Breaking News
Home / ਕੈਨੇਡਾ / ਫੈਡਰਲ ਚੋਣਾਂ ‘ਚ ਕਿਸੇ ਵੀ ਪਾਰਟੀ ਨੂੰ ਸਪੱਸ਼ਟ ਬਹੁਮਤ ਮਿਲਣਾ ਮੁਸ਼ਕਲ

ਫੈਡਰਲ ਚੋਣਾਂ ‘ਚ ਕਿਸੇ ਵੀ ਪਾਰਟੀ ਨੂੰ ਸਪੱਸ਼ਟ ਬਹੁਮਤ ਮਿਲਣਾ ਮੁਸ਼ਕਲ

338 ਸੀਟਾਂ ਲਈ 2146 ਉਮੀਦਵਾਰ ਮੈਦਾਨ ਵਿਚ
ਵਿਨੀਪੈਗ/ਬਿਊਰੋ ਨਿਊਜ਼
ਕੈਨੇਡਾ ਵਿਚ 21 ਅਕਤੂਬਰ ਨੂੰ ਹੋਣ ਵਾਲੀ ਸੰਸਦੀ ਚੋਣ ਵਿਚ ਇਲੈੱਕਸ਼ਨ ਕੈਨੇਡਾ (ਚੋਣ ਕਮਿਸ਼ਨ) ਵੱਲੋਂ ਕੁੱਲ 338 ਸੀਟਾਂ ਤੋਂ 2146 ਉਮੀਦਵਾਰਾਂ ਦੇ ਨਾਮਜ਼ਦਗੀ ਪੇਪਰਾਂ ਨੂੰ ਪ੍ਰਵਾਨਗੀ ਦੇ ਕੇ ਸੂਚੀ ਜਾਰੀ ਕਰ ਦਿੱਤੀ ਗਈ ਹੈ। ਕੈਨੇਡਾ ‘ਚ 21 ਰਾਜਨੀਤਕ ਪਾਰਟੀਆਂ ਰਜਿਸਟਰਡ ਹਨ। ਹਾਲੇ ਤੱਕ ਸਰਵੇਖਣਾਂ ਵਿਚ ਕਿਸੇ ਵੀ ਪਾਰਟੀ ਨੂੰ ਸਪਸ਼ਟ ਬਹੁਮਤ ਮਿਲਦਾ ਦਿਖਾਈ ਨਹੀ ਦੇ ਰਿਹਾ ਹੈ। ਹਾਲ ਦੀ ਘੜੀ ਲਿਬਰਲ ਤੇ ਕੰਸਰਵੇਟਿਵ ਪਾਰਟੀ ਵਿਚਕਾਰ ਸਖ਼ਤ ਟੱਕਰ ਮੰਨੀ ਜਾ ਰਹੀ ਹੈ। ਜੇ ਲਿਬਰਲ ਪਾਰਟੀ ਨੂੰ ਪੂਰਾ ਬਹੁਮਤ ਨਹੀਂ ਮਿਲਦਾ ਤਾਂ ਉਹ ਐੱਨਡੀਪੀ ਪਾਰਟੀ ਤੋਂ ਸਮਰਥਨ ਲੈ ਸਕਦੀ ਹੈ। ਜੇ ਲਿਬਰਲ ਐਨਡੀਪੀ ਦੀ ਮਦਦ ਨਾਲ ਸਰਕਾਰ ਬਣਾਉਂਦੀ ਹੈ ਤਾਂ ਕੈਨੇਡਾ ਦੇ ਇਤਿਹਾਸ ‘ਚ ਪਹਿਲਾ ਸਿੱਖ ਉਪ ਪ੍ਰਧਾਨ ਮੰਤਰੀ ਜਗਮੀਤ ਸਿੰਘ ਦੇ ਰੂਪ ‘ਚ ਹੋ ਸਕਦਾ ਹੈ।
ਮੈਨੀਟੋਬਾ ਦੀਆਂ 14 ਸੀਟਾਂ ਤੋਂ ਕੰਸਰਵੇਟਿਵ ਪਾਰਟੀ ਅੱਗੇ ਚੱਲ ਰਹੀ ਹੈ। ਲਿਬਰਲ ਪਾਰਟੀ ਦੀ ਵਿਨੀਪੈੱਗ ਦੇ ਸ਼ਹਿਰੀ ਇਲਾਕੇ ਡਾਊਨ ਟਾਊਨ ਵਿਚ ਘਟੀ ਲੋਕਪ੍ਰਿਅਤਾ ਉਨ੍ਹਾਂ ਲਈ ਮੁਸ਼ਕਲਾਂ ਪੈਦਾ ਕਰ ਸਕਦੀ ਹੈ। ਵਿਨੀਪੈੱਗ ਨਾਰਥ ਤੋਂ ਲਿਬਰਲ ਪਾਰਟੀ ਐੱਨਡੀਪੀ ਤੋਂ ਅੱਗੇ ਚੱਲ ਰਹੀ ਹੈ। ਇਸ ਹਲਕੇ ਤੋਂ ਪੰਜਾਬੀ ਵੋਟ ਜਿੱਤ ਹਾਰ ਵਿਚ ਵੱਡਾ ਯੋਗਦਾਨ ਪਾਵੇਗੀ। ਇਕ ਫਰਮ ਦੇ ਸਰਵੇਖਣ ਅਨੁਸਾਰ ਵਿਨੀਪੈੱਗ ‘ਚ ਲਿਬਰਲ ਨੂੰ 33 ਫ਼ੀਸਦੀ, ਕੰਸਰਵੇਟਿਵ ਨੂੰ 32 ਫ਼ੀਸਦੀ ਅਤੇ ਐਨਡੀਪੀ ਨੂੰ 24 ਫ਼ੀਸਦੀ ਲੋਕਾਂ ਦੀ ਹਮਾਇਤ ਮਿਲੀ। ਸਰਵੇ ਅਨੁਸਾਰ ਐੱਨਡੀਪੀ ਤੀਜੇ ਸਥਾਨ ‘ਤੇ ਚੱਲ ਰਹੀ ਹੈ। ਮੈਨੀਟੋਬਾ ਯੂਨੀਵਰਸਿਟੀ ਦੇ ਰਾਜਨੀਤਕ ਅਧਿਐਨ ਦੇ ਪ੍ਰੋਫੈਸਰ ਪੋਲ ਥਾਮਸ ਨੇ ਕਿਹਾ ਤਕਰੀਬਨ 17 ਪ੍ਰਤੀਸ਼ਤ ਲੋਕ ਫਿਲਹਾਲ ਵੋਟ ਪਾਉਣ ਲਈ ਸਪਸ਼ਟ ਨਹੀਂ ਹਨ। ਜ਼ਿਕਰਯੋਗ ਹੈ ਕਿ ਨੇਤਾਵਾਂ ਵੱਲੋਂ ਲੋਕਾਂ ਨੂੰ ਆਪਣੇ ਵੱਲ ਖਿੱਚਣ ਲਈ ਨਵੇਂ-ਨਵੇਂ ਐਲਾਨ ਕੀਤਾ ਜਾ ਰਹੇ ਹਨ, ਪਰ ਮੁੱਖ ਮੁੱਦਿਆਂ ‘ਤੇ ਕੋਈ ਵੀ ਧਿਆਨ ਨਹੀਂ ਦੇ ਰਿਹਾ।
ਵੈਨਕੂਵਰ : ਕੈਨੇਡਾ ਵਿਚ ਇਸ ਵਾਰ ਦੋ ਪਾਰਟੀਆਂ ਦੀ ਸਾਂਝੀ ਸਰਕਾਰ ਬਣਨ ਦੇ ਕਿਆਸ ਲਾਏ ਜਾ ਰਹੇ ਹਨ। ਅਨੁਮਾਨ ਹੈ ਕਿ ਜਗਮੀਤ ਸਿੰਘ ਵੱਲੋਂ ਐੱਨਡੀਪੀ ਦੀ ਅਗਵਾਈ ਕਰ ਕੇ ਸੱਤਾਧਾਰੀ ਲਿਬਰਲ ਵੱਲੋਂ ਜਿੱਤਣ ਵਾਲੇ ਪੰਜਾਬੀਆਂ ਦੀ ਗਿਣਤੀ ਨੂੰ ਖੋਰਾ ਲੱਗੇਗਾ।
ਪਿਛਲੀ ਵਾਰ ਸਰੀ ਨਿਊਟਨ ਅਤੇ ਸਰੀ ਕੇਂਦਰੀ ਤੋਂ ਜਿੱਤੇ ਲਿਬਰਲ ਪਾਰਟੀ ਦੀ ਟਿਕਟ ‘ਤੇ ਜਿੱਤੇ ਕ੍ਰਮਵਾਰ ਸੁੱਖ ਧਾਲੀਵਾਲ ਤੇ ਰਣਦੀਪ ਸਿੰਘ ਸਰਾਏ ਦੀ ਜਿੱਤ ਬਾਰੇ ਹੁਣ ਤਕ ਕੋਈ ਭਰੋਸੇ ਨਾਲ ਕਹਿਣ ਲਈ ਤਿਆਰ ਨਹੀਂ, ਪਰ ਦੋਵਾਂ ਸੀਟਾਂ ਤੋਂ ਜਿੱਤਣ ਵਾਲਾ ਪੰਜਾਬੀ ਹੋਵੇਗਾ।
ਵੈਨਕੂਵਰ ਦੱਖਣੀ ਹਲਕੇ ਤੋਂ ਪਿਛਲੀ ਵਾਰ ਸ਼ਾਨਦਾਰ ਜਿੱਤ ਹਾਸਲ ਕਰਕੇ ਰੱਖਿਆ ਮੰਤਰੀ ਬਣੇ ਹਰਜੀਤ ਸਿੰਘ ਸੱਜਣ ਦਾ ਮੁਕਾਬਲਾ ਇਸ ਵਾਰ ਸਖਤ ਮੰਨਿਆ ਜਾ ਰਿਹਾ ਹੈ। ਐੱਨਡੀਪੀ ਦੇ ਪ੍ਰਧਾਨ ਜਗਮੀਤ ਸਿੰਘ ਦੇ ਇਸ ਵਾਰ ਵੀ ਅੱਗੇ ਰਹਿਣ ਦੀ ਵੀ ਚਰਚਾ ਹੈ। ਬ੍ਰਿਟਿਸ਼ ਕੋਲੰਬੀਆ ਦੀਆਂ 38 ਸੰਸਦੀ ਸੀਟਾਂ ਲਈ ਪਾਰਟੀਆਂ ਦੇ ਅੰਕੜਿਆਂ ‘ਚ ਵੱਡਾ ਬਦਲਾਅ ਹੋਣ ਦੀਆਂ ਸੰਭਾਵਨਾਵਾਂ ਨਹੀਂ ਜਾਪਦੀਆਂ। ਟੋਰੀ ਆਗੂ ਐਂਡਰਿਊ ਸ਼ੀਅਰ ਅਤੇ ਪਹਿਲੀ ਵਾਰ ਚੋਣ ਮੈਦਾਨ ‘ਚ ਕੁੱਦੀ ਪੀਪਲ ਪਾਰਟੀ ਆਫ ਕੈਨੇਡਾ ਦੇ ਮੈਕਸਿਮ ਬਰਨੀ ਵੱਲੋਂ ਆਵਾਸ ਨੀਤੀ ਨੂੰ ਸਖ਼ਤ ਕਰਨ ਦਾ ਐਲਾਨ ਕੀਤਾ ਗਿਆ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …