Breaking News
Home / ਕੈਨੇਡਾ / ਸੋਨੀਆ ਸਿੱਧੂ ਦੇ ਸਾਈਨ ਰਾਤੋ-ਰਾਤ ਸੜਕਾਂ ਤੋਂ ਹੋਣ ਲੱਗੇ ਗਾਇਬ, ਸੋਸ਼ਲ ਮੀਡੀਆ ‘ਤੇ ਵੀਡੀਓ ਕੀਤੀ ਪੋਸਟ

ਸੋਨੀਆ ਸਿੱਧੂ ਦੇ ਸਾਈਨ ਰਾਤੋ-ਰਾਤ ਸੜਕਾਂ ਤੋਂ ਹੋਣ ਲੱਗੇ ਗਾਇਬ, ਸੋਸ਼ਲ ਮੀਡੀਆ ‘ਤੇ ਵੀਡੀਓ ਕੀਤੀ ਪੋਸਟ

ਚੋਣਾਂ ਕਿਸੇ ਦੇ ਸਾਈਨ ਉਤਾਰ ਕੇ ਜਾਂ ਉਨ੍ਹਾਂ ਨੂੰ ਖ਼ਰਾਬ ਕਰਕੇ ਨਹੀਂ ਜਿੱਤੀਆਂ ਜਾਂਦੀਆਂ, ਸਗੋਂ ਇਹ ਲੋਕਾਂ ਦੇ ਦਿਲ ਜਿੱਤ ਕੇ ਜਿੱਤੀਆਂ ਜਾਂਦੀਆਂ ਹਨ : ਸੋਨੀਆ ਸਿੱਧੂ
ਬਰੈਂਪਟਨ/ਡਾ. ਝੰਡ : ਚੋਣਾਂ ਦੇ ਦਿਨ ਨਜ਼ਦੀਕ ਆਉਂਦਿਆਂ ਉਮੀਦਵਾਰਾਂ ਵਿਚ ਸਾਈਨ ਵਾਰ (ਲੜਾਈ) ਦਾ ਰੁਝਾਨ ਵੀ ਵਧਣ ਲੱਗਿਆ ਹੈ। ਜਿੱਥੇ ਪਹਿਲਾਂ ਇੱਕ ਦੂਜੇ ਤੋਂ ਵਧ ਕੇ ਸਾਈਨ ਲਗਾਉਣ ਦੀ ਹੋੜ ਲੱਗੀ ਹੁੰਦੀ ਸੀ, ਉਥੇ ਹੀ ਇਹਨਾਂ ਚੋਣਾਂ ‘ਚ ਇੱਕ ਦੂਜੇ ਦੇ ਸਾਈਨ ਉਤਾਰਨ ਅਤੇ ਖਰਾਬ ਕਰਨ ਦੀਆਂ ਘਟਨਾਵਾਂ ਅੱਜ ਕੱਲ੍ਹ ਸੁਰਖੀਆਂ ‘ਚ ਬਣੀਆਂ ਹੋਈਆਂ ਹਨ। ਤਾਜ਼ਾ ਘਟਨਾ ‘ਚ, ਬਰੈਂਪਟਨ ਸਾਊਥ ਹਲਕੇ ‘ਚੋਂ ਲਿਬਰਲ ਪਾਰਟੀ ਉਮੀਦਵਾਰ ਸੋਨੀਆ ਸਿੱਧੂ ਦੇ ਸਾਈਨ ਪਿਛਲੇ ਕਈ ਦਿਨਾਂ ਤੋਂ ਰਾਤੋਂ ਰਾਤ ਗਾਇਬ ਹੋਣ ਦੀਆਂ ਖਬਰਾਂ ਆ ਰਹੀਆਂ ਹਨ। ਇਸ ਸਬੰਧੀ ਕਈ ਲੋਕਾਂ ਨੇ ਸ਼ਿਕਾਇਤ ਵੀ ਕੀਤੀ ਹੈ ਅਤੇ ਦੁਬਾਰਾ ਸਾਈਨ ਲਗਾਉਣ ਦੀ ਅਪੀਲ ਵੀ ਕੀਤੀ ਹੈ।
ਸੋਨੀਆ ਸਿੱਧੂ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਪਾਈ ਇੱਕ ਵੀਡੀਓ ਵਿਚ ਸਾਫ ਦਿਖਾਈ ਦਿੰਦਾ ਹੈ ਕਿ ਰਾਤ ਦੇ ਸਮੇਂ ਇੱਕ ਗੱਡੀ ਆਉਂਦੀ ਹੈ ਅਤੇ ਇਕ ਵਿਅਕਤੀ ਕਾਰ ਵਿੱਚੋਂ ਇਕ ਆਦਮੀ ਨਿਕਲ ਕੇ ਸੜਕ ਦੇ ਦੂਸਰੇ ਬੰਨੇ ਜਾਂਦਾ ਹੈ ਅਤੇ ਉੱਥੋਂ ਸੋਨੀਆਂ ਦਾ ਵੱਡਾ ਸਾਈਨ ਪੁੱਟ ਕੇ ਆਪਣੀ ਕਾਰ ਵਿਚ ਰੱਖਦਾ ਨਜ਼ਰ ਆਉਂਦਾ ਹੈ।
ਇਸ ਸਬੰਧੀ ਸੋਨੀਆ ਸਿੱਧੂ ਦੇ ਚੋਣ-ਮੁਹਿੰਮ ਦਫ਼ਤਰ ਵੱਲੋਂ ਪ੍ਰਾਪਤ ਸੂਚਨਾ ਅਨੁਸਾਰ ਪਿਛਲੇ ਕੁਝ ਦਿਨਾਂ ਵਿਚ ਉਨ੍ਹਾਂ ਦੇ ਸਾਈਨ ਬੋਰਡਾਂ ਦੇ ਅੱਗੇ ਹੋਰ ਕਈ ਸਾਈਨ ਲਗਾ ਕੇ ਉਨ੍ਹਾਂ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਕਈ ਥਾਵਾਂ ‘ਤੇ ਉਨ੍ਹਾਂ ਨੂੰ ਪੁੱਟ ਕੇ ਗੁੰਮ ਕਰ ਦਿੱਤਾ ਗਿਆ ਹੈ ਜਾਂ ਹੋਰ ਕਈ ਥਾਈਂ ਸਾਈਨਾਂ ‘ਤੇ ਲਾਈਨਾਂ ਮਾਰ ਕੇ ਜਾਂ ਕੁਝ ਊਲ-ਜਲੂਲ ਲਿਖ ਕੇ ਉਨ੍ਹਾਂ ਨੂੰ ਖ਼ਰਾਬ (ਡਿਸਫ਼ਿਗਰ) ਕੀਤਾ ਗਿਆ ਹੈ। ਸੋਨੀਆ ਅਨੁਸਾਰ ਇਹ ਕਾਰਵਾਈ ਅਤੀ ਨਿੰਦਣਯੋਗ ਹੈ। ਸੋਨੀਆ ਸਿੱਧੂ ਵੱਲੋਂ ਪੋਸਟ ਕੀਤੀ ਗਈ ਵੀਡੀਓ ਨੂੰ ਕਈ ਲੋਕਾਂ ਵੱਲੋਂ ਸ਼ੇਅਰ ਕੀਤਾ ਗਿਆ ਹੈ। ਲੋਕਾਂ ਨੇ ਸੋਨੀਆ ਪ੍ਰਤੀ ਸਮਰਥਨ ਦਿਖਾਉਂਦਿਆਂ ਇਹ ਗੱਲ ਆਖੀ ਹੈ ਕਿ ਅਜਿਹੀਆਂ ਕੋਝੀਆਂ ਹਰਕਤਾਂ ਨਾਲ ਹੋਰ ਪਾਰਟੀਆਂ ਬਰੈਂਪਟਨ ਸਾਊਥ ਵਿਚੋਂ ਸਮਰਥਨ ਹਾਸਲ ਨਹੀਂ ਕਰ ਸਕਣਗੀਆਂ। ਲੋਕਾਂ ਦਾ ਮੰਨਣਾ ਹੈ ਕਿ ਸਾਈਨ ਲਗਾਉਣ ਵਿਚ ਵਾਲੰਟੀਅਰਾਂ ਦੀ ਮਿਹਨਤ ਲੱਗੀ ਹੁੰਦੀ ਹੈ ਅਤੇ ਇੰਝ ਸਾਈਨ ਉਤਾਰਨੇ ਜਾਂ ਖਰਾਬ ਕਰਨੇ ਬਹੁਤ ਮਾੜੀ ਗੱਲ ਹੈ ।
ਇਸ ਦੇ ਬਾਰੇ ਆਪਣਾ ਪ੍ਰਤੀਕਰਮ ਦੱਸਦਿਆਂ ਹੋਇਆਂ ਸੋਨੀਆ ਨੇ ਕਿਹਾ, ”ਮੈਂ ਹਾਂ-ਪੱਖੀ ਚੋਣ-ਮੁਹਿੰਮ ਚਲਾਉਣ ਲਈ ਵਚਨਬੱਧ ਹਾਂ ਅਤੇ ਮੈਂ ਆਪਣੇ ਵਾਅਦੇ ‘ਤੇ ਪੂਰੀ ਉੱਤਰੀ ਹਾਂ। ਮੈਨੂੰ ਇਸ ਕਾਰਵਾਈ ਉੱਪਰ ਕੋਈ ਗੁੱਸਾ ਨਹੀ ਹੈ ਪਰ ਇਹ ਵੇਖ ਕੇ ਮੈਨੂੰ ਕੁਝ ਨਿਰਾਸ਼ਾ ਜ਼ਰੂਰ ਹੋਈ ਹੈ। ਇਹ ਵੀਡੀਓ ਅਤੇ ਸਾਈਨ ਲੁਕਾਉਣ ਅਤੇ ਉਨ੍ਹਾਂ ਨੂੰ ਖ਼ਰਾਬ ਕਰਨ ਦੀਆਂ ਕਾਰਵਾਈਆਂ ਹੁੱਲੜਬਾਜ਼ੀ ਦੀਆਂ ਨਿਸ਼ਾਨੀਆਂ ਹਨ। ਮੇਰੇ ਸਾਈਨਾਂ ਦੇ ਗੁੰਮ ਹੋਣ ਦੀਆਂ ਘਟਨਾਵਾਂ ਪਿਛਲੇ ਕੁਝ ਦਿਨਾਂ/ਹਫ਼ਤਿਆਂ ਵਿਚ ਵਾਪਰੀਆਂ ਹਨ। ਮੇਰੇ ਸੈਂਕੜੇ ਸਾਈਨ ਖ਼ਰਾਬ ਕਰ ਦਿੱਤੇ ਗਏ ਹਨ ਜਾਂ ਪੁੱਟ ਦਿੱਤੇ ਗਏ ਹਨ।”
ਉਨ੍ਹਾਂ ਹੋਰ ਦੱਸਿਆ, ”ਮੈਂ ਬਰੈਂਪਟਨ ਸਾਊਥ ਦੇ ਲੋਕਾਂ ਲਈ ਲੜ ਰਹੀ ਹਾਂ ਅਤੇ ਆਪਣੀ ਲੜਾਈ ਜਾਰੀ ਰੱਖਾਂਗੀ। ਚੋਣਾਂ ਕਿਸੇ ਦੇ ਸਾਈਨ ਉਤਾਰ ਕੇ ਜਾਂ ਉਨ੍ਹਾਂ ਨੂੰ ਖ਼ਰਾਬ ਕਰਕੇ ਨਹੀਂ ਜਿੱਤੀਆਂ ਜਾਂਦੀਆਂ, ਸਗੋਂ ਇਹ ਲੋਕਾਂ ਦੇ ਦਿਲ ਜਿੱਤ ਕੇ ਜਿੱਤੀਆਂ ਜਾਂਦੀਆਂ ਹਨ।”

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …