ਕਿਹਾ : ‘ਇੰਡੀਆ’ ਗੱਠਜੋੜ ਨੂੰ ਰਾਮ ਮੰਦਿਰ ਤੋਂ ਨਫਰਤ ਸੀ ਅਤੇ ਰਹੇਗੀ
ਪੀਲੀ ਭੀਤ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਉਤਰ ਪ੍ਰਦੇਸ਼ ਦੇ ਪੀਲੀ ਭੀਤ ਵਿਚ ਇਕ ਚੋਣ ਰੈਲੀ ਨੂੰ ਸੰਬੋਧਨ ਕੀਤਾ ਗਿਆ। ਪ੍ਰਧਾਨ ਮੰਤਰੀ ਮੋਦੀ ਆਪਣੇ 10 ਸਾਲਾਂ ਦੇ ਕਾਰਜਕਾਲ ਦੌਰਾਨ ਪਹਿਲੀ ਵਾਰ ਪੀਲੀ ਭੀਤ ਪਹੁੰਚੇ ਪ੍ਰੰਤੂ ਇਸ ਮੌਕੇ ਪੀਲੀ ਭੀਤ ਦੇ ਮੌਜੂਦਾ ਸੰਸਦ ਮੈਂਬਰ ਵਰੁਣ ਗਾਂਧੀ ਸਮਾਗਮ ਵਿਚੋਂ ਗੈਰ ਹਾਜ਼ਰ ਰਹੇ। ਕਿਉਂਕਿ ਭਾਜਪਾ ਨੇ ਵਰੁਣ ਦਾ ਟਿਕਟ ਕੱਟ ਕੇ ਯੋਗੀ ਸਰਕਾਰ ਦੇ ਮੰਤਰੀ ਜਤਿਨ ਪ੍ਰਸਾਦ ਨੂੰ ਦੇ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ‘ਇੰਡੀਆ’ ਗੱਠਜੋੜ ਨੂੰ ਰਾਮ ਮੰਦਿਰ ਤੋਂ ਕੱਲ੍ਹ ਵੀ ਨਫ਼ਰਤ ਸੀ ਅਤੇ ਅੱਜ ਵੀ ਹੈ ਅਤੇ ਉਨ੍ਹਾਂ ਅੰਦਰ ਇਹ ਨਫ਼ਰਤ ਹਮੇਸ਼ਾ ਰਹੇਗੀ। ਕਾਂਗਰਸ ਪਾਰਟੀ ’ਤੇ ਤੰਜ ਕਸਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕਾਂਗਰਸ ਪਾਰਟੀ ਭਿ੍ਰਸ਼ਟਾਚਾਰ ਦੀ ਦਲਦਲ ਵਿਚ ਇੰਨਾ ਧਸ ਚੁੱਕੀ ਹੈ ਜਿਸ ਵਿਚੋਂ ਬਾਹਰ ਨਿਕਲਣਾ ਉਸ ਦੇ ਲਈ ਮੁਸ਼ਕਿਲ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਜੋ ਚੋਣ ਮਨੋਰਥ ਪੱਤਰ ਲਿਆਂਦਾ ਹੈ ਉਹ ਕਾਂਗਰਸ ਪਾਰਟੀ ਦਾ ਨਹੀਂ ਬਲਕਿ ਮੁਸਲਿਮ ਲੀਗ ਦਾ ਚੋਣ ਮਨੋਰਥ ਪੱਤਰ ਲਗਦਾ ਹੈ।