Breaking News
Home / ਨਜ਼ਰੀਆ / ਵਿਗਿਆਨ-ਗਲਪ ਕਹਾਣੀ

ਵਿਗਿਆਨ-ਗਲਪ ਕਹਾਣੀ

ਕਿਸ਼ਤ 1
ਭਟਕਨ
ਕਰਵਾ ਚੋਥ ਦਾ ਦਿਨ ਸੀ। ਚੰਦਰ ਦੇਵ ਤੋਂ, ਆਪਣੇ ਪਤੀ ਲਈ ਲੰਮੀ ਉਮਰ ਦਾ ਵਰ ਹਾਸਿਲ ਕਰਨ ਲਈ, ਦਿਨ ਭਰ ਬਿਨ੍ਹਾਂ ਕੁਝ ਖਾਧੇ ਪੀਤੇ, ਵਿਸ਼ਵ ਭਰ ਦੀਆਂ ਹਿੰਦੂ ਔਰਤਾਂ ਪੂਰੀ ਤਰ੍ਹਾਂ ਸੱਜ ਧੱਜ ਕੇ, ਸ਼ਾਮ ਦੇ ਅੰਬਰ ਵਿਚ ਚੰਦਰ ਦੇਵ ਦੇ ਦਰਸ਼ਨਾਂ ਲਈ ਬੇਤਾਬ ਸਨ।
ਅੰਬਰ-ਮਹਿਲ ਵਿਚ ਬੈਠਾ ਚੰਦਰ ਦੇਵ, ਧਰਤੀ ਉੱਤੇ ਆਪਣੀਆਂ ਸ਼ਰਧਾਲੂ ਔਰਤਾਂ ਦੀ ਬੇਤਾਬੀ ਦੇਖ ਅਸ਼ ਅਸ਼ ਕਰ ਰਿਹਾ ਸੀ। ਜਿਵੇਂ ਹੀ ਚੰਦਰ ਦੇਵ ਆਪਣੇ ਮਹਿਲ ‘ਚੋਂ ਬਾਹਰ ਆ ਰਾਤ ਦੇ ਅੰਬਰ ਵਿਚ ਪ੍ਰਗਟ ਹੋਇਆ, ਹਜ਼ਾਰਾਂ-ਲੱਖਾਂ ਔਰਤਾਂ ਉਸ ਦੇ ਦਰਸ਼ਨ ਕਰ ਗਦ ਗਦ ਹੋ ਗਈਆਂ ਤੇ ਉਨ੍ਹਾਂ ਦੇਵਤੇ ਨੂੰ ਜਲ ਦਾ ਅਰਗ ਪੇਸ਼ ਕੀਤਾ।
ਹੁਣ ਚੰਦਰ ਦੇਵ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਸੁਨਣ ਵਿਚ ਲੀਨ ਸੀ।
ਜਿਵੇਂ ਹੀ ਪ੍ਰਾਰਥਨਾਵਾਂ ਦੀ ਲੜੀ ਖ਼ਤਮ ਹੋਈ, ਚੰਦਰ ਦੇਵ ਨੇ ਅੱਖਾਂ ਖੋਲੀਆਂ ਤੇ ਆਪਣੀਆਂ ਪਤਨੀਆਂ, ਤਾਰਾ, ਰੋਹਿਨੀ, ਅਨੁਰਾਧਾ, ਤੇ ਭਾਰਨੀ ਵੱਲ ਦੇਖ ਕੇ ਮੁਸਕਰਾਇਆ। “ਦੇਖਿਆ? ਭਾਰਤ ਹੀ ਨਹੀਂ, ਪੂਰੇ ਵਿਸ਼ਵ ਭਰ ਵਿਚ ਵੀ ਲੋਕ ਮੇਰੇ ਭਗਤ ਨੇ।” ਉਸ ਕਿਹਾ ਤੇ ਹੋਰ ਮਰਦ ਦੇਵਤਿਆਂ ਵਾਂਗ ਆਪਣੀਆਂ ਮੁੱਛਾਂ ਨੂੰ ਤਾਅ ਦੇਣ ਹੀ ਲਗਾ ਸੀ ਕਿ ਉਸ ਨੂੰ ਯਾਦ ਆਇਆ ਕਿ ਉਸ ਦੀਆਂ ਤਾਂ ਮੁੱਛਾਂ ਹੀ ਨਹੀਂ ਹਨ। ਤਦ ਉਸ ਨੇ ਆਪਣੇ ਉਪਰਲੇ ਬੁੱਲ ਨੂੰ ਛੂੰਹ ਕੇ ਹੀ ਇਸ ਅਹਿਸਾਸ ਤੋਂ ਰਾਹਤ ਪਾਈ।
“ਇਸ ਵਿਚ ਹੈਰਾਨ ਹੋਣ ਵਾਲੀ ਕਿਹੜੀ ਗੱਲ ਹੈ? ਪੰਜ ਹਜ਼ਾਰ ਸਾਲਾਂ ਤੋਂ ਹੀ ਧਰਤੀ ਵਾਸੀ ਆਪਦੀ ਪੂਜਾ ਕਰਦੇ ਰਹੇ ਨੇ। ਇਸੇ ਲਈ ਤਾਂ ਮੇਸੋਪੋਟੇਮੀਆਂ ਦੇ ਲੋਕਾਂ ਨੇ ਪ੍ਰਾਚੀਨ ਇਜ਼ਰਾਈਲ ਦੇ ਨਗਰ ਬੇਟ ਯਰਿਹ ਵਿਖੇ ਆਪ ਨੂੰ ਸਮਰਪਿਤ ਵਿਸ਼ਾਲ ਸਮਾਰਕ ਬਣਾਇਆ ਸੀ। ਜਾਨੂੰ।” ਤਾਰਾ ਨੇ ਕਿਹਾ।
“ਪੰਦਰਾਂ ਸੋ ਸਾਲ ਪਹਿਲਾਂ ਪੀਰੂ ਦੇ ਲੋਕਾਂ ਨੇ ਵੀ ਤਾਂ “ਮੂਨ ਟੈਂਪਲ” ਬਣਵਾਇਆ ਸੀ।” ਰੋਹਿਨੀ ਦੇ ਬੋਲ ਸਨ।
“ਕੋਲੰਬੀਆ ਦਾ “ਮੂੁੰਨ ਟੈਂਪਲ” ਤੇ ਚੀਨ ਦਾ “ਮੂਨ ਫੈਸਟੀਵਲ” ਵੀ ਤਾਂ ਸਦੀਆਂ ਤੋਂ ਮੋਜੂਦ ਨੇ।” ਅਨੁਰਾਧਾ ਤੇ ਭਾਰਨੀ ਇਕੱਠੀਆਂ ਬੋਲ ਪਈਆ ।
ਚੰਦਰ ਦੇਵ ਦੀ ਛਾਤੀ ਮਾਣ ਨਾਲ ਚੋੜੀ ਹੋ ਗਈ। “ਚਲੋ ਦੇਖੀਏ ਮੇਰੀ ਇਹ ਸ਼ਰਧਾਲੂ ਕੀ ਚਾਹੁੰਦੀ ਹੈ?” ਤੇ ਉਸ ਨੇ ਆਪਣੀ ਨਜ਼ਰ ਕੇਨੈਡਾ ਵੱਲ ਘੁੰਮਾ ਲਈ ਜਿਥੇ ਇਕ ਮਹਾਂਨਗਰ ਦਾ ਇਕ ਵੱਡਾ ਪਲਾਜ਼ਾ ਨਜ਼ਰ ਆ ਰਿਹਾ ਸੀ। ਇਥੇ ਲਾਲ ਰੇਸ਼ਮੀ
ਸਾੜੀ ਪਹਿਨੀ ਇਕ ਔਰਤ ਪੂਜਾ ਕਰ ਰਹੀ ਸੀ।
ਧੁਖ ਰਹੀ ਅਗਰਬਤੀ, ਬਲ ਰਹੇ ਦੀਵੇ, ਮਿਠਾਈ ਤੇ ਫੁੱਲਾਂ ਨਾਲ ਸਜਾਈ ਆਰਤੀ ਦੀ ਥਾਲੀ ਨੂੰ, ਅੱਖਾਂ ਬੰਦ ਕਰ ਮਾਧਵੀ, ਚੰਦਰ ਦੇਵ ਦੀ ਤਸਵੀਰ ਸਾਹਮਣੇ ਵੱਡੇ ਚੱਕਰ ਵਿਚ ਗੋਲ ਗੋਲ ਘੁੰਮਾ ਰਹੀ ਸੀ ਅਤੇ ਨਾਲ ਹੀ ਬੋਲ ਵੀ ਰਹੀ ਸੀ।
“ਹੇ ਦੇਵ! ਰਾਤ ਦੇ ਹਨੇਰੇ ਨੂੰ ਚਾਂਦਨੀ ਬਖ਼ਸ਼ਣ ਦੇ ਸਮਰਥ। ਹੇ! ਤਾਰਿਆਂ ਵੱਲ ਜਾਣ ਵਾਲੇ ਰਾਹ ਦੇ ਰਹਿਨੁਮਾ। ਹੇ! ਭਿੰਨ ਭਿੰਨ ਰੂਪਾਂ ਤੇ ਰੰਗਾਂ ਵਿਚ ਸੁੰਦਰ ਜਲਵੇ ਦਿਖਾਉਣ ਵਾਲੇ ਦੇਵ। ਹੇ! ਕਵੀਆ ਦੀ ਪ੍ਰੇਰਨਾ ਤੇ ਸੁੰਦਰਤਾ ਦੇ ਪ੍ਰਤੀਕ। ਹੇ ਉੱਚੇ ਅੰਬਰ ਦੇ ਵਾਸੀ, ਲੋਕਾਂ ਦੇ ਮਨਾਂ ਵਿਚ ਸੁੰਦਰਤਾ ਤੇ ਪ੍ਰੇਮ ਦੀ ਲਲਕ ਪੈਦਾ ਕਰਨ ਵਾਲੇ। ਹੇ! ਸੱਭ ਨੂੰ ਪ੍ਰਫੁੱਲਤਾ ਬਖ਼ਸ਼ਣ ਵਾਲੇ। ਹੇ ਦੇਵ! ਮੇਰੀ ਬੇਟੀ ਨੇ ਬਿਜ਼ਨੈੱਸ ਸ਼ੁਰੂ ਕੀਤਾ ਹੈ। ਕ੍ਰਿਪਾ ਕਰਨਾ ਉਸ ਦਾ ਇਹ ਬਿਜ਼ਨੈੱਸ ਖੂਬ ਵਧੇ ਫੁੱਲੇ।”
ਪ੍ਰਾਰਥਨਾ ਖ਼ਤਮ ਹੁੰਦਿਆਂ ਹੀ ਜਿਵੇਂ ਹੀ ਉਸ ਨੇ ਅੱਖਾਂ ਖੋਲੀਆਂ ਤਾਂ ਉਸ ਦੀ ਬੇਟੀ
ਮੋਹਿਨੀ ਬਹੁਤ ਹੀ ਗੁੱਸੇ ਭਰੇ ਮੂਡ ਵਿਚ ਖੜੀ ਸੀ।
“ਹੋ ਗਈ ਪੂਜਾ?” ਮੋਹਿਨੀ ਨੇ ਖਿੱਝ ਨੂੰ ਛੁਪਾਉਂਦੇ ਹੋਏ ਕਿਹਾ।
“ਕੀ ਤੂੰ ਚੰਦਰ ਦੇਵ ਨੂੰ ਨਮਸਕਾਰ ਕੀਤੀ ਹੈ?” ਮਾਧਵੀ ਨੇ ਪੁੱਛਿਆ।
“ਓਹ ਮੰਮ!” ਮੋਹਿਨੀ ਨੇ ਝੁੰਜਲਾਹਟ ਵਾਲੇ ਰੋਅ ਵਿਚ ਦੋਨੋਂ ਹੱਥਾਂ ਦੀਆਂ ਉਗਲੀਆਂ ਦੇ ਉਪਰਲੇ ਸਿਰੇ ਜੋੜ ਕੇ ਨਮਸਕਾਰ ਦੀ ਨਕਲ ਕੀਤੀ।
“ਜਿਵੇਂ ਹੀ ਇਹ ਕੰਮ ਖ਼ਤਮ ਹੁੰਦਾ ਹੈ, ਇਸ ਨੂੰ ਇਥੋਂ ਚੁੱਕ ਲਉ।” ਮੋਹਿਨੀ ਨੇ ਚੰਦਰ ਦੇਵ ਦੀ ਫੋਟੋ ਵੱਲ ਇਸ਼ਾਰਾ ਕਰਦੇ ਹੋਏ ਕਿਹਾ।
“ਇਸ ਫੋਟੋ ਨੂੰ ਚੁੱਕ ਲਵਾਂ? ਕਿਉਂ?” ਮਾਧਵੀ ਨੇ ਹੈਰਾਨੀ ਭਰੀ ਤੱਕਣੀ ਨਾਲ ਕਿਹਾ।
“ਜਦੋਂ ਤੁਸੀਂ ਪੂਜਾ ਕਰਨ ਦੀ ਗੱਲ ਕੀਤੀ ਸੀ ਤਾ ਮੈਂ ਸਮਝਿਆ ਸੀ ਕਿ ਦੋ-ਚਾਰ ਮਿੰਟਾਂ ਦੀ ਗੱਲ ਹੋਵੇਗੀ, ਇਸੇ ਲਈ ਮੈਂ ਹਾਂ ਕਰ ਦਿੱਤੀ ਸੀ। ਹੁਣ ਤਾਂ ਪੂਜਾ ਖ਼ਤਮ ਹੋ ਗਈ ਹੈ।
ਠੀਕ? ਤਾਂ ਫਿਰ ਇਸ ਫੋਟੋ ਦੀ ਕੀ ਲੋੜ?”
ਮਾਧਵੀ ਆਪਣੀ ਬੇਟੀ ਦੇ ਭੋਲੇਪਣ ਉੱਤੇ ਮੁਸਕਰਾ ਪਈ। “ਕਮਲੀ ਨਾ ਹੋਵੇ ਤਾਂ। ਫਰੰਟ ਡੈਸਕ ਉੱਤੇ ਚੰਦਰ ਦੇਵ ਦੀ ਫੋਟੋ ਰੱਖਣ ਦਾ ਕਾਰਣ ਦੋ-ਚਾਰ ਮਿੰਟ ਦੀ ਪੂਜਾ ਨਹੀਂ ਸੀ।
ਸਗੋਂ ਇਹ ਤਾਂ ਇਥੇ ਤੇਰੇ ਕੰਮਕਾਰ ਦੇ ਚਿੰਨ੍ਹ (logo) ਤੇ ਉਸ ਦੀ ਪ੍ਰਫੁੱਲਤਾ ਲਈ ਹਰ ਘੜੀ, ਹਰ ਪਲ ਮੌਜੂਦ ਹੋਣਾ ਚਾਹੀਦਾ ਹੈ।
“ਕੀ ਕਿਹਾ?” ਮੋਹਿਨੀ ਨੇ ਲਗਭਗ ਚੀਖ਼ਦਿਆਂ ਆਖਿਆ। “ਤੁਸੀਂ ਇਸ ਨੂੰ ਹਮੇਸ਼ਾਂ ਇਥੇ ਰੱਖਣਾ ਚਾਹੁੰਦੇ ਹੋ ਤਾਂ ਕਿ ਹਰ ਆਉਣ ਵਾਲੇ ਵਿਅਕਤੀ ਦੀ ਨਜ਼ਰ ਸੱਭ ਤੋਂ ਪਹਿਲਾਂ ਇਸ ਉੱਤੇ ਪਏ। ਮੰਮ! ਜਦੋਂ ਤੁਸੀਂ ਅਜਿਹਾ ਕਹਿ ਰਹੇ ਹੋ ਤਾਂ ਤੁਹਾਨੂੰ ਪਤਾ ਵੀ ਹੈ ਕਿ ਮੈਂ ਕਿਹੜਾ ਬਿਜ਼ਨੈੱਸ ਸ਼ੁਰੂ ਕਰਨ ਜਾ ਰਹੀ ਹਾਂ?”
“ਹਾਂ! ਹਾਂ! ਮੈਂ ਜਾਣਦੀ ਹਾਂ।” ਮਾਧਵੀ ਨੇ ਘਬਰਾਹਟ ਨਾਲ ਮੋਹਿਨੀ ਵੱਲ ਦੇਖਦੇ ਹੋਏ ਕਿਹਾ। “ਤੂੰ ਦੱਸਿਆ ਤਾਂ ਸੀ ਕਿ ਤੂੰ ‘ਕੋਸਮੈਟਿਕ ਸਰਜਰੀ ਸੈਂਟਰ’ ਖੋਲ੍ਹਣ ਜਾ ਰਹੀ ਹੈ।”
“ਹਾਂ! ਹਾਂ! ਇਹ ‘ਕੋਸਮੈਟਿਕ ਸਰਜਰੀ ਸੈਂਟਰ’ ਹੈ। ਤੁਹਾਨੂੰ ਪਤਾ ਹੈ ਕਿ ਇਸ ਦਾ ਕੀ ਮਤਲਬ ਹੈ? ਇਸ ਦਾ ਮਤਲਬ ਹੈ ਕਿ ਉਹ ਲੋਕ ਜੋ ਇਥੇ ਆਉਣਗੇ, ਉਹ ਇਥੋਂ ਜਾਣ ਸਮੇਂ ਚਿਹਰੇ ਪੱਖੋਂ ਵਧੇਰੇ ਸੁੰਦਰ ਤੇ ਸਰੀਰ ਪੱਖੋਂ ਵਧੇਰੇ ਸੁਡੋਲ ਨਜ਼ਰ ਆਉਣਗੇ।
ਤੁਹਾਨੂੰ ਤਾਂ ਇਥੇ ਸੁੰਦਰ ਚਿਹਰਿਆਂ ਵਾਲੇ ਤੇ ਸੋਹਣੀ ਦਿੱਖ ਵਾਲੇ ਲੋਕਾਂ ਦੀਆਂ ਫੋਟੋਆਂ ਰੱਖਣੀਆਂ ਚਾਹੀਦੀਆਂ ਹਨ ਨਾ ਕਿ ਬੇਢੰਗੇ ਜਿਹੇ ਪੁਤਲੇ ਦੀਆਂ।”
“ਜ਼ਰਾ ਜੁਬਾਨ ਸੰਭਾਲ ਕੇ।” ਹੈਰਾਨੀ ਤੇ ਦੁੱਖ ਭਰੇ ਅਹਿਸਾਸ ਨਾਲ, ਪ੍ਰਾਸ਼ਚਿਤ ਵਜੋਂ ਆਪਣੀਆਂ ਗੱਲਾਂ ‘ਤੇ ਹਲਕੀ ਹਲਕੀ ਥਪਕੀ ਦਿੰਦੀ ਮਾਧਵੀ ਦੇ ਬੋਲ ਸਨ। ਉਸ
ਨੇ ਆਪਣੀ ਬੇਟੀ ਦੀਆ ਗੱਲਾਂ ਨੂੰ ਵੀ ਥਪਥਪਾਉਣ ਦੀ ਕੋਸ਼ਿਸ਼ ਕੀਤੀ ਪਰ ਮੋਹਿਨੀ ਵਲੋਂ ਉਸ ਦੇ ਹੱਥ ਪਰ੍ਹੇ ਹਟਾ ਦੇਣ ਕਾਰਣ ਸਫਲ ਨਾ ਹੋ ਸਕੀ।
“ਕੀ ਕਿਸੇ ਦੇਵਤੇ ਬਾਰੇ ਇੰਝ ਬੋਲੀਦਾ ਹੈ?” ਮਾਧਵੀ ਨੇ ਤਲਖ਼ੀ ਨਾਲ ਪੁੱਛਿਆ।
“ਮੈਂ ਕੀ ਗਲਤ ਕਿਹਾ ਹੈ? ਇਸ ਦੀ ਸ਼ਕਲ ਤਾਂ ਦੇਖੋ। ਡੱਬ-ਖ਼ੜੱਬੇ ਦਾਗਾਂ ਨਾਲ ਭਰਿਆ ਚਿਹਰਾ ਤੇ ਇਹ ਸੁਕੜਾ ਜਿਹਾ ਸਰੀਰ। ਜੋ ਕੋਈ ਵੀ ਇਸ ਨੂੰ ਦੇਖੇਗਾ ਉਹ ਤਾਂ ਮੇਰੇ ਸੈਂਟਰ ਨੂੰ ‘ਕੋਸਮੈਟਿਕ ਸਰਜਰੀ ਸੈਂਟਰ’ ਦੀ ਥਾਂ ਸੋਕੜੇ ਤੇ ਬਦਸੂਰਤੀ ਦਾ ਸੈਂਟਰ ਹੀ ਸਮਝੇਗਾ ।” ਮੋਹਿਨੀ ਨੇ ਤਿੱਖੇ ਬੋਲ ਬੋਲਦਿਆਂ ਜ਼ਰਾ ਝਿਜਕ ਨਾ ਦਿਖਾਈ।
“ਗਨੇਸ਼ਾ! ਗਨੇਸ਼ਾ!” ਆਪਣੇ ਕੰਨਾਂ ਨੂੰ ਢੱਕਦੀ ਹੋਈ ਮਾਧਵੀ ਦੀ ਦੁੱਖ ਭਰੀ ਆਵਾਜ਼ ਸੀ।
ਅੰਬਰ ਵਿਖੇ ਚੰਦਰ ਦੇਵ ਆਪਣੇ ਸਿੰਘਾਸਨ ਤੋਂ ਅਚਾਨਕ ਉੱਠ ਖੜਾ ਹੋਇਆ।
ਗੁੱਸੇ ਵਿਚ ਉਸ ਦਾ ਚਿਹਰਾ ਲਾਲ ਹੋ ਗਿਆ ਸੀ ਤੇ ਉਸ ਦਾ ਪੂਰਾ ਸਰੀਰ ਗੁੱਸੇ ਨਾਲ ਕੰਬ ਰਿਹਾ ਸੀ। ਜਿਵੇਂ ਹੀ ਉਸ ਨੇ ਗੁੱਸੇ ਨਾਲ ਕਦਮ ਪੁੱਟਿਆ ਉਸ ਦੇ ਸਾਹਾਂ ਦੀ ਤੇਜ਼ੀ ਹੋਰ ਵੱਧ ਗਈ।
ਤਾਰਾ ਤੇ ਰੋਹਿਨੀ ਨੂੰ ਇਹ ਸਮਝ ਨਹੀਂ ਸੀ ਆ ਰਿਹਾ ਕਿ ਉਹ ਗੁੱਸੇ ਨਾਲ ਭਰੇ ਪੀਤੇ ਆਪਣੇ ਪਤੀ ਨੂੰ ਕਿਵੇਂ ਸ਼ਾਂਤ ਕਰਨ। ਜਿਸ ਦਾ ਗੁੱਸਾ ਲਗਾਤਾਰ ਵੱਧਦਾ ਜਾ ਰਿਹਾ ਸੀ।
ਆਖ਼ਰ ਤਾਰਾ ਨੇ ਚੁੱਪੀ ਤੋੜਣ ਦਾ ਹੌਂਸਲਾ ਕੀਤਾ ਤੇ ਬੋਲੀ,”ਜਾਨੂੰ! ਚਿੰਤਾ ਨਾ ਕਰੋ। ਉਸ ਨਾਦਾਨ ਕੁੜੀ ਦੀਆਂ ਗੱਲਾਂ ਦਾ ਗੁੱਸਾ ਕੀ ਕਰਣਾ। ਆਖ਼ਰ ਉਸ ਦਾ ਨਾਮ ਵੀ ਤਾਂ ਮੋਹਿਨੀ (ਭਾਵ ਮਾਇਆ ਜਾਂ ਭ੍ਰਾਂਤੀ) ਹੀ ਹੈ। ਕੀ ਕੋਈ ਭਰਮ ਭਰੇ ਸ਼ਬਦਾਂ ਨੂੰ ਵੀ ਕਦੇ ਮਹੱਤਵ ਦਿੰਦਾ ਹੈ?”
“ਦੇਖੋ ਤਾਂ ਉਸ ਦੀ ਮਾਂ ਨੇ ਵੀ “ਗਨੇਸ਼ਾ! ਗਨੇਸ਼ਾ!” ਕਹਿੰਦੇ ਹੋਏ ਆਪਣੇ ਕੰਨ ਢੱਕ ਲਏ ਨੇ।” ਰੋਹਿਨੀ ਨੇ ਵੀ ਉਸ ਦਾ ਮਨ ਲੁਭਾਉਣ ਦਾ ਯਤਨ ਕਰਦੇ ਹੋਏ ਕਿਹਾ।
“ਗਨੇਸ਼ਾ! ਗਨੇਸ਼ਾ!” ਚੰਦਰ ਦੇਵ ਨੇ ਗੁੱਸੇ ਵਿਚ ਕਿਹਾ।
ਉਸ ਨੇ ਵੀ ਤਾਂ ਘੱਟ ਨਹੀਂ ਸੀ ਕੀਤੀ ਮੇਰੇ ਨਾਲ। ਭਾਦਰੋਂ ਮਹੀਨੇ ਦੀ ਚੋਥ ਨੂੰ ਉਸ ਦਾ ਜਨਮ ਦਿਨ ਸੀ। ਜਨਮ ਦਿਨ ਦੀ ਪਾਰਟੀ ਵਿਚ ਖੂਬ ਖਾ-ਪੀ ਕੇ ਜਦ ਗੋਲ-ਮਟੋਲ ਗਨੇਸ਼ਾ ਆਪਣੇ ਛੋਟੂ ਜਿਹੇ ਮੂਸ਼ਿਕਾ (ਚੂਹਾ) ਉੱਤੇ ਘਰ ਵਾਪਸ ਆ ਰਿਹਾ ਸੀ ਤਦ ਮੇਰਾ ਤਾਂ ਹਾਸਾ ਹੀ ਨਿਕਲ ਗਿਆ। ਇਸ ਵਿਚ ਭਲਾ ਕਿਹੜੀ ਗੱਲ ਸੀ ਗੁੱਸੇ ਹੋਣ ਦੀ। ਗੁੱਸੇ ਵਿਚ ਉਸ ਨੇ ਪਹਿਲਾਂ ਤਾਂ ਮੇਰੀ ਰੋਸ਼ਨੀ ਖੋਹ ਲਈ ਤੇ ਫਿਰ ਹੋਰ ਦੇਵਤਿਆਂ ਦੇ ਸਮਝਾਉਣ ਉੱਤੇ ਸਰਾਪ ਦਾ ਅਸਰ ਘੱਟ ਤਾਂ ਕੀਤਾ ਪਰ ਨਾਲ ਹੀ ਸ਼ਰਤ ਲਗਾ ਦਿੱਤੀ ਕਿ ਜੇ ਕੋਈ ਭਾਦਰੋਂ ਦੇ ਚੋਥੇ ਦਿਨ ਮੇਰੇ ਦਰਸ਼ਨ ਕਰੇਗਾ, ਉਸ ਨੂੰ ਪਾਪ ਲਗੇਗਾ।”
“ਚਲੋ ਛੱਡੋ ਪੁਰਾਣੀਆਂ ਗੱਲਾਂ ਨੂੰ, ਜਾਨੂੰ! ਹੁਣ ਤਾਂ ਹਾਲਾਤ ਠੀਕ ਨੇ। ਫਿਰ ਪ੍ਰੇਸ਼ਾਨੀ
ਕਿਉਂ?” ਤਾਰਾ ਦੇ ਧਰਵਾਸ ਭਰੇ ਬੋਲ ਸਨ।
“ਇਹ ਤਾਂ ਭਲਾ ਹੋਵੇ ਮਹਾਂਦੇਵ ਸ਼ਿਵ ਦਾ, ਜਿਸ ਨੇ ਆਪਣੀਆਂ ਜਟਾਂ ਵਿਚ ਸਥਾਨ ਦੇ ਮੈਨੂੰ ਮਾਣ ਬਖ਼ਸ਼ਿਆ।” ਕਹਿੰਦਿਆਂ ਚੰਦਰ ਦੇਵ ਦੇ ਚਿਹਰੇ ਉੱਤੇ ਧੰਨਵਾਦ ਤੇ ਖੁਸ਼ੀ ਦੀ ਹਲਕੀ ਜਿਹੀ ਲਹਿਰ ਨਜ਼ਰ ਆ ਰਹੀ ਸੀ।
“ਖੈਰ, ਕੇਨੈਡਾ ਦੇ ਕਿਸੇ ਥਾਂ ਕਿਸੇ ਨੇ ਕੀ ਕਿਹਾ, ਉਸ ਬਾਰੇ ਸੋਚਣ ਦੀ ਕੀ ਲੋੜ ਹੈ, ਜਾਨੂੰ! ਜ਼ਰਾ ਚੀਨ ਦੀ ਧਰਤੀ ਵੱਲ ਨਜ਼ਰ ਮਾਰੋ, ਦੇਖੋ ਕਿਵੇਂ ਸਾਰੇ ਲੋਕ ਪੂਰੀ ਨਿਸ਼ਠਾ ਨਾਲ ਤੁਹਾਨੂੰ ਸ਼ਰਧਾ ਭੇਂਟ ਕਰ ਰਹੇ ਹਨ।” ਰੋਹਿਨੀ ਨੇ ਚੰਦਰ ਦੇਵ ਦਾ ਮਨ ਲੁਭਾਉਣ ਦੇ ਰੋਅ ਵਿਚ ਕਿਹਾ।
“ਹਾਂ! ਹਾਂ! ਦੇਖੋ! ਦੇਖੋ! ਉਹ ਸਾਰੇ ਮੂਨ ਫੈਸਟੀਵਲ ਕਿੰਨੀ ਧੂੰਮਧਾਮ ਨਾਲ ਮਨਾ ਰਹੇ ਹਨ।” ਤਾਰਾ ਦੇ ਰੋਹਿਨੀ ਦੀ ਕੋਸ਼ਿਸ਼ ਦਾ ਸਮਰਥਨ ਕਰਦੇ ਹੋਏ ਬੋਲ ਸਨ।
ਤਦ ਸਾਰਿਆਂ ਨੇ ਇਕੱਠਿਆਂ ਆਪਣਾ ਸਿਰ ਚੀਨ ਵੱਲ ਘੁੰਮਾਇਆ। ਸਾਫ਼ ਤੇ ਨੀਲੇ ਅੰਬਰ ਹੇਠ ਪੱਤਝੜ ਦੀ ਰੁੱਤ ਵਾਲਾ ਚੀਨ ਉਨ੍ਹਾਂ ਦੀਆਂ ਨਜ਼ਰਾਂ ਸਾਹਮਣੇ ਪ੍ਰਗਟ ਹੋ ਗਿਆ।
ਪੂਰੇ ਦੇਸ਼ ਵਿਚ ਹੀ ਮੂਨ ਫੈਸਟੀਵਲ ਦੀਆਂ ਤਿਆਰੀਆਂ ਭਰੀ ਚਹਿਲ ਪਹਿਲ ਨਜ਼ਰ ਆ ਰਹੀ ਸੀ।
ਪਿੰਡਾਂ, ਨਗਰਾਂ ਤੇ ਸ਼ਹਿਰਾਂ, ਹਰ ਜਗਹ ਹੀ ਲੋਕ ਸੋਹਣੇ ਸੋਹਣੇ ਕੱਪੜੇ ਪਾਈ ਸਮਾਗਮਾਂ ਦੀ ਤਿਆਰੀ ਵਿਚ ਜੁੱਟੇ ਹੋਏ ਸਨ। ਬੱਚੇ ਰੰਗ ਬਰੰਗੇ ਕਾਗਜ਼ਾਂ ਦੀਆਂ ਵੰਨਸੁਵੰਨੀਆਂ ਲਾਲਟੈਨਾਂ ਬਨਾਉਣ ਵਿਚ ਰੁੱਝੇ ਸਨ। ਮਕਾਨਾਂ ਤੇ ਦੁਕਾਨਾਂ ਨੂੰ ਸੋਹਣੇ ਰੰਗਾਂ ਵਿਚ ਰੰਗਿਆਂ ਗਿਆ ਸੀ। ਮਿਠਾਈ ਵਾਲੀਆਂ ਦੁਕਾਨਾਂ ਉੱਤੇ ਭਿੰਨ ਭਿੰਨ ਡਿਜ਼ਾਇਨਾਂ ਵਾਲੇ ਸੁਆਦਲੇ ਮੂਨ ਕੇਕਸ ਦੀ ਖਰੀਦੋ ਫਰੋਖ਼ਤ ਪੂਰੇ ਜ਼ੋਰਾਂ ਉੱਤੇ ਸੀ।
ਅਨੇਕ ਸਥਾਨਾਂ ‘ਤੇ ਰੰਗਬਰੰਗੇ ਫੁੱਲਾਂ ਵਾਲੇ ਹਾਰਾਂ ਨਾਲ ਸਟੇਜਾਂ ਸਜਾਈਆਂ ਗਈਆਂ ਸਨ। ਥਾਂ ਥਾਂ ਸਟੇਜਾਂ ਉਪਰ ਤੇ ਕਈ ਜਗਹ ਬਾਜ਼ਾਰਾਂ ਵਿਚ ਵੀ ਬੱਚੇ ਡਰੈਗਨ ਡਾਂਸ ਜਾਂ ਲਾਇਨ ਡਾਂਸ ਕਰਨ ਵਿਚ ਮਸਰੂਫ਼ ਸਨ।
ਕਿਧਰੇ ਬਹੁਤ ਹੀ ਖੂਬਸੂਰਤੀ ਨਾਲ ਸਜਾਏ ਬਾਜ਼ਾਰਾਂ ਵਿਚੋਂ ਲਾਲਟੈੱਨ ਕਾਰਨੀਵਾਲ ਲੰਘ ਰਿਹਾ ਸੀ। ਲਾਊਡ ਸਪੀਕਰਾਂ ਤੋਂ ਆ ਰਹੀ ਮਧੁਰ ਸੰਗੀਤ ਦੀ ਆਵਾਜ਼ ਹਰ ਕਿਸੇ ਦਾ ਮਨ ਮੋਹ ਰਹੀ ਸੀ। ਥਾਂ ਥਾਂ ਖੁੱਲੇ ਅੰਬਰ ਹੇਠ, ਪੂਰਨਿਮਾਂ ਦੇ ਚੰਦ ਦੀ ਪੂਜਾ ਲਈ ਥਾਲੀਆਂ ਵਿਚ ਅਗਰਬਤੀਆਂ ਜਗਾਈ ਤੇ ਫਲ, ਫੁੱਲ, ਮਿਠਾਈ, ਤੇ ਮੂਨ ਕੇਕ ਸਜਾਈ, ਹਰ ਕੋਈ ਚੰਦ ਦੇ ਪ੍ਰਗਟ
ਹੋਣ ਦੇ ਇੰਤਜ਼ਾਰ ਵਿਚ ਸੀ।
ਚੰਦਰ ਦੇਵ, ਇੰਨੇ ਲੋਕਾਂ ਨੂੰ ਆਪਣੀ ਸੇਵਾ ਵਿਚ ਹਾਜ਼ਿਰ ਦੇਖ, ਖੁਸ਼ ਹੋ ਗਿਆ ਸੀ।
ਚੰਦਰ ਦੇਵ ਨੂੰ ਖੁਸ਼ ਹੋਇਆ ਦੇਖ, ਤਾਰਾ ਤੇ ਰੋਹਿਨੀ ਮੁਸਕਰਾ ਪਈਆ। ਵਿਸ਼ਵ ਭਰ ਵਿਚ ਉਸ ਦੇ ਸਨਮਾਨ ਵਿਚ ਹੋ ਰਹੇ ਸਮਾਗਮਾਂ ਨੂੰ ਦੇਖ ਚੰਦਰ ਦੇਵ ਗਦ ਗਦ ਹੋ ਗਿਆ ਸੀ। ਤਦ ਹੀ ਉਸ ਨੇ ਭਾਰਤ ਵੱਲ ਮੂੰਹ ਘੁੰਮਾਇਆ।
ਉਸ ਦਾ ਧਿਆਨ ਉੱਤਰ ਭਾਰਤ ਦੇ ਇਕ ਬਹੁਤ ਹੀ ਸੁਹਣੇ ਢੰਗ ਨਾਲ ਸਜਾਏ ਘਰ ਦੀ ਛੱਤ ਉੱਤੇ ਚਲਾ ਗਿਆ।
ਇਥੇ ਨੋਜੁਆਨ ਬੱਚਿਆਂ ਦੀ ਮਹਿਫਲ ਸਜੀ ਹੋਈ ਸੀ। ਜੋ ਜ਼ੋਰ ਜ਼ੋਰ ਨਾਲ ਤਾਲੀਆਂ ਵਜਾ ਕੇ ਗੀਤ ਗਾ ਰਹੇ ਸਨ।
“ਰਾਤਾਂ ਦੇ ਹਨੇਰੇ ਵਿਚ, ਘਰ ਘਰ ਝਾਤੀ ਮਾਰੇ।
ਚੋਰਾਂ ਤੇ ਯਾਰਾਂ ਨੂੰ ਰਸਤੇ ਦਿਖਾਲਦਾ, ਸੁਕੜੇ ਸਰੂਪ ਦਾ, ਚਾਨਣੇ ਉਧਾਰ ਦਾ, ਚਿਹਰੇ ਦੇ ਦਾਗਾਂ ਦਾ, ਰਤਾ ਨਾ ਖਿਆਲ ਏ।”
“ਕੀ?” ਚੰਦਰ ਦੇਵ ਗੁੱਸੇ ਵਿਚ ਚੀਖਿਆ। “ਸੁਣਿਆ? ਕੀ ਬਕ ਰਹੇ ਨੇ ਇਹ? ਇਸ ਤੋਂ ਵੱਧ ਕੋਈ ਕਿਸੇ ਬਾਰੇ ਕੀ ਬੁਰਾ ਕਹਿ ਸਕਦਾ ਏ। ਇਨ੍ਹਾਂ ਕੋਲ ਮੇਰੀ ਬੁਰਾਈ ਕਰਨ ਤੋਂ ਬਿਨ੍ਹਾ ਹੋਰ ਕੋਈ ਗੱਲ ਹੀ ਨਹੀਂ ਹੈ। ਜਿਵੇਂ ਮੈਂ ਬਹੁਤ ਬਦਸੂਰਤ ਤੇ ਭੈੜਾ ਹੋਵਾਂ।”
“ਗੁੱਸਾ ਨਾ ਕਰੋ। ਨਾਦਾਨ ਨੇ ਇਹ ਸਾਰੇ ……” ਤਾਰਾ ਨੇ ਧਰਵਾਸ ਦੇਣ ਦਾ ਯਤਨ ਕਰਦੇ ਹੋਏ ਕਿਹਾ।
“ਹਾਂ! ਹਾਂ! ਨਾਦਾਨ ਨੇ। ਪਰ ਜ਼ਰਾ ਸੋਚੋ ਜੇ ਇਸ ਉਮਰ ਵਿਚ ਇਨ੍ਹਾਂ ਦਾ ਇਹ ਹਾਲ ਹੈ ਤਾਂ ਵੱਡੇ ਹੋ ਕੇ ਮੇਰੀ ਕੀ ਇੱਜ਼ਤ ਕਰਨਗੇ?” ਚੰਦਰ ਦੇਵ ਨੇ ਤਾਰਾ ਦੀ ਗੱਲ ਨੂੰ ਵਿਚੋਂ ਹੀ ਟੋਕਦੇ ਹੋਏ ਕਿਹਾ।
ਰੋਹਿਨੀ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਉਹ ਚੰਦਰ ਦੇਵ ਦਾ ਗੁੱਸਾ ਦੂਰ ਕਿਵੇਂ ਕਰੇ। ਗੱਲ ਨੂੰ ਬਦਲਣ ਲਈ ਉਸ ਨੇ ਕਿਸੇ ਹੋਰ ਦਿਸ਼ਾ ਵੱਲ ਇਸ਼ਾਰਾ ਕਰਦੇ ਹੋਏ ਕਿਹਾ; “ਓਹ ਪਰ੍ਹੇ ਕੁਝ ਵੱਡੇ ਬੱਚੇ ਨਜ਼ਰ ਆ ਰਹੇ ਹਨ।
ਆਓ ਸੁਣੀਏ ਉਹ ਕੀ ਕਹਿ ਰਹੇ ਨੇ।”
“ਘਰ ਵਿਚ ਰੋਹਿਨੀ, ਤੇ ਹੋਰ ਛੱਬੀ ਰਾਣੀਆਂ।
ਤਾਰਾ ਪਿੱਛੇ ਤੁਰੀ ਫਿਰੇ, ਵੱਖਰਾ ਮਿਜ਼ਾਜ਼ ਏ।
ਚਿਹਰੇ ਦੇ ਦਾਗਾਂ ਦਾ, ਰਤਾ ਨਾ ਖਿਆਲ ਏ।”
“ਤੋਬਾ! ਤੋਬਾ! …… ਫਿਰ ਉਹੀ ਕੁਬੋਲ।” ਚੰਦਰ ਦੇਵ ਨੇ ਚੀਖਦੇ ਹੋਏ ਕਿਹਾ।
“ਸ਼ਾਂਤ ਹੋ ਜਾਓ ਜਾਨੂੰ! ਸ਼ਾਂਤ। ਪੂਰਾ ਗੀਤ ਤਾਂ ਸੁਣ ਲਉ।” ਤਾਰਾ ਨੇ ਜ਼ੋਰ ਪਾਉਂਦਿਆ ਉਸ ਨੂੰ ਦੁਬਾਰਾ ਉਸੇ ਟੋਲੀ ਦਾ ਗੀਤ ਸੁਨਣ ਲਈ ਕਿਹਾ।
[email protected]
(ਚੱਲਦਾ)

Check Also

CLEAN WHEELS

Medium & Heavy Vehicle Zero Emission Mission ਹੇ ਸਾਥੀ ਟਰੱਕਰਜ਼, ਕੀ ਤੁਸੀਂ ਹੈਰਾਨ ਹੋ ਰਹੇ …