Breaking News
Home / ਪੰਜਾਬ / ਪੰਜਾਬ ‘ਚੋਂ ਅਡਾਨੀ ਗਰੁੱਪ ਦੇ ਪੈਰ ਉੱਖੜਨੇ ਸ਼ੁਰੂ

ਪੰਜਾਬ ‘ਚੋਂ ਅਡਾਨੀ ਗਰੁੱਪ ਦੇ ਪੈਰ ਉੱਖੜਨੇ ਸ਼ੁਰੂ

ਕਿਲ੍ਹਾ ਰਾਏਪੁਰ ਵਿਚ ਪੰਜਾਬ ਕੰਟੇਨਰ ਸਰਵਿਸ ਨੇ ਭਾਰੀ ਮਸ਼ੀਨਰੀ ਦਾ ਇਕਰਾਰ ਰੱਦ ਕੀਤਾ
ਲੁਧਿਆਣਾ/ਬਿਊਰੋ ਨਿਊਜ਼ : ਯੂਪੀ ਦੇ ਮੁਜ਼ੱਫ਼ਰਨਗਰ ਵਿਚ ਹੋਣ ਵਾਲੀ ਕਿਸਾਨ ਮਹਾਪੰਚਾਇਤ ਤੋਂ ਪਹਿਲਾਂ ਕਿਸਾਨ ਅੰਦੋਲਨ ਨੂੰ ਇਕ ਹੋਰ ਸਫ਼ਲਤਾ ਮਿਲੀ ਹੈ। ਪੰਜਾਬ ਕੰਟੇਨਰ ਸਰਵਿਸ ਨੇ ਕਿਲ੍ਹਾ ਰਾਏਪੁਰ ਵਿਚ ਦੇਸ਼ ਦੇ ਵੱਡੇ ਕਾਰਪੋਰੇਟ ਘਰਾਣੇ ਅਡਾਨੀ ਗਰੁੱਪ ਨਾਲ ਭਾਰੀ ਮਸ਼ੀਨਰੀ ਦੀ ਸੇਵਾ ਦਾ ਕਰਾਰ ਖ਼ਤਮ ਕਰ ਦਿੱਤਾ। ਉਨ੍ਹਾਂ ਆਪਣੀ ਮਸ਼ੀਨਰੀ ਵਾਪਸ ਬੁਲਾ ਲਈ ਹੈ। ਕੰਪਨੀ ਦੇ ਮਾਲਕ ਲੁਧਿਆਣਾ ਵਾਸੀ ਮੁਕੇਸ਼ ਖੋਸਲਾ ਨੇ ਅੰਦੋਲਨਕਾਰੀ ਕਿਸਾਨਾਂ ਨੂੰ ਲਿਖਤੀ ਭਰੋਸਾ ਦਿੱਤਾ ਕਿ ਉਸ ਦੀ ਕੰਪਨੀ ਭਵਿੱਖ ਵਿਚ ਕਦੇ ਵੀ ਅਡਾਨੀ ਗਰੁੱਪ ਨਾਲ ਕੋਈ ਵੀ ਵਪਾਰਕ ਸਾਂਝ ਨਹੀਂ ਰੱਖੇਗੀ ਅਤੇ ਅੰਦੋਲਨ ਦੀ ਜਿੱਤ ਤੱਕ ਕਿਸਾਨਾਂ ਦਾ ਸਾਥ ਦੇਵੇਗੀ। ਜਮਹੂਰੀ ਕਿਸਾਨ ਸਭਾ ਦੇ ਆਗੂਆਂ ਜਗਤਾਰ ਸਿੰਘ ਚਕੋਹੀ, ਸੁਰਜੀਤ ਸਿੰਘ ਸੀਲੋਂ, ਗੁਰਉਪਦੇਸ਼ ਸਿੰਘ ਘੁੰਗਰਾਣਾ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਨੇ ਕਿਹਾ ਕਿ ਹੁਣ ਪੰਜਾਬ ਵਿਚ ਕਾਰਪੋਰੇਟਾਂ ਦੇ ਪੈਰ ਉੱਖੜਨੇ ਸ਼ੁਰੂ ਹੋ ਗਏ ਹਨ ਕਿਉਂਕਿ ਪੰਜਾਬ ਦੇ ਵਪਾਰਕ ਅਦਾਰਿਆਂ ਨੇ ਉਨ੍ਹਾਂ ਨਾਲੋਂ ਨਾਤਾ ਤੋੜਨਾ ਸ਼ੁਰੂ ਕਰ ਦਿੱਤਾ ਹੈ।
ਇਸ ਤੋਂ ਪਹਿਲਾਂ ਅਡਾਨੀ ਗਰੁੱਪ ਨੇ 24 ਜੁਲਾਈ ਨੂੰ ਖ਼ੁਸ਼ਕ ਬੰਦਰਗਾਹ ਤੋਂ ਆਪਣੇ ਫੱਟੇ (ਸਾਈਨ ਬੋਰਡ) ਲਾਹ ਲਏ ਸਨ। ਕਿਸਾਨ ਆਗੂਆਂ ਨੇ ਕਿਹਾ ਕਿ ਅਡਾਨੀ ਗਰੁੱਪ ਨਾਲ ਠੇਕੇ ‘ਤੇ ਕੰਮ ਕਰਨ ਵਾਲੀਆਂ ਹੋਰ ਕੰਪਨੀਆਂ ਨੇ ਵੀ ਆਪਣੇ ਹੱਥ ਪਿੱਛੇ ਖਿੱਚਣੇ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਹ ਕਿਸਾਨੀ ਘੋਲ ਦੀ ਜਿੱਤ ਵਿਚ ਇਕ ਮੀਲ ਪੱਥਰ ਸਾਬਤ ਹੋਵੇਗਾ। ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਸਪੱਸ਼ਟ ਕੀਤਾ ਕਿ ਛੋਟੇ ਵਪਾਰਕ ਅਦਾਰਿਆਂ ਨਾਲ ਕੋਈ ਵਿਰੋਧ ਨਹੀਂ ਹੈ ਸਗੋਂ ਕਿਸਾਨਾਂ ਦੀ ਲੜਾਈ ਮੌਜੂਦਾ ਸਰਕਾਰ ਅਤੇ ਕਾਰਪੋਰੇਟ ਘਰਾਣਿਆਂ ਨਾਲ ਹੈ ਜਿਹੜੇ ਦੇਸ਼ ਦੀ ਸੰਪਤੀ ਜਲ, ਜੰਗਲ ਅਤੇ ਜ਼ਮੀਨ ਹੜਪਣਾ ਚਾਹੁੰਦੇ ਹਨ। ਬੀਬੀ ਮਹਿੰਦਰ ਕੌਰ, ਅਮਨਦੀਪ ਕੌਰ ਅਤੇ ਸੁਖਵਿੰਦਰ ਕੌਰ ਦੀ ਅਗਵਾਈ ਹੇਠ ਚੱਲ ਰਹੇ ਧਰਨੇ ਮੌਕੇ ਇਥੇ ਜਦੋਂ ਕੰਪਨੀ ਦੇ ਅਪਰੇਟਰਾਂ ਨੇ ਆਪਣੀ ਮਸ਼ੀਨਰੀ ਬਾਹਰ ਕੱਢੀ ਤਾਂ ਅੰਦੋਲਨਕਾਰੀਆਂ ਨੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਜਮਹੂਰੀ ਕਿਸਾਨ ਸਭਾ ਪੰਜਾਬ ਦੇ ਆਗੂ ਅਮਰੀਕ ਸਿੰਘ ਜੜਤੌਲੀ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂ ਮਨਜੀਤ ਸਿੰਘ ਗੁੱਜਰਵਾਲ, ਹਰਜੀਤ ਸਿੰਘ, ਦਵਿੰਦਰ ਸਿੰਘ ਕਿਲ੍ਹਾ ਰਾਏਪੁਰ ਨੇ ਕਿਹਾ ਕਿ ਪੰਜਾਬ ਦੀ ਧਰਤੀ ‘ਤੇ ਹੁਣ ਕਾਰਪੋਰੇਟ ਘਰਾਣਿਆਂ ਦੇ ਦਿਨ ਪੁੱਗ ਗਏ ਹਨ।

 

Check Also

ਮੁੱਖ ਮੰਤਰੀ ਭਗਵੰਤ ਮਾਨ ਨੇ ਪਰਵਾਸੀਆਂ ਨੂੰ ਜਾਣਬੁੱਝ ਕੇ ਅੰਮਿ੍ਰਤਸਰ ਲਿਆਉਣ ਦਾ ਲਗਾਇਆ ਆਰੋਪ

ਕਿਹਾ : ਕੇਂਦਰ ਸਰਕਾਰ ਪੰਜਾਬ ਨੂੰ ਕਰਨਾ ਚਾਹੁੰਦੀ ਹੈ ਬਦਨਾਮ ਚੰਡੀਗੜ੍ਹ/ਬਿਊਰੋ ਨਿਊਜ਼ : ਅਮਰੀਕਾ ਗੈਰਕਾਨੂੰਨੀ …