Breaking News
Home / ਪੰਜਾਬ / ਪੰਜਾਬ : ਹੜ੍ਹ ਮਾਰੇ ਖੇਤਰਾਂ ਵਿਚ ਮੱਕੀ, ਬਾਜਰਾ ਤੇ ਮੂੰਗੀ ਬੀਜਣ ਦੀ ਸਲਾਹ

ਪੰਜਾਬ : ਹੜ੍ਹ ਮਾਰੇ ਖੇਤਰਾਂ ਵਿਚ ਮੱਕੀ, ਬਾਜਰਾ ਤੇ ਮੂੰਗੀ ਬੀਜਣ ਦੀ ਸਲਾਹ

ਮਾਹਿਰਾਂ ਅਨੁਸਾਰ ਅਗਸਤ ਦੇ ਪਹਿਲੇ ਹਫਤੇ ਤੱਕ ਝੋਨੇ ਦੀ ਮੁੜ ਲੁਆਈ ਨਾ ਹੋਣ ‘ਤੇ ਕਣਕ ਦੀ ਬਿਜਾਈ ‘ਤੇ ਪਵੇਗਾ ਅਸਰ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿੱਚ ਹੜ੍ਹਾਂ ਨੇ ਝੋਨੇ ਦੀ ਫਸਲ ਦਾ ਕਾਫੀ ਨੁਕਸਾਨ ਕੀਤਾ ਹੈ। ਖੇਤੀਬਾੜੀ ਮਾਹਿਰਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਥਾਵਾਂ ‘ਤੇ ਅਗਸਤ ਦੇ ਪਹਿਲੇ ਹਫ਼ਤੇ ਤੱਕ ਝੋਨੇ ਦੀ ਲੁਆਈ ਨਹੀਂ ਹੁੰਦੀ ਉਥੇ ਕਿਸਾਨਾਂ ਨੂੰ ਮੱਕੀ, ਬਾਜਰਾ, ਸਬਜ਼ੀਆਂ ਤੇ ਮੂੰਗੀ ਬੀਜਣੀ ਚਾਹੀਦੀ ਹੈ। ਜਾਣਕਾਰੀ ਅਨੁਸਾਰ ਪੰਜਾਬ ਵਿੱਚ 9 ਤੋਂ 11 ਜੁਲਾਈ ਤੱਕ ਪਏ ਭਾਰੀ ਮੀਂਹ ਕਾਰਨ ਸੂਬੇ ਦੇ ਕਈ ਖੇਤਰ ਪ੍ਰਭਾਵਿਤ ਹੋਏ ਹਨ। ਹੜ੍ਹਾਂ ਨੇ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਲੀਹੋਂ ਲਾਹ ਦਿੱਤੀ ਹੈ।
ਪੰਜਾਬ ਖੇਤੀਬਾੜੀ ਵਿਭਾਗ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਛੇ ਲੱਖ ਏਕੜ ਤੋਂ ਵੱਧ ਰਕਬੇ ਵਿੱਚ ਪਾਣੀ ਭਰ ਗਿਆ ਹੈ ਅਤੇ ਇਸ ਵਿੱਚੋਂ ਦੋ ਲੱਖ ਏਕੜ ਤੋਂ ਵੱਧ ਜ਼ਮੀਨ ‘ਤੇ ਮੁੜ ਝੋਨਾ ਲਾਉਣ ਦੀ ਲੋੜ ਹੈ। ਸੂਬੇ ਦੇ 19 ਜ਼ਿਲ੍ਹੇ ਹੜ੍ਹਾਂ ਦੀ ਮਾਰ ਹੇਠ ਆਏ ਹਨ ਅਤੇ ਪਟਿਆਲਾ, ਸੰਗਰੂਰ, ਮੁਹਾਲੀ, ਰੂਪਨਗਰ, ਜਲੰਧਰ ਅਤੇ ਫਤਹਿਗੜ੍ਹ ਸਾਹਿਬ ਜ਼ਿਲ੍ਹਿਆਂ ਵਿੱਚ ਝੋਨੇ ਦਾ ਸਭ ਤੋਂ ਵੱਧ ਨੁਕਸਾਨ ਹੋਇਆ ਹੈ।
ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਅਗਸਤ ਦੇ ਪਹਿਲੇ ਹਫ਼ਤੇ ਤੱਕ ਫ਼ਸਲ ਦੀ ਮੁੜ ਬਿਜਾਈ ਕਰਨ ਲਈ ਕਿਹਾ ਗਿਆ ਹੈ। ਮਾਹਿਰਾਂ ਅਨੁਸਾਰ ਜੇ ਅਗਸਤ ਦੇ ਪਹਿਲੇ ਹਫ਼ਤੇ ਤੱਕ ਫ਼ਸਲ ਮੁੜ ਨਾ ਬੀਜੀ ਗਈ ਤਾਂ ਵਾਢੀ ‘ਚ ਦੇਰੀ ਹੋ ਜਾਵੇਗੀ, ਜਿਸ ਨਾਲ ਨਵੰਬਰ ਵਿੱਚ ਕਣਕ ਦੀ ਬਿਜਾਈ ‘ਤੇ ਵੀ ਅਸਰ ਪਵੇਗਾ। ਪੰਜਾਬ ਵਿੱਚ ਹਾਲੇ ਵੀ ਕੁੱਝ ਇਲਾਕੇ ਹੜ੍ਹਾਂ ਦੀ ਮਾਰ ਹੇਠ ਹਨ। ਇਨ੍ਹਾਂ ਇਲਾਕਿਆਂ ਦੇ ਕਿਸਾਨਾਂ ਨੂੰ ਮੁੜ ਫਸਲ ਬੀਜਣ ‘ਚ ਹਾਲੇ ਕੁੱਝ ਸਮਾਂ ਲੱਗੇਗਾ। ਇਸ ਤੋਂ ਇਲਾਵਾ ਝੋਨੇ ਦੇ ਬੀਜ ਤਿਆਰ ਹੋਣ ਲਈ ਵੀ ਕਈ ਦਿਨ ਲੱਗ ਜਾਂਦੇ ਹਨ। ਉਧਰ ਖੇਤਾਂ ਵਿੱਚ ਹੜ੍ਹ ਕੇ ਆਏ ਪੱਥਰ ਅਤੇ ਹੋਰ ਚੀਜ਼ਾਂ ਵੀ ਝੋਨੇ ਦੀ ਮੁੜ ਲੁਆਈ ਲਈ ਕਿਸਾਨਾਂ ਵਾਸਤੇ ਚੁਣੌਤੀ ਬਣ ਰਹੀਆਂ ਹਨ।
ਪੰਜਾਬ ਦੇ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਗੁਰਵਿੰਦਰ ਸਿੰਘ ਨੇ ਕਿਹਾ, ”ਜੇ ਕਿਸੇ ਕਾਰਨ ਝੋਨੇ ਦੀ ਮੁੜ ਬਿਜਾਈ 7-8 ਅਗਸਤ ਤੱਕ ਨਾ ਹੋ ਸਕੀ ਤਾਂ ਕਿਸਾਨਾਂ ਨੂੰ ਮੱਕੀ ਅਤੇ ਮੂੰਗੀ ਵਰਗੀਆਂ ਬਦਲਵੀਆਂ ਫ਼ਸਲਾਂ ਲਾਉਣ ਲਈ ਕਿਹਾ ਜਾਵੇਗਾ।” ਉਨ੍ਹਾਂ ਕਿਹਾ ਕਿ ਮੱਕੀ ਪਸ਼ੂਆਂ ਦੇ ਚਾਰੇ ਵਜੋਂ ਵਰਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਮੂੰਗੀ ਦੀ ਫਸਲ ਨਾਲ ਮਿੱਟੀ ਮੁੜ ਉਪਜਾਊ ਹੋ ਜਾਵੇਗੀ ਅਤੇ ਇਸ ਦਾ ਚੰਗਾ ਭਾਅ ਵੀ ਪ੍ਰਾਪਤ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਹ ਫ਼ਸਲ 60-65 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅਧਿਕਾਰੀ ਗੁਰਮੀਤ ਸਿੰਘ ਬੁੱਟਰ ਨੇ ਕਿਹਾ ਕਿ ਜੇ ਝੋਨਾ ਲਾਉਣ ‘ਚ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਆਉਂਦੀ ਹੈ ਤਾਂ ਕਿਸਾਨ ਅਗਸਤ ਵਿੱਚ ਸਬਜ਼ੀਆਂ ਅਤੇ ਬਾਜਰਾ ਆਦਿ ਬੀਜ ਸਕਦੇ ਹਨ। ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਪੀਆਰ 126 ਅਤੇ ਪੂਸਾ ਬਾਸਮਤੀ 1509 ਕਿਸਮਾਂ ਬੀਜਣ ਦੀ ਸਲਾਹ ਦਿੱਤੀ ਗਈ ਹੈ। ਇਹ ਕਿਸਮਾਂ ਥੋੜ੍ਹੇ ਸਮੇਂ ਵਿੱਚ ਹੀ ਤਿਆਰ ਹੋ ਜਾਂਦੀਆਂ ਹਨ। ਝੋਨੇ ਦੀਆਂ ਬਾਕੀ ਕਿਸਮਾਂ 110 ਤੋਂ 130 ਦਿਨਾਂ ਵਿੱਚ ਤਿਆਰ ਹੁੰਦੀਆਂ ਹਨ ਜਦਕਿ ਪੀਆਰ 126 ਕਿਸਮ 93 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ। ਇਸ ਤਰ੍ਹਾਂ ਕਣਕ ਦੀ ਬਿਜਾਈ ਲਈ ਕਾਫੀ ਸਮਾਂ ਮਿਲ ਸਕਦਾ ਹੈ।
ਬੁੱਟਰ ਹੋਰਾਂ ਨੇ ਕਿਹਾ, ”ਪੀਆਰ 126 ਕਿਸਮ ਲੁਆਈ ਤੋਂ ਬਾਅਦ 93 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ। ਇਸ ਤਰ੍ਹਾਂ ਇਹ 10-12 ਨਵੰਬਰ ਤੱਕ ਤਿਆਰ ਹੋ ਜਾਵੇਗੀ ਅਤੇ ਇਸ ਤੋਂ ਬਾਅਦ ਕਣਕ ਬੀਜੀ ਜਾ ਸਕਦੀ ਹੈ।” ਅਧਿਕਾਰੀਆਂ ਅਨੁਸਾਰ ਖੇਤੀਬਾੜੀ ਵਿਭਾਗ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪੀੜਤ ਕਿਸਾਨਾਂ ਨੂੰ ਪੀਆਰ 126 ਅਤੇ ਬਾਸਮਤੀ 1509 ਕਿਸਮ ਦੇ ਬੀਜ ਮੁਹੱਈਆ ਕਰਵਾਏ ਜਾਣਗੇ।
ਸਾਬਕਾ ਸੰਸਦ ਮੈਂਬਰਾਂ ਦੀ ਪੈਨਸ਼ਨ ਸਕੱਤਰਾਂ ਤੋਂ ਵੱਧ ਹੋਵੇ: ਸਿਮਰਨਜੀਤ ਮਾਨ
ਫਤਹਿਗੜ੍ਹ ਸਾਹਿਬ : ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਲੋਕ ਸਭਾ ਮੈਬਰ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਸਾਬਕਾ ਸੰਸਦ ਮੈਂਬਰਾਂ ਦੀ ਪੈਨਸ਼ਨ ‘ਤੇ ‘ਤੇ ਰੋਕ ਲਾਉਣ ਦੀ ਬਜਾਇ ਉਨ੍ਹਾਂ ਨੂੰ ਸਕੱਤਰ ਤੋਂ ਵੱਧ ਪੈਨਸ਼ਨ ਦਿੱਤੀ ਜਾਣੀ ਚਾਹੀਦੀ ਹੈ ਤਾਂ ਕਿ ਉਹ ਆਪਣੇ ਰੁਤਬੇ ਨੂੰ ਕਾਇਮ ਰੱਖਦਿਆਂ ਸਮਾਜ ਸੇਵਾ ਜਾਰੀ ਰੱਖ ਸਕਣ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਨੇ ਲੋਕ ਸਭਾ ਸਪੀਕਰ ਨੂੰ ਪੱਤਰ ਵੀ ਭੇਜਿਆ ਹੈ। ਮਾਨ ਹੋਰਾਂ ਨੇ ਆਖਿਆ ਕਿ ਸੰਸਦ ਮੈਬਰਾਂ ਦੀ ਆਪਣੇ ਹਲਕਾ ਵਾਸੀਆ ਪ੍ਰਤੀ ਹਮੇਸ਼ਾਂ ਹੀ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਪਰ ਜਦੋਂ ਉਹ ਸੇਵਾਮੁਕਤ ਹੋ ਜਾਂਦੇ ਹਨ ਤਾਂ ਉਨ੍ਹਾਂ ਦੀਆਂ ਸਿਆਸੀ ਤੇ ਸਮਾਜਿਕ ਸਰਗਰਮੀਆਂ ਘਟਣ ਦੀ ਥਾਂ ਵੱਧ ਜਾਂਦੀਆਂ ਹਨ ਤੇ ਉਨ੍ਹਾਂ ਨੂੰ ਆਪਣੇ ਹਲਕਿਆਂ ਅੰਦਰ ਲੋਕਾਂ ਦੇ ਸਮਾਗਮਾਂ ‘ਚ ਜਾਣਾ ਪੈਂਦਾ ਹੈ, ਜਿਸ ਕਰਕੇ ਉਨ੍ਹਾਂ ਨੂੰ ਦੀ ਸਕੱਤਰ ਦੇ ਬਰਾਬਰ ਪੈਨਸ਼ਨ ਦਿੱਤੀ ਜਾਣੀ ਹੈ।

 

Check Also

ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿਹਤ ’ਚ ਸੁਧਾਰ ਮਗਰੋਂ ਹਸਪਤਾਲ ਤੋਂ ਮਿਲੀ ਛੁੱਟੀ

ਡਾਕਟਰਾਂ ਨੇ ਕੁਝ ਦਿਨ ਬੈੱਡ ਰੈਸਟ ਕਰਨ ਦੀ ਦਿੱਤੀ ਸਲਾਹ ਮੁਹਾਲੀ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ …