ਸਮਾਜਿਕ ਤਬਦੀਲੀ ਲਈ ਸ਼ਹੀਦਾਂ ਦੀ ਸੋਚ ‘ਤੇ ਪਹਿਰਾ ਦੇਣ ਦੀ ਲੋੜ: ਮਾਨ
ਬੰਗਾ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਐਮਪੀ ਭਗਵੰਤ ਮਾਨ ਨੇ ਪਿੰਡ ਖਟਕੜ ਕਲਾਂ ਵਿਚ ਪੁੱਜ ਕੇ ਨਵੇਂ ਅਹੁਦੇ ਦਾ ਮਿਲਿਆ ਪ੍ਰਮਾਣ ਪੱਤਰ ਸ਼ਹੀਦਾਂ ਦੇ ਚਰਨਾਂ ਵਿਚ ਰੱਖਿਆ। ਉਨ੍ਹਾਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਯਾਦਗਾਰ ‘ਤੇ ਸਿਜਦਾ ਕਰਦਿਆਂ ਕਿਹਾ ਕਿ ਹੁਣ ਉਨ੍ਹਾਂ ਦਾ ਸੰਘਰਸ਼ ਲੋਕਾਂ ਦੀ ਭਲਾਈ ਲਈ ਹੋਰ ਮਜ਼ਬੂਤ ਹੋ ਕੇ ਚੱਲੇਗਾ। ਉਨ੍ਹਾਂ ਹੋਕਾ ਦਿੱਤਾ ਕਿ ਸਮਾਜਿਕ ਤਬਦੀਲੀ ਲਈ ਸ਼ਹੀਦਾਂ ਦੀ ਸੋਚ ‘ਤੇ ਪਹਿਰਾ ਦੇਣ ਦੀ ਲੋੜ ਹੈ।
ਉਨ੍ਹਾਂ ਸਮਾਰਕ ‘ਤੇ ਜੁੜੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਅੰਦਰ ਹੱਕ ਸੱਚ ਦੀ ਆਵਾਜ਼ ਬੁਲੰਦ ਕਰਨ ਲਈ ਸਭ ਵਰਗਾਂ ਦੇ ਸਹਿਯੋਗ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਉਹ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਹੀਦ ਦਾ ਦਰਜਾ ਦੇਣ ਲਈ ਸਰਕਾਰ ਤੱਕ ਆਵਾਜ਼ ਪੁੱਜਦੀ ਕਰਨਗੇ। ਭਗਵੰਤ ਮਾਨ ਨੇ ਇਸ ਮੌਕੇ ਕਿਸੇ ਤਰ੍ਹਾਂ ਦੀ ਰਾਜਨੀਤਿਕ ਗੱਲ ਨਹੀਂ ਕੀਤੀ ਤੇ ਮੀਡੀਆ ਨੂੰ ਇਸ ਸਬੰਧੀ ਕੋਈ ਸਵਾਲ ਨਾ ਕਰਨ ਦੀ ਬੇਨਤੀ ਕੀਤੀ।
ਉਨ੍ਹਾਂ ‘ਇਨਕਲਾਬ ਜ਼ਿੰਦਾਬਾਦ’ ਅਤੇ ‘ਸ਼ਹੀਦਾਂ ਦੀ ਸੋਚ ਉਤੇ ਪਹਿਰਾ ਦੇਣ’ ਦੇ ਨਾਅਰੇ। ਇਸ ਮੌਕੇ ਵਿਰੋਧੀ ਧਿਰ ਦੇ ਨੇਤਾ ਐਡਵੋਕੇਟ ਹਰਪਾਲ ਸਿੰਘ ਚੀਮਾ, ਵਿਧਾਇਕ ਰਪਿੰਦਰ ਕੌਰ ਰੂਬੀ, ਅਮਨ ਅਰੋੜਾ, ਜੈ ਸਿੰਘ ਰੋੜੀ, ਸਰਬਜੀਤ ਕੌਰ ਮਾਣੂਕੇ ਤੇ ਕੁਲਤਾਰ ਸਿੰਘ ਸੰਧਵਾਂ ਆਦਿ ਸ਼ਾਮਲ ਸਨ।
ਹਲਕੇ ਅੰਦਰ ਵਿਧਾਨ ਸਭਾ ਚੋਣਾਂ ਵਿਚ 42 ਹਜ਼ਾਰ ਵੋਟ ਪ੍ਰਾਪਤ ਕਰਨ ਵਾਲੀ ਬੰਗਾ ਟੀਮ ਲੰਬੇ ਅਰਸੇ ਤੋਂ ਚੁੱਪ ਸੀ। ਭਗਵੰਤ ਮਾਨ ਦੀ ਆਮਦ ਤੋਂ ਬਾਅਦ ਟੀਮ ਖ਼ੁਸ਼ ਨਜ਼ਰ ਆਈ। ਇਸ ਮੌਕੇ ਵਰਕਰਾਂ ਦੇ ਨਾਲ ਨਾਲ ਆਮ ਲੋਕ ਵੱਡੀ ਗਿਣਤੀ ਵਿਚ ਹਾਜ਼ਰ ਸਨ।
ਸੰਗਰੂਰ ਦੇ ਵੋਟਰਾਂ ‘ਤੇ ਨਹੀਂ ਚੱਲਿਆ ਨਰਿੰਦਰ ਤੇ ਅਮਰਿੰਦਰ ਦਾ ਜਾਦੂ
ਸੰਗਰੂਰ : ਸਾਰਾ ਭਾਰਤ ਇੱਕ ਪਾਸੇ, ਪੰਜਾਬ ਇੱਕ ਪਾਸੇ। ਸਾਰਾ ਪੰਜਾਬ ਇੱਕ ਪਾਸੇ, ਇਕੱਲਾ ਸੰਗਰੂਰ ਇੱਕ ਪਾਸੇ। ਚੋਣ ਨਤੀਜਿਆਂ ਮਗਰੋਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇਸ ਪੋਸਟ ਦੀ ਖ਼ੂਬ ਚਰਚਾ ਹੈ। ਇਕੱਲਾ ਸੰਗਰੂਰ ਇੱਕ ਅਜਿਹਾ ਸੰਸਦੀ ਹਲਕਾ ਹੈ ਜਿਸ ਦੇ ਵੋਟਰਾਂ ‘ਤੇ ਨਾ ਨਰਿੰਦਰ ਮੋਦੀ ਦੀ ਲਹਿਰ ਤੇ ਨਾ ਹੀ ਕੈਪਟਨ ਸਰਕਾਰ ਦਾ ਜਾਦੂ ਚੱਲਿਆ। ਲੋਕ ਸਭਾ ਚੋਣਾਂ ਦੌਰਾਨ ਦੇਸ਼ ਭਰ ਵਿਚ ਨਰਿੰਦਰ ਮੋਦੀ ਦੇ ਹੱਕ ਵਿਚ ਇੱਕ ਲਹਿਰ ਸੀ। ਚੋਣ ਸਰਵੇਖਣਾਂ ਨੇ ਵੀ ਨਰਿੰਦਰ ਮੋਦੀ ਦੀ ਇਸ ਲਹਿਰ ‘ਤੇ ਮੋਹਰ ਲਗਾ ਦਿੱਤੀ ਸੀ ਪਰ ਪੰਜਾਬ ਵਿਚ ਇਸ ਦਾ ਅਸਰ ਨਜ਼ਰ ਨਹੀਂ ਆਇਆ। ਪੰਜਾਬ ਦੀਆਂ 13 ਸੀਟਾਂ ਵਿਚੋਂ ਭਾਜਪਾ ਤੇ ਅਕਾਲੀ ਦਲ ਨੂੰ ਦੋ-ਦੋ ਸੀਟਾਂ ਮਿਲੀਆਂ। ਕਾਂਗਰਸ ਨੂੰ ਦੇਸ਼ ਵਿਚ ਨਮੋਸ਼ੀ ਭਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਪਰ ਪੰਜਾਬ ਦੇ ਲੋਕਾਂ ਨੇ ਕਾਂਗਰਸ ਪਾਰਟੀ ਦੀ ਲਾਜ ਰੱਖੀ ਹੈ। ਕੁੱਲ 13 ਸੀਟਾਂ ਵਿਚੋਂ ਕਾਂਗਰਸ ਨੇ ਅੱਠ ਸੀਟਾਂ ਜਿੱਤੀਆਂ। ਪੰਜਾਬ ਦੇ ਇੱਕੋ-ਇੱਕ ਸੰਸਦੀ ਹਲਕਾ ਸੰਗਰੂਰ ਦੇ ਵੋਟਰਾਂ ਉੱਪਰ ਨਾ ਤਾਂ ਦੇਸ਼ ਭਰ ਵਿਚ ਚੱਲੀ ਨਰਿੰਦਰ ਮੋਦੀ ਦੀ ਲਹਿਰ ਦਾ ਕੋਈ ਅਸਰ ਹੋਇਆ ਤੇ ਨਾ ਹੀ ਕੈਪਟਨ ਸਰਕਾਰ ਦਾ ਜਾਦੂ ਵੋਟਰਾਂ ਨੂੰ ਪ੍ਰਭਾਵਿਤ ਕਰ ਸਕਿਆ।
Check Also
ਸੁਖਬੀਰ ਬਾਦਲ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਦੱਸਿਆ ਹਰ ਪੱਖੋਂ ਫੇਲ੍ਹ
ਸ਼੍ਰੋਮਣੀ ਅਕਾਲੀ ਦਲ ਨੂੰ ਦੱਸਿਆ ਕਿਸਾਨਾਂ ਤੇ ਮਜ਼ਦੂਰਾਂ ਦੀ ਪਾਰਟੀ ਲੁਧਿਆਣਾ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ …