-1.4 C
Toronto
Thursday, January 8, 2026
spot_img
Homeਦੁਨੀਆਅਹਿਮਦੀਆ ਜਮਾਤ ਨੇ ਧਰਮਾਂ 'ਚ ਅੰਤਰ ਵਿਸ਼ਵਾਸ, ਸਾਂਝ ਤੇ ਨੇੜਤਾ ਸਬੰਧੀ ਰਚਾਈ...

ਅਹਿਮਦੀਆ ਜਮਾਤ ਨੇ ਧਰਮਾਂ ‘ਚ ਅੰਤਰ ਵਿਸ਼ਵਾਸ, ਸਾਂਝ ਤੇ ਨੇੜਤਾ ਸਬੰਧੀ ਰਚਾਈ ਵਿਚਾਰ-ਗੋਸ਼ਟੀ

ਈਸਾਈ, ਜਿਊਈ, ਹਿੰਦੂ, ਸਿੱਖ ਤੇ ਇਸਲਾਮ ਧਰਮਾਂ ਦੇ ਬੁਲਾਰਿਆਂ ਨੇ ਲਿਆ ਹਿੱਸਾ ਤੇ ਸਰੋਤਿਆਂ ਵਿੱਚੋਂ ਵੀ ਵਿਚਾਰ ਆਏ
ਵਾਅਨ/ਡਾ. ਝੰਡ : ਲੰਘੀ 14 ਨਵੰਬਰ ਨੂੰ ਅਹਿਮਦੀਆ ਮੁਸਲਿਮ ਜਮਾਤ ਵੱਲੋਂ ਇਸ ਸਮੇਂ ਪ੍ਰਚੱਲਤ ਧਰਮਾਂ ਵਿਚ ਪ੍ਰਮਾਤਮਾ ਬਾਰੇ ਅੰਤਰ-ਵਿਸ਼ਵਾਸ, ਧਾਰਨਾਵਾਂ, ਨੇੜਤਾ ਅਤੇ ਵੱਖ-ਵੱਖ ਧਰਮਾਂ ਦੇ ਆਪਸੀ ਮੇਲਜੋਲ਼ ਬਾਰੇ ‘ਜੀਟੀਏ’ ਦੇ ਵਾਅਨ ਏਰੀਏ ਸਥਿਤ ਅਹਿਮਦੀਆ ਜਮਾਤ ਦੀ ‘ਬੈਤੁਲ ਇਸਲਾਮ ਮਸਜਿਦ’ ਦੇ ਸਾਹਮਣੇ ਤਾਰਿਕ ਕਮਿਊਨਿਟੀ ਸੈਂਟਰ ਦੇ ਵਿਸ਼ਾਲ ਹਾਲ ਵਿੱਚ ਵਿਚਾਰ-ਗੋਸ਼ਟੀ ਦਾ ਆਯੋਜਨ ਕੀਤਾ ਗਿਆ। ਇਸ ਗੋਸ਼ਟੀ ਵਿੱਚ ਈਸਾਈ, ਜਿਊਈ, ਹਿੰਦੂ, ਸਿੱਖ ਅਤੇ ਇਸਲਾਮ ਧਰਮ ਦੇ ਨੁਮਾਇੰਦਿਆਂ ਵੱਲੋਂ ਆਪਣੇ ਧਰਮਾਂ ਦੀਆਂ ਵਿਸ਼ੇਸ਼ਤਾਈਆਂ ਤੇ ਗਹਿਰਾਈਆਂ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ ਗਏ। ਇਸ ਦੌਰਾਨ ਸਿੱਖ ਧਰਮ ਦੇ ਬੁਲਾਰੇ ਵਜੋਂ ਬਰੈਂਪਟਨ ਦੇ ਉੱਘੇ-ਗਾਇਕ ਇਕਬਾਲ ਸਿੰਘ ਬਰਾੜ ਵੱਲੋਂ ਨੁਮਾਇੰਦਗੀ ਕੀਤੀ ਗਈ, ਜਦ ਕਿ ਸਰੋਤਿਆਂ ਵਿੱਚ ਹੋਰ ਕਮਿਊਨਿਟੀਆਂ ਦੇ ਨਾਲ ਸਿੱਖ ਕਮਿਊਨਿਟੀ ਦੇ ਕਈ ਮੈਂਬਰ ਸ਼ਾਮਲ ਸਨ, ਜਿਨ੍ਹਾਂ ਵਿੱਚ ਕਰਨ ਅਜਾਇਬ ਸਿੰਘ ਸੰਘਾ, ਮਲੂਕ ਸਿੰਘ ਕਾਹਲੋਂ, ਡਾ. ਸੁਖਦੇਵ ਸਿੰਘ ਝੰਡ ਅਤੇ ਹਰਜੀਤ ਸਿੰਘ ਬਾਜਵਾ ਪ੍ਰਮੁੱਖ ਸਨ।
ਸਮਾਗਮ ਦੀ ਸ਼ੁਰੂਆਤ ਕਰਦਿਆਂ ਅਹਿਮਦੀਆ ਜਮਾਤ ਦੇ ਅਹਿਮ ਲੀਡਰ ਜਨਾਬ ਰਿਆਜ਼ ਬਾਜਵਾ ਨੇ ਆਏ ਮਹਿਮਾਨਾਂ ਤੇ ਜਮਾਤ ਦੇ ਮੈਂਬਰਾਂ ਦਾ ਸੁਆਗ਼ਤ ਕਰਦਿਆਂ ਕਿਹਾ ਕਿ ਸੰਸਾਰ ਦੇ ਸਾਰੇ ਹੀ ਧਰਮ ਮਾਨਵਤਾ, ਆਪਸੀ ਏਕਤਾ ਅਤੇ ਭਰਾਤਰੀ-ਭਾਵ ਦਾ ਸੁਨੇਹਾ ਦਿੰਦੇ ਹਨ। ਉਹ ਕਹਿੰਦੇ ਹਨ ਕਿ ਸਾਨੂੰ ਸਾਰਿਆਂ ਨੂੰ ਆਪਸ ਵਿੱਚ ਮਿਲ਼-ਜੁਲ਼ ਕੇ ਪ੍ਰੇਮ ਪਿਆਰ ਨਾਲ ਰਹਿਣਾ ਚਾਹੀਦਾ ਹੈ ਅਤੇ ਕਿਸੇ ਨਾਲ ਨਫ਼ਰਤ ਨਹੀਂ ਕਰਨੀ ਚਾਹੀਦੀ, ਪਰ ਫਿਰ ਵੀ ਅੱਜਕੱਲ੍ਹ ਬਹੁਤ ਸਾਰੇ ਧਾਰਮਿਕ ਤੇ ਸਮਾਜਿਕ ਵਖਰੇਵੇਂ ਅਤੇ ਲੜਾਈ-ਝਗੜੇ ਸਾਹਮਣੇ ਆ ਰਹੇ ਹਨ ਅਤੇ ਧਾਰਮਿਕ ਸਹਿਣਸ਼ੀਲਤਾ ਦੀ ਘਾਟ ਨਜ਼ਰ ਆ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਗੋਸ਼ਟੀ ਵਿੱਚ ਅਸੀਂ ਵੱਖ-ਵੱਖ ਧਰਮਾਂ ਦੇ ਨੁਮਾਇੰਦਿਆਂ ਨੂੰ ਆਪੋ ਆਪਣੇ ਧਰਮਾਂ ਬਾਰੇ ਜਾਣਕਾਰੀ ਸ਼ਾਂਝੀ ਕਰਨ ਲਈ ਇੱਥੇ ਆਉਣ ਦਾ ਸੱਦਾ ਦਿੱਤਾ ਹੈ ਤਾਂ ਜੋ ਅਸੀਂ ਧਰਮਾਂ ‘ਚ ਅੰਤਰ ਵਿਸ਼ਵਾਸ ਬਾਰੇ ਉਨ੍ਹਾਂ ਦੇ ਵਿਚਾਰ ਸੁਣ ਸਕੀਏ ਅਤੇ ਉਨ੍ਹਾਂ ‘ਤੇ ਅਮਲ ਕਰ ਸਕੀਏ।
ਮੰਚ-ਸੰਚਾਲਕ ਉਮੇਰ ਅਹਿਮਦ ਖ਼ਾਨ ਸਰੋਤਿਆਂ ਵੱਲੋਂ ਅਹਿਮਦੀਆ ਮੁਸਲਿਮ ਜਮਾਤ ਬਾਰੇ ਸੰਖੇਪ ਜਾਣਕਾਰੀ ਸਾਂਝੀ ਕੀਤੀ ਗਈ ਅਤੇ ਇਸ ਦੇ ਨਾਲ ਹੀ ਸੱਭ ਤੋਂ ਪਹਿਲਾਂ ਈਸਾਈ ਧਰਮ ਦੇ ਨੁਮਾਇੰਦੇ ਪਾਸਟਰ ਰਿਚਰਡ ਗਾਰਡਨਰ ਨੂੰ ਮੰਚ ‘ਤੇ ਆਉਣ ਦਾ ਸੱਦਾ ਦਿੱਤਾ ਗਿਆ ਜਿਨ੍ਹਾਂ ਨੇ 2025 ਸਾਲ ਪਹਿਲਾਂ ਹੋਏ ਜੀਸਸ ਕਰਾਈਸਟ ਦੇ ਜੀਵਨ ਅਤੇ ਸਿੱਖਿਆਵਾਂ ਦੇ ਅਧਾਰਿਤ ਇਸ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਦੇ ਲੋਕਾਂ ਵੱਲੋਂ ਮੰਨਿਆਂ ਜਾਂਦੇ ਸੱਭ ਤੋਂ ਵੱਡੇ ਧਰਮ ਹੈ ਅਤੇ ਇਸ ਦੇ ਤਿੰਨ ਵੱਡੇ ਗਰੁੱਪ ‘ਰੋਮਨ ਕੈਥੋਲਿਕ ਚਰਚ’, ‘ਈਸਟਰਨ ਆਰਥੋਡੌਕਸ ਚਰਚ’ ਅਤੇ ‘ਪ੍ਰੋਟੈੱਸਟੈਂਟ ਚਰਚ’ ਬਬਾਰੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਸ਼ੁਰੂ-ਸ਼ੁਰੂ ਵਿਚ ਅਜਿਹੇ ਬਹੁਤ ਸਾਰੇ ਲੋਕ ਸਨ ਜਿਨ੍ਹਾਂ ਨੇ ਈਸਾ ਮਸੀਹ ਨੂੰ ਵੇਖਿਆ ਨਹੀਂ ਸੀ ਅਤੇ ਉਹ ਉਸ ਨੂੰ ‘ਪ੍ਰਮਾਤਮਾ ਦੇ ਦੂਤ’ ਵਜੋਂ ਨਹੀਂ ਜਾਣਦੇ ਸਨ। ਏਸੇ ਲਈ ਉਨ੍ਹਾਂ ਲੋਕਾਂ ਦੀ ਵਿਰੋਧਤਾ ਕਾਰਨ ਈਸਾ ਮਸੀਹ ਨੂੰ ਸੂਲ਼ੀ ‘ਤੇ ਚੜ੍ਹਨਾ ਪਿਆ।
ਜਿਊਇਸ਼ ਧਰਮ ਦੀ ਨੁਮਾਇੰਦਾ ਰਾਬੀ ਟੀਨਾ ਗਰਿਮਬਰਗ ਨੇ ਕਿਹਾ ਕਿ ਜੀਸਸ ਕਰਾਈਸਟ ਅਤੇ ਉਸਦੇ ਕ੍ਰਿਸਚਨ ਧਰਮ ਨੂੰ ਮੰਨਣ ਵਾਲੇ ਬਹੁਤ ਸਾਰੇ ਹੇਬਰਿਊ ਲੋਕ ਇਜ਼ਰਾਈਲ ਅਤੇ ਇਸ ਦੇ ਆਸ-ਪਾਸ ਦੇ ਦੇਸ਼ਾਂ ਤੋਂ ਸਨ। ‘ਜੁਡਾਇਜ਼ਮ’ ਦੇ ਨਾਂ ਤੇ ਪ੍ਰਚੱਲਤ ਹੋਇਆ ਇਹ ਧਰਮ ਪ੍ਰਮਾਤਮਾ ਅਤੇ ਜਿਊਇਸ਼ ਲੋਕਾਂ ਵਿਚ ਸਿੱਧੇ ਸੰਪਰਕ ਵਿੱਚ ਰੂਪਮਾਨ ਹੈ। ਉਨ੍ਹਾਂ ਦੱਸਿਆ ਕਿ ‘ਟੋਰਾਹ’ ਨਾਂ ਦੀ ਪੁਰਾਤਨ ‘ਬਿਬਲੀਕਲ ਹੇਬਰਿਊ’ ਅਤੇ ‘ਮਾਡਰਨ ਹੇਬਰਿਊ’ ਜਿਸ ਨੂੰ ‘ਟਨਖ਼’ ਜਾਂ ‘ਟਨਕ’ ਕਿਹਾ ਜਾਂਦਾ ਹੈ, ਇਸ ਧਰਮ ਦੇ ਦੋ ਮੁੱਖ ਗ੍ਰੰਥ (ਟੈੱਕਸਟ) ਹਨ। ਇਨ੍ਹਾਂ ਤੋਂ ਇਲਾਵਾ ‘ਓਰਲ ਟੋਰਾਹ’ ਵੀ ਇੱਕ ਹੋਰ ਮਹੱਤਵਪੁਰਨ ਟੈੱਕਸਟ ਹੈ। ਉਨ੍ਹਾਂ ਦੱਸਆ ਕਿ ‘ਟੋਰਾਹ’ ਜਿਊਇਸ਼ ਟੈੱਕਸਟਾਂ ਲਈ ਵਰਤੀ ਜਾਣ ਦੀ ਆਮ ਸ਼ਬਦਾਵਲੀ ਹੈ ਅਤੇ ਇਨ੍ਹਾਂ ਵਿੱਚ ਲੋਕਾਂ ਲਈ ਵਧੀਆ ਜੀਵਨ-ਜਾਚ ਦੀਆਂ ਸਿੱਖਿਆਵਾਂ ਮੌਜੂਦ ਹਨ।
ਹਿੰਦੂ ਧਰਮ ਦੇ ਪ੍ਰਤੀਨਿਧ ਵਜੋਂ ਇਸ ਧਰਮ ਦੀ ਪੁਰਾਤਨਤਾ ਦੀ ਗੱਲ ਕਰਦਿਆਂ ਸੁਰਿੰਦਰ ਰਾਠੀ ਨੇ ਕਿਹਾ ਕਿ ਹਿੰਦੂ ਧਰਮ ਚਾਰ ਹਜ਼ਾਰ ਸਾਲ ਪੁਰਾਣਾ ਹੈ ਅਤੇ ਇਸ ਵਿੱਚ ਮਨੁੱਖੀ ਜੀਵਨ ਨੂੰ ਚਾਰ ਭਾਗਾਂ- ਧਰਮ, ਅਰਥ, ਕਾਮ ਤੇ ਮੋਕਸ਼-‘ਚ ਵੰਡ ਕੇ ਮਨੁੱਖ ਨੂੰ ਆਪਣਾ ਜੀਵਨ ਸਫ਼ਲਤਾ ਪੂਰਵਕ ਜਿਊਣ ਦੀ ਸਿੱਖਿਆ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਹਿੰਦੂ ਧਰਮ ਅਨੁਸਾਰ ‘ਬ੍ਰਹਮਾ’ ਜੀਵਨਦਾਤਾ ਹੈ, ‘ਵਿਸ਼ਨੂੰ’ ਸੱਭਨਾਂ ਦਾ ਪਾਲਕ ਹੈ ਅਤੇ ‘ਮਹੇਸ਼’ ਜੀਵਨ ਦੇ ਅੰਤਲੇ ਸਮੇਂ ‘ਮੌਤ’ ਦੇ ਸੰਕਲਪ ਨੂੰ ਯਾਦ ਕਰਵਾਉਂਦਾ ਹੈ। ਉਨ੍ਹਾਂ ਹੋਰ ਕਿਹਾ ਕਿ ‘ਥੀਓਲੌਜੀ’ ਅਤੇ ‘ਮਾਈਥੌਲੌਜੀ’ ਹਿੰਦੂ ਧਰਮ ਦੇ ਗ੍ਰੰਥਾਂ ‘ਰਮਾਇਣ’, ‘ਮਹਾਂਭਾਰਤ’, ‘ਭਗਵਦ ਗੀਤਾ’, ‘ਵੇਦਾਂ’, ‘ਪੁਰਾਣਾਂ’ ਅਤੇ ‘ਸਿਮਰਤੀਆਂ’ ਦੇ ਮੁੱਖ ਅੰਗ ਹਨ। ਉਨ੍ਹਾਂ ਕਿਹਾ ਕਿ ਹਿੰਦੂ ਲੋਕ ਭਗਤੀ, ਪੂਜਾ ਅਤੇ ਯੋਗਾ ਨੂੰ ਆਪਣੇ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਂਦੇ ਹਨ।
ਸਿੱਖ ਧਰਮ ਦੇ ਬੁਲਾਰੇ ਵਜੋਂ ਇਕਬਾਲ ਸਿੰਘ ਬਰਾੜ ਨੇ ਕਿਹਾ ਕਿ ਸਿੱਖ ਧਰਮ ਵਿੱਚ ”ਇੱਕ ਓਂਕਾਰ” ਦਾ ਸੰਕਲਪ ਪ੍ਰਮਾਤਮਾ ਦੇ ‘ਇੱਕ’ ਹੋਣ ਨੂੰ ਦਰਸਾਉਂਦਾ ਹੈ ਅਤੇ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਦੇ ਆਰੰਭ ਵਿੱਚ ਦਰਜ ‘ਮੂਲ-ਮੰਤਰ’ ਵਿਚ ਗੁਰੂ ਨਾਨਕ ਦੇਵ ਜੀ ਵੱਲੋਂ ਇਸ ਦੀ ਭਰਪੂਰ ਵਿਆਖਿਆ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਿੱਖ ਧਰਮ ਗੁਰੂ ਨਾਨਕ ਦੇਵ ਜੀ ਵੱਲੋਂ ਦਿੱਤੇ ਗਏ ਤਿੰਨ ਮੂਲ ਸਿਧਾਂਤਾਂ ”ਕਿਰਤ ਕਰੋ, ਵੰਡ ਕੇ ਛਕੋ ਅਤੇ ਨਾਮ ਜਪੋ” ਦੇ ਆਧਾਰਿਤ ਹੈ। ਸ਼੍ਰੋਮਣੀ ਭਗਤ ਕਬੀਰ ਜੀ ਦੇ ਸ਼ਬਦ ”ਅਵਲ ਅਲਹ ਨੂਰ ਉਪਾਇਆ ਕੁਦਰਤ ਕੇ ਸੱਭ ਬੰਦੇ, ਏਕ ਨੂਰ ‘ਤੇ ਸੱਭ ਜੱਗ ਉਪਜਿਆ ਕੌਣ ਭਲੇ ਕੋ ਮੰਦੇ” ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਬਦ ”ਮਾਨਸ ਕੀ ਜਾਤ ਸਭੈ ਏਕੇ ਪਹਿਚਾਨ ਬੋ” ਦੀਆਂ ਉਦਾਹਰਣਾਂ ਦਿੰਦਿਆਂ ਹੋਇਆਂ ਉਨ੍ਹਾਂ ਕਿਹਾ ਕਿ ਸਿੱਖ ਧਰਮ ਵਿਚ ਗੁਰੂ ਸਾਹਿਬਾਨ ਅਤੇ ਭਗਤਾਂ ਵੱਲੋਂ ਪ੍ਰੇਮ, ਪਿਆਰ, ਭਗਤੀਭਾਵ ਅਤੇ ਸਾਂਝੀਵਾਲਤਾ ਦੀਆਂ ਭਾਵਨਾਵਾਂ ਤਹਿਤ ਸਫ਼ਲ ਜੀਵਨ ਜਿਊਣ ਦੀ ਸਿੱਖਿਆ ਦਿੱਤੀ ਗਈ ਹੈ।
ਇਸਲਾਮ ਧਰਮ ਦੀ ਨੁਮਾਇੰਦਗੀ ਕਰਦਿਆਂ ਇਮਾਮ ਫ਼ਰਹਾਨ ਇਕਬਾਲ ਦਾ ਕਹਿਣਾ ਸੀ ਕਿ ਇਸਲਾਮ ਧਰਮ ਪ੍ਰਮਾਤਮਾ ਦੇ ‘ਇੱਕ’ ਹੋਣ ਵਿੱਚ ਯਕੀਨ ਰੱਖਦਾ ਹੈ ਅਤੇ ਇਸ ਦੇ ਬਾਨੀ ਹਜ਼ਰਤ ਮੁਹੰਮਦ ਸਾਹਿਬ ਵੱਲੋਂ ਉਸ ਨੂੰ ‘ਅੱਲਾ’ ਦਾ ਨਾਂ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੁਕੱਦਸ ‘ਕੁਰਾਨ ਸ਼ਰੀਫ਼’ ਇਸਲਾਮ ਧਰਮ ਦਾ ਇੱਕੋ ਇੱਕ-ਗ੍ਰੰਥ ਹੈ, ਜਿਸ ਨੂੰ ਸਾਰੇ ਮੁਸਲਮਾਨ ਮੰਨਦੇ ਹਨ ਅਤੇ ਇਸ ਵਿੱਚ ਦਰਜ ਸਿੱਖਿਆਵਾਂ ‘ਤੇ ਚੱਲਦੇ ਹਨ। ਇਸਲਾਮ ਧਰਮ ਵਿੱਚ ਹਰੇਕ ਨੂੰ ਆਪਣੇ ਵਿਚਾਰ ਪੇਸ਼ ਕਰਨ ਦੀ ਖੁੱਲ੍ਹ ਹੈ ਤੇ ਇਸ ਵਿੱਚ ਕਿਸੇ ਕਿਸਮ ਦੀ ਕੋਈ ਕੱਟੜਤਾ ਜਾਂ ਮਜਬੂਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸਲਾਮ ਵਿੱਚ ਮਾਨਵਤਾ, ਨੇਕੀ ਅਤੇ ਬਰਾਬਰੀ ਨੂੰ ਪੂਰੀ-ਪੂਰੀ ਥਾਂ ਦਿੱਤੀ ਗਈ ਹੈ। ਇਸ ਦੇ ਬਾਨੀ ਹਜ਼ਰਤ ਮੁਹੰਮਦ ਸਾਹਿਬ ਵੱਲੋਂ ਮੁਸਲਮਾਨਾਂ ਨੂੰ ਆਪਣੀ ਨੇਕ ਕਮਾਈ ਵਿੱਚੋਂ ‘ਜ਼ਕਾਤ’ (ਆਪਣੀ ਨੇਕ ਕਮਾਈ ਵਿੱਚੋਂ ਕੁਝ ਹਿੱਸਾ) ਕੱਢਣ ਅਤੇ ਇਸ ਨੂੰ ਮਨੁੱਖਤਾ ਦੀ ਭਲਾਈ ਲਈ ਨੇਕ ਕੰਮਾਂ ਲਈ ਵਰਤਣ ਦੀ ਹਦਾਇਤ ਕੀਤੀ ਗਈ ਹੈ।
ਗੋਸ਼ਟੀ ਦੇ ਅਖ਼ੀਰ ਵੱਲ ਵੱਧਦਿਆਂ ਸਰੋਤਿਆਂ ਵਿੱਚੋਂ ਡਾ. ਸੁਖਦੇਵ ਸਿੰਘ ਝੰਡ ਨੇ ਬੁਲਾਰਿਆਂ ਨੂੰ ਸੁਆਲ ਕਰਦਿਆਂ ਕਿਹਾ ਕਿ ਸਾਰੇ ਹੀ ਧਰਮ ਕਹਿੰਦੇ ਹਨ ਕਿ ‘ਪ੍ਰਮਾਤਮਾ ਇੱਕ ਹੈ’। ਉਸ ਨੇ ਇਹ ਕਾਇਨਾਤ ਪੈਦਾ ਕੀਤੀ ਹੈ ਅਤੇ ਅਸੀਂ ਸਾਰੇ ਮਨੁੱਖ ਉਸ ਦੀ ਸੰਤਾਨ ਹਾਂ ਤੇ ਇਸ ਨਾਤੇ ਅਸੀਂ ਸਾਰੇ ਮਨੁੱਖ ਭੈਣ-ਭਰਾ ਹਾਂ। ਫਿਰ ਸਾਰੀ ਦੁਨੀਆਂ ਵਿਚ ਇਹ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਲੜਾਈਆਂ ਕਿਉਂ ਲਗਾਤਾਰ ਚੱਲ ਰਹੀਆਂ ਹਨ? ਇਸ ਦੇ ਜੁਆਬ ਵਿੱਚ ਦੁਨਿਆਵੀ ਉਦਾਹਰਣ ਦਿੰਦਿਆਂ ਸੁਰਿੰਦਰ ਰਾਠੀ ਨੇ ਕਿਹਾ ਕਿ ਮਾਪਿਆਂ ਦੇ ਜਾਏ ਪੁੱਤਰ-ਧੀਆਂ ਜੋ ਆਪਸ ਵਿੱਚ ਸਕੇ ਭੈਣ-ਭਰਾ ਹੁੰਦੇ ਹਨ, ਦਾ ਵੀ ਕਈ ਵਾਰ ਆਪਸ ਵਿੱਚ ‘ਮਨ-ਮੁਟਾਵ’ ਤੇ ‘ਲੜਾਈ-ਝਗੜਾ’ ਹੋ ਜਾਂਦਾ ਹੈ। ਬੱਸ, ਏਹੀ ਕੁਝ ਵੱਡੇ ਪੱਧਰ ‘ਤੇ ਹੋ ਰਿਹਾ ਹੈ, ਜਦਕਿ ਇਕਬਾਲ ਬਰਾੜ ਹੋਰਾਂ ਦਾ ਇਸ ਦੇ ਬਾਰੇ ਕਹਿਣਾ ਸੀ ਕਿ ਵੱਖ-ਵੱਖ ਲੋਕਾਂ ਵੱਲੋਂ ਕੀਤੀ ਜਾਂਦੀ ਧਰਮਾਂ ਦੀ ਵਿਆਖਿਆ ਵਿੱਚੋਂ ਕਈ ਬਖੇੜੇ ਅਤੇ ਲੜਾਈ-ਝਗੜੇ ਪੈਦਾ ਹੁੰਦੇ ਹਨ, ਧਰਮ ਤਾਂ ਏਕੇ ਦੀ ਗੱਲ ਕਰਦੇ ਹਨ। ਉਨ੍ਹਾਂ ਕਿਹਾ ਕਿ ਡਾ. ਅਲਾਮਾ ਇਕਬਾਲ ਨੇ ਇਸ ਸਬੰਧੀ ਬਹੁਤ ਵਧੀਆ ਕਿਹਾ ਹੈ, ”ਮਜ਼ਹਬ ਨਹੀਂ ਸਿਖਾਤਾ ਆਪਸ ਮੇਂ ਬੈਰ ਰਖਨਾ, ਹਿੰਦੀ ਹੈ ਹਮ ਵਤਨ ਹੈ ਹਿੰਦੋਸਤਾਂ ਹਮਾਰਾ।”
ਗੋਸ਼ਟੀ ਦੇ ਮਾਡਰੇਟਰ ਉਮੇਰ ਅਹਿਮਦ ਖ਼ਾਨ ਵੱਲੋਂ ਇਸ ਗੋਸ਼ਟੀ ਨੂੰ ‘ਸਮ-ਅੱਪ’ ਕਰਦਿਆਂ ਹੋਇਆਂ ਸਮੂਹ ਬੁਲਾਰਿਆਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ ਗਿਆ। ਉਪਰੰਤ, ਸਾਰਿਆਂ ਨੇ ਮਿਲ਼ ਕੇ ਰਾਤ ਦੇ ਖਾਣੇ ਦਾ ਅਨੰਦ ਮਾਣਿਆ ਅਤੇ ਘਰੋ-ਘਰੀਂ ਰਵਾਨਾ ਹੋਏ।

 

 

 

 

 

 

 

Previous article
Next article
RELATED ARTICLES
POPULAR POSTS