ਦਾ ਮੈਂਬਰ ਰਾਕੇਸ਼ ਸ਼ਰਮਾ ਕੇਸਰੀ ਦਸਤਾਰ ਵਿਚ ਖ਼ੂਬ ਜੱਚ ਰਿਹਾ ਸੀ ਅਤੇ ਉਹ ਉਨ੍ਹਾਂ ਲੋਕਾਂ ਨੂੰ ਦਸਤਾਰ ਬੰਨ੍ਹਣ ਦਾ ਵਿਸ਼ੇਸ਼ ਸੁਨੇਹਾ ਦਿੰਦਾ ਲੱਗ ਰਿਹਾ ਸੀ ਜਿਹੜੇ ਇੱਥੇ ਕੈਨੇਡਾ ਆ ਕੇ ਦਸਤਾਰ ਬੰਨ੍ਹਣ ਵਿਚ ਝਿਜਕ ਮਹਿਸੂਸ ਕਰਦੇ ਹਨ। ਦੌੜ ਦੀ ਸਮਾਪਤੀ ‘ਤੇ 21 ਕਿਲੋਮੀਟਰ ਦੌੜਨ ਵਾਲੀ ਇਕ ਵਿਦਿਆਰਥਣ ਸੰਦੀਪ ਹਾਂਸ ਨੇ ਕੇਸਰੀ ਦਸਤਾਰਾਂ ਵਾਲਿਆਂ ਦੇ ਗਰੁੱਪ ਨਾਲ ਉਚੇਚੇ ਤੌਰ ‘ਤੇ ਤਸਵੀਰ ਖਿਚਵਾਉਂਦਿਆਂ ਕਿਹਾ ਕਿ ਉਸ ਨੂੰ ਇਹ ਵੇਖ ਕੇ ਬਹੁਤ ਹੀ ਵਧੀਆ ਲੱਗਾ ਹੈ। ਇਹ ਕੇਸਰੀ ਦਸਤਾਰਾਂ ਕਲੱਬ ਵੱਲੋਂ ਅਤੇ ਗਰੇਅ ਟੀ-ਸ਼ਰਟਾਂ ‘ਏਅਰ ਫਲਾਈਟ ਸਰਵਿਸਜ਼’ ਵੱਲੋਂ ਦੂਸਰੀ ਵਾਰ ਸਪਾਂਸਰ ਕੀਤੀਆਂ ਗਈਆਂ ਸਨ ਅਤੇ ਉਨ੍ਹਾਂ ਦਾ ਇਹ ਕਦਮ ਬੜਾ ਸਾਰਥਕ ਤੇ ਉਤਸ਼ਾਹ-ਪੂਰਵਕ ਸੀ।
ਇਸ ਦੌਰਾਨ ਪਤਾ ਲੱਗਾ ਹੈ ਕਿ ਕਲੱਬ ਦੇ ਮੈਂਬਰਾਂ ਵਿੱਚੋਂ ਸਵਰਨ ਸਿੰਘ ਨੇ ਇਹ ‘ਹਾਫ਼ ਮੈਰਾਥਨ’ ਇਕ ਘੰਟਾ 56 ਮਿੰਟਾਂ ਵਿਚ ਪੂਰੀ ਕੀਤੀ, ਜਦ ਕਿ ਰਮੀ ਪੂਨੀਆ ਨੇ ਇਸ ਦੇ ਲਈ 2 ਘੰਟੇ 4 ਮਿੰਟ, ਹਰਬੰਸ ਸਿੰਘ ਬਰਾੜ ਨੇ 2 ਘੰਟੇ 7 ਮਿੰਟ, ਯਾਦਵਿੰਦਰ ਸਿੰਘ ਬਰਾੜ ਨੇ 2 ਘੰਟੇ 10 ਮਿੰਟ, ਹਰਜੀਤ ਸਿੰਘ ਨੇ 2 ਘੰਟੇ 12 ਮਿੰਟ ਤੇ ਜਸਵੀਰ ਸਿੰਘ ਪਾਸੀ ਨੇ 2 ਘੰਟੇ 20 ਮਿੰਟ ਦਾ ਸਮਾਂ ਲਿਆ। ਏਅਰ ਫ਼ਲਾਈਟ ਸਰਵਿਸਿਜ਼ ਦੇ ਪ੍ਰਧਾਨ ਸੱਤਪਾਲ ਤੱਖੜ ਦਾ ਇਹ ਸਮਾਂ 2 ਘੰਟੇ 28 ਮਿੰਟ ਸੀ। ਹੋਰ ਮੈਂਬਰਾਂ ਵਿਚ ਸ਼ਾਮਲ ਬਲਕਾਰ ਸਿੰਘ ਹੇਅਰ ਮਲੂਕ ਸਿੰਘ ਕਾਹਲੋਂ ਤੇ ਕਈ ਹੋਰਨਾਂ ਨੇ ਇਹ ਢਾਈ ਤੋਂ ਤਿੰਨ ਘੰਟਿਆਂ ਵਿਚ ਪੂਰੀ ਕੀਤੀ। ਮਹਿਲਾ ਮੈਂਬਰਾਂ ਪਰਦੀਪ ਕੌਰ ਪਾਸੀ ਤੇ ਨਰਿੰਦਰ ਕੌਰ ਹੇਅਰ ਦਾ ਸਮਾਂ ਕ੍ਰਮਵਾਰ 2 ਘੰਟੇ 28 ਮਿੰਟ ਅਤੇ 3 ਘੰਟੇ 10 ਮਿੰਟ ਸੀ। ਕਲੱਬ ਦੇ ਸੱਭ ਤੋਂ ਵੱਡੀ ਉਮਰ ਦੇ ਮੈਂਬਰ 74 ਸਾਲਾ ਈਸ਼ਰ ਸਿੰਘ ਨੇ ਇਹ ਦੌੜ 3 ਘੰਟੇ 42 ਮਿੰਟਾਂ ਵਿਚ ਪੂਰੀ ਕੀਤੀ।
ਬਲਕਾਰ ਸਿੰਘ ਹੇਅਰ ਨੇ ਕਿਹਾ ਕਿ ਪਿਛਲੇ ਸਾਲ ਇਸ ਦੌੜ ਵਿਚ 30-32 ਦੌੜਾਕ ਦਸਤਾਰਾਂ ਵਾਲੇ ਸਨ ਅਤੇ ਇਸ ਵਾਰ 50 ਤੋਂ ਵਧੀਕ ਤਾਂ ਕੇਸਰੀ ਦਸਤਾਰਾਂ ਵਾਲੇ ਹੀ ਸਨ ਅਤੇ ਕੁਝ ਹੋਰ ਉਨਾਭੀ, ਨੀਲੀਆਂ, ਪੀਲੀਆਂ ਤੇ ਕਾਲੀਆਂ ਵਾਲੇ ਵੀ ਵਿਖਾਈ ਦੇ ਰਹੇ ਸਨ ਜਿਸ ਨੂੰ ਸ਼ੁਭ-ਸ਼ਗਨ ਕਿਹਾ ਜਾ ਸਕਦਾ ਹੈ। ਬਰੈਂਪਟਨ ਨੂੰ ਵਾਪਸੀ ‘ਤੇ ਵਿਚ ਮਨਜੀਤ ਸਿੰਘ ਦੇ ਘਰ ਉਸ ਦੇ ਵੱਲੋਂ ਸਾਰਿਆਂ ਨੂੰ ਸਰਪਰਾਈਜ਼ ਲੰਚ ਦਿੱਤਾ ਗਿਆ ਅਤੇ ਰਾਤ ਨੂੰ ਕਲੱਬ ਦੇ ਮੈਂਬਰਾਂ ਵੱਲੋਂ ਅਤੇ ਕੁਲਦੀਪ ਸਿੰਘ ਗਰੇਵਾਲ ਦੇ ਬੇਟੇ ਦੇ ਵਿਆਹ ਦੀ ਖੁਸ਼ੀ ਨੂੰ ਸਾਂਝਾ ਕਰਦਿਆਂ ਮਿਲ ਕੇ ‘ਤੰਦੂਰੀ ਨਾਈਟਸ’ ਵਿਚ ਡਿਨਰ ਪਾਰਟੀ ਕੀਤੀ ਗਈ। ਕਲੱਬ ਵੱਲੋਂ ਨਵੀਂ ਜੋੜੀ ਰਾਜਬੀਰ ਗਰੇਵਾਲ ਤੇ ਕੁਲਜੀਤ ਗਰੇਵਾਲ ਨੂੰ ਸ਼ਗਨ ਅਤੇ ਇਕ ਸ਼ਾਨਦਾਰ ਯਾਦਗਾਰੀ-ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ।

 

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …