ਅੰਦੋਲਨ ‘ਚ ਬਲਬੀਰ ਰਾਜੇਵਾਲ, ਉਗਰਾਹਾਂ ਤੇ ਡਾ.ਦਰਸ਼ਨ ਪਾਲ ਦੀ ਰਹੀ ਅਹਿਮ ਭੂਮਿਕਾ
ਚੰਡਗੀੜ੍ਹ/ਬਿਊਰੋ ਨਿਊਜ਼ : ਖੇਤੀ ਕਾਨੂੰਨਾਂ ਖਿਲਾਫ ਲੜਾਈ ਕਿਸਾਨਾਂ ਨੇ ਜਿੱਤ ਲਈ ਹੈ ਅਤੇ ਕਾਲੇ ਖੇਤੀ ਕਾਨੂੰਨ ਖਤਮ ਹੋ ਚੁੱਕੇ ਹਨ। ਇਸ ਕਿਸਾਨ ਅੰਦੋਲਨ ਦੀ ਜਿੱਤ ਵਿਚ ਪੰਜਾਬ ਦੇ ਪੰਜ ਕਿਸਾਨ ਆਗੂਆਂ ਦਾ ਅਹਿਮ ਯੋਗਦਾਨ ਰਿਹਾ। ਉਨ੍ਹਾਂ ਵਿਚ ਜੋਗਿੰਦਰ ਸਿੰਘ ਉਗਰਾਹਾਂ, ਬਲਬੀਰ ਸਿੰਘ ਰਾਜੇਵਾਲ, ਡਾ. ਦਰਸ਼ਨ ਪਾਲ, ਰਾਜਿੰਦਰ ਸਿੰਘ ਦੀਪਵਾਲਾ ਅਤੇ ਹਰਮੀਤ ਸਿੰਘ ਕਾਦੀਆਂ ਸ਼ਾਮਲ ਹਨ।
ਜ਼ਿਕਰਯੋਗ ਹੈ ਕਿਸਾਨ ਅੰਦੋਲਨ ਦੀ ਰੂਪ ਰੇਖਾ ਉਦੋਂ ਬਣੀ ਸੀ, ਜਦੋਂ ਕੇਂਦਰ ਦੀ ਮੋਦੀ ਸਰਕਾਰ 5 ਜੂਨ, 2020 ਨੂੰ ਕਰੋਨਾ ਕਾਲ ਦੌਰਾਨ ਖੇਤੀ ਕਾਨੂੰਨਾਂ ਦੇ ਸਬੰਧ ਇਕ ਬਿੱਲ ਲੈ ਕੇ ਆਈ। ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਇਸਦਾ ਵਿਰੋਧ ਸ਼ੁਰੂ ਕੀਤਾ। ਵੱਖ-ਵੱਖ ਵਿਚਾਰਧਾਰਾ ਨਾਲ ਸੰਘਰਸ਼ ਕਰਨ ਵਾਲੇ ਕਿਸਾਨ ਆਗੂਆਂ ਨੇ ਇਕ ਸੁਰ ਵਿਚ ਇਸ ਬਿੱਲ ਖਿਲਾਫ ਆਵਾਜ਼ ਉਠਾਈ। ਅੰਦੋਲਨ ਦੇ ਦੌਰਾਨ ਚਾਹੇ ਦੂਜੇ ਰਾਜਾਂ ਦੇ ਕਿਸਾਨਾਂ ਨਾਲ ਸੰਪਰਕਕਰਨ ਦਾ ਕੰਮ ਹੋਵੇ ਜਾਂ ਫਿਰ ਦਿੱਲੀ ਕੂਚ ਦੌਰਾਨ ਰਸਤੇ ਵਿਚ ਬੈਰੀਕੇਡ ਲੰਘਣ ਦੀ ਕਵਾਇਦ ਹੋਵੇ, ਇਨ੍ਹਾਂ ਸਾਰੇ ਕੰਮਾਂ ਲਈ ਪੰਜਾਬ ਦੇ ਕਿਸਾਨ ਆਗੂਆਂ ਦੀ ਅਹਿਮ ਭੂਮਿਕਾ ਰਹੀ ਹੈ। ਤਿੰਨ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਦਿੱਲੀ ਦੀਆਂ ਸਰਹੱਦਾਂ ‘ਤੇ ਇਕ ਸਾਲ ਤੋਂ ਵੱਧ ਸਮਾਂ ਕਿਸਾਨ ਅੰਦੋਲਨ ਚਲਦਾ ਰਿਹਾ ਅਤੇ ਕਿਸਾਨ ਅੰਦੋਲਨ ਮੁਲਤਵੀ ਹੋਣ ਤੋਂ ਬਾਅਦ ਹੁਣ ਕਿਸਾਨ ਆਪੋ ਆਪੋ ਘਰੀਂ ਜਾ ਚੁੱਕੇ ਹਨ। ਜ਼ਿਕਰਯੋਗ ਹੈ ਕਿ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਅਜੇ ਤੱਕ ਕਿਸਾਨ ਅੰਦੋਲਨ ਖਤਮ ਨਹੀਂ ਹੋਇਆ, ਬਲਕਿ ਮੁਲਤਵੀ ਕੀਤਾ ਗਿਆ ਹੈ ਅਤੇ ਰਹਿੰਦੀਆਂ ਮੰਗਾਂ ਲਈ ਸੰਘਰਸ਼ ਜਾਰੀ ਰਹੇਗਾ।
ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਸੁਨਾਮ ਦੇ ਰਹਿਣ ਵਾਲੇ ਹਨ।
ਉਗਰਾਹਾਂ ਨੇ ਦਿੱਲੀ ਕਿਸਾਨ ਅੰਦੋਲਨ ਦੇ ਦੌਰਾਨ ਟਿੱਕਰੀ ਬਾਰਡਰ ‘ਤੇ ਮੋਰਚਾ ਲਗਾਇਆ। ਸੰਯੁਕਤ ਕਿਸਾਨ ਮੋਰਚੇ ਦੇ ਗਠਨ ਵਿਚ ਉਨ੍ਹਾਂ ਦਾ ਵਿਸ਼ੇਸ਼ ਯੋਗਦਾਨ ਰਿਹਾ। ਸਰਕਾਰ ਦੇ ਸਾਹਮਣੇ ਕਿਸਾਨਾਂ ਦੀ ਗੱਲ ਰੱਖਣ ਅਤੇ ਅੰਦੋਲਨ ਦੀ ਰਣਨੀਤੀ ਬਣਾਉਣ ਵਿਚ ਉਗਰਾਹਾਂ ਦੀ ਵੱਡੀ ਭੂਮਿਕਾ ਰਹੀ। ਡਾ.ਦਰਸ਼ਨ ਪਾਲ ਦਾ ਆਲ ਇੰਡੀਆ ਕਿਸਾਨ ਸੰਘਰਸ਼ ਕੋਆਰਡੀਨੇਸ਼ਨ ਕਮੇਟੀ ਬਣਾਉਣ ਵਿਚ ਅਹਿਮ ਯੋਗਦਾਨ ਰਿਹਾ।
ਡਾ. ਦਰਸ਼ਨ ਪਾਲ ਹੋਰਾਂ ਦਾ ਪਿੰਡ ਪਟਿਆਲਾ ਜ਼ਿਲ੍ਹੇ ਵਿਚ ਰਣਬੀਰਪੁਰਾ ਹੈ। ਅੰਗਰੇਜ਼ੀ ਚੰਗੀ ਹੋਣ ਦੇ ਕਾਰਣ ਖੇਤੀ ਕਾਨੂੰਨਾਂ ਨੂੰ ਪੂਰੀ ਤਰ੍ਹਾਂ ਸਮਝਿਆ ਅਤੇ ਸਰਕਾਰ ਦੇ ਸਾਹਮਣੇ ਡਿਫੈਂਡ ਕਰਨ ਵਿਚ ਅਹਿਮ ਭੂਮਿਕਾ ਵਿਚ ਰਹੇ।
ਫਰੀਦਕੋਟ ਦੇ ਪਿੰਡ ਦੀਪ ਸਿੰਘ ਵਾਲਾ ਦਾ ਕਿਸਾਨ ਆਗੂ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕਿਸਾਨ ਅੰਦੋਲਨ ਦੇ ਸ਼ੁਰੂਆਤੀ ਦਿਨਾਂ ਵਿਚ ਅੰਗਰੇਜ਼ੀ ਮੀਡੀਆ ਦੇ ਸਾਹਮਣੇ ਗੱਲ ਰੱਖੀ। ਵਕਾਲਤ ਪਾਸ ਰਾਜਿੰਦਰ ਸਿੰਘ ਨੇ ਕਿਸਾਨਾਂ ਦੀ ਅਸਲੀ ਤਸਵੀਰ ਪੇਸ਼ ਕੀਤੀ। ਪੱਛਮੀ ਬੰਗਾਲ ਵਿਚ ਭਾਜਪਾ ਦੇ ਖਿਲਾਫ ਆਵਾਜ਼ ਬੁਲੰਦ ਕਰਨ ਲਈ ਸੰਯੁਕਤ ਕਿਸਾਨ ਮੋਰਚਾ ਨੇ ਜ਼ਿੰਮੇਵਾਰੀ ਸੌਂਪੀ ਸੀ।
ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਤ ਹਨ। ਹਰਮੀਤ ਸਿੰਘ ਕਾਦੀਆਂ ਦੇ ਹਿੱਸੇ ਸੰਯੁਕਤ ਕਿਸਾਨ ਮੋਰਚਾ ਨੂੰ ਫੰਡ ਮੁਹੱਈਆ ਕਰਵਾਉਣ, ਸਰਕਾਰ ਤੱਕ ਗੱਲ ਰੱਖਣ ਲਈ ਪ੍ਰਬੰਧ ਕਰਨ ਜਿਹੇ ਕੰਮ ਸਨ। ਹਰਮੀਤ ਨੇ ਕੇਂਦਰ ਸਰਕਾਰ ਨਾਲ ਹੋਈਆਂ ਸੰਯੁਕਤ ਕਿਸਾਨ ਮੋਰਚੇ ਦੀਆਂ ਮੀਟਿੰਗਾਂ ਵਿਚ ਵਧ ਚੜ੍ਹ ਕੇ ਹਿੱਸਾ ਲਿਆ। ਉਹ ਚੰਗੇ ਰਣਨੀਤੀਕਾਰ ਦੇ ਤੌਰ ‘ਤੇ ਉਭਰ ਕੇ ਸਾਹਮਣੇ ਆਏ।
ਅੰਦੋਲਨ ਦੇ ਵੱਡੇ ਰਣਨੀਤੀਕਾਰ ਬਲਬੀਰ ਸਿੰਘ ਰਾਜੇਵਾਲ
ਬਲਬੀਰ ਸਿੰਘ ਰਾਜੇਵਾਲ ਹੋਰਾਂ ਦਾ ਪਿੰਡ ਲੁਧਿਆਣਾ ਜ਼ਿਲ੍ਹੇ ਵਿਚ ਰਾਜੇਵਾਲ ਹੈ। ਬਲਬੀਰ ਸਿੰਘ ਰਾਜੇਵਾਲ ਹੋਰਾਂ ਨੇ ਕਿਸਾਨ ਅੰਦੋਲਨ ‘ਚ ਰਣਨੀਤੀ ਬਣਾਉਣ ਅਤੇ ਕੇਂਦਰ ਨਾਲ ਹੋਈਆਂ 11 ਮੀਟਿੰਗਾਂ ਵਿਚ ਕਿਸਾਨਾਂ ਦਾ ਪੱਖ ਮਜ਼ਬੂਤੀ ਨਾਲ ਰੱਖਿਆ। ਰਾਜੇਵਾਲ ਹੋਰਾਂ ਨੇ ਫੌਜ ਵਿਚੋਂ ਰਿਟਾਇਰ ਹੋ ਕੇ ਕਿਸਾਨਾਂ ਲਈ ਕੰਮ ਕੀਤੇ। ਉਨ੍ਹਾਂ ਕਿਸਾਨ ਯੂਨੀਅਨ (ਰਾਜੇਵਾਲ) ਵੀ ਬਣਾਈ, ਜਿਸ ਦੇ ਉਹ ਪ੍ਰਧਾਨ ਹਨ। ਰਾਜੇਵਾਲ ਅਜੇ ਤੱਕ ਕਿਸੇ ਵੀ ਰਾਜਨੀਤਕ ਪਾਰਟੀ ਨਾਲ ਨਹੀਂ ਜੁੜੇ ਹਨ।