ਪੰਜਾਬ ਦੀ ਧੀ ਅਮਨਦੀਪ ਕੌਰ ਨੂੰ ਮਿਲੇਗਾ ਰਾਸ਼ਟਰੀ ਬਾਲ ਬਹਾਦਰੀ ਪੁਰਸਕਾਰ
ਨਵੀਂ ਦਿੱਲੀ/ਬਿਊਰੋ ਨਿਊਜ਼ : ਨਵੀਂ ਦਿੱਲੀ ’ਚ ਭਲਕੇ ਹੋਣ ਵਾਲੇ ਗਣਤੰਤਰ ਦਿਵਸ ਮੌਕੇ ਕੁੱਲ 901 ਪੁਲਿਸ ਮੁਲਾਜ਼ਮਾਂ ਨੂੰ ਪੁਲਿਸ ਮੈਡਲਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਬਹਾਦਰੀ ਲਈ 140 ਨੂੰ ਪੁਲਿਸ ਮੈਡਲ, 93 ਨੂੰ ਵਿਸ਼ੇਸ਼ ਸੇਵਾ ਲਈ ਰਾਸ਼ਟਰਪਤੀ ਪੁਲਿਸ ਮੈਡਲ ਅਤੇ 668 ਨੂੰ ਸ਼ਾਨਦਾਰ ਸੇਵਾ ਲਈ ਪੁਲਿਸ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ। ਬਹਾਦਰੀ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ’ਚੋਂ ਜ਼ਿਆਦਾ ਖੱਬੇ ਪੱਖੀ ਅੱਤਵਾਦ ਪ੍ਰਭਾਵਿਤ ਖ਼ੇਤਰਾਂ ਸਮੇਤ ਜੰਮੂ ਕਸ਼ਮੀਰ ਦੇ ਕਰਮਚਾਰੀ ਸ਼ਾਮਲ ਹਨ। ਇਸੇ ਦੌਰਾਨ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦੇ ਕਸਬਾ ਲੌਂਗੋਵਾਲ ਦੇ ਪਿੰਡ ਅਮਰ ਸਿੰਘ ਵਾਲਾ ਦੀ ਅਮਨਦੀਪ ਕੌਰ ਨੂੰ ਇੰਡੀਆ ਕੌਂਸਲ ਫਾਰ ਚਾਈਲਡ ਵੈਲਫੇਅਰ ਵੱਲੋਂ ਰਾਸ਼ਟਰੀ ਬਾਲ ਬਹਾਦਰੀ ਪੁਰਸਕਾਰ ਲਈ ਚੁਣਿਆ ਗਿਆ ਹੈ। ਇਹ ਪੁਰਸਕਾਰ ਅਮਨਦੀਪ ਕੌਰ ਨੂੰ ਗਣਤੰਤਰ ਦਿਵਸ ਮੌਕੇ ਨਵੀਂ ਦਿੱਲੀ ਵਿਖੇ ਦਿੱਤਾ ਜਾਵੇਗਾ। ਧਿਆਨ ਰਹੇ ਕਿ 2019 ’ਚ ਸਕੂਲ ਵੈਨ ਨੂੰ ਲੱਗੀ ਅੱਗ ਵਿਚੋਂ ਅਮਨਦੀਪ ਕੌਰ ਨੇ ਆਪਣੀ ਜਾਨ ’ਤੇ ਖੇਡ 8 ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਸੀ। ਉਧਰ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਝੋਕ ਟਹਿਲ ਸਿੰਘ ਦਾ ਵਿਦਿਆਰਥੀ 26 ਜਨਵਰੀ ਨੂੰ ਨਵੀਂ ਦਿੱਲੀ ਵਿਖੇ ਹੋਣ ਵਾਲੀ ਪਰੇਡ ਵਿਚ ਹਿੱਸਾ ਲਵੇਗਾ।