ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਰਹੱਦ ‘ਤੇ ਪਰਵਾਸੀ ਪਰਿਵਾਰਾਂ ਨੂੰ ਵੱਖ ਕਰਨ ‘ਤੇ ਰੋਕ ਲਗਾਉਣ ਵਾਲੇ ਇਕ ਪ੍ਰਸ਼ਾਸਕੀ ਪੱਤਰ ‘ਤੇ ਦਸਤਖ਼ਤ ਕਰ ਦਿੱਤੇ।ਪਰਵਾਸੀ ਪਰਿਵਾਰਾਂ ਨੂੰ ਅਲੱਗ ਕਰਨ ਵਾਲੇ ਇਕ ਵਿਵਾਦਿਤ ਫ਼ੈਸਲੇ ਦੀ ਦੁਨੀਆ ਭਰ ਵਿਚ ਅਲੋਚਨਾ ਹੋ ਰਹੀ ਸੀ। ਟਰੰਪ ਨੇ ਦਸਤਖ਼ਤ ਕਰਨ ਤੋਂ ਬਾਅਦ ਕਿਹਾ ਕਿ ਇਹ ਆਦੇਸ਼ ਪਰਿਵਾਰਾਂ ਨੂੰ ਇਕੱਠੇ ਰੱਖਣ ਵਾਲਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਪਰਿਵਾਰਾਂ ਦੇ ਵਿਛੜ ਕੇ ਅਲੱਗ ਰਹਿਣਾ ਚੰਗਾ ਨਹੀਂ ਲੱਗਦਾ। ਇਸ ਆਦੇਸ਼ ਤੋਂ ਬਾਅਦ ਗ਼ੈਰ-ਕਾਨੂੰਨੀ ਤੌਰ ‘ਤੇ ਦੇਸ਼ ਦੀ ਦੱਖਣੀ ਸਰਹੱਦ ਨੂੰ ਪਾਰ ਕਰਨ ‘ਤੇ ਹਿਰਾਸਤ ਵਿਚ ਲਏ ਗਏ ਵਿਛੜੇ ਪਰਿਵਾਰਾਂ ਨੂੰ ਇਕੱਠੇ ਰੱਖਿਆ ਜਾਵੇਗਾ। ਇਹ ਜਾਣਕਾਰੀ ਇਕ ਪ੍ਰਸ਼ਾਸਨਿਕ ਅਧਿਕਾਰੀ ਨੇ ਦਿੱਤੀ। ਦੱਸਣਯੋਗ ਹੈ ਕਿ ਟਰੰਪ ਦੀ ਇਸ ਸਖ਼ਤ ਨੀਤੀ ਕਾਰਨ 2,000 ਦੇ ਕਰੀਬ ਪਰਵਾਸੀ ਬੱਚਿਆਂ ਨੂੰ ਉਨ੍ਹਾਂ ਦੇ ਮਾਤਾ-ਪਿਤਾ ਤੋਂ ਵੱਖ ਕਰ ਦਿੱਤਾ ਗਿਆ ਹੈ, ਜਿਸ ਦੀ ਅਮਰੀਕਾ ਦੀ ਫਸਟ ਲੇਡੀ (ਟਰੰਪ ਦੀ ਪਤਨੀ) ਸਮੇਤ ਰਿਪਬਲੀਕਨ ਤੇ ਡੈਮੋਕ੍ਰੇਟਿਕ ਨੇਤਾਵਾਂ ਵਲੋਂ ਤਿੱਖੀ ਆਲੋਚਨਾ ਕੀਤੀ ਜਾ ਰਹੀ ਹੈ।
ਨਵੀਂ ਅਮਰੀਕੀ ਇਮੀਗ੍ਰੇਸ਼ਨ ਨੀਤੀ ਦੇ ਚੱਕਰ ਵਿਚ ਫਸੇ 52 ਭਾਰਤੀ
ਨਵੀਂ ਦਿੱਲੀ/ਬਿਊਰੋ ਨਿਊਜ਼
ਬਿਹਤਰ ਜੀਵਨ ਦੀ ਭਾਲ ਵਿਚ ਅਮਰੀਕਾ ਪੁੱਜੇ 52 ਭਾਰਤੀਆਂ ਸਮੇਤ ਅਪਰਵਾਸੀ ਟਰੰਪ ਪ੍ਰਸ਼ਾਸਨ ਦੀ ਨਵੀਂ ਇਮੀਗ੍ਰੇਸ਼ਨ ਨੀਤੀ ਦੇ ਚੱਕਰ ਵਿਚ ਫਸ ਗਏ ਹਨ। ਇਨ੍ਹਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਇਨ੍ਹਾਂ ਵਿਚ ਜ਼ਿਆਦਾਤਰ ਦੱਖਣੀ ਏਸ਼ੀਆਈ ਦੱਸੇ ਜਾ ਰਹੇ ਹਨ। ਅਮਰੀਕੀ ਮੀਡੀਆ ਮੁਤਾਬਿਕ 123 ਅਪਰਵਾਸੀਆਂ ਨੂੰ ਓਰੇਗਨ ਸੂਬੇ ਦੇ ਯਮਹਿਲ ਕਾਊਂਟੀ ਦੀ ਸ਼ੇਰੀਡਾਨ ਜੇਲ੍ਹ ਵਿਚ ਰੱਖਿਆ ਗਿਆ ਹੈ।
ਵਕੀਲ ਵੈਲੇਰੀ ਕੌਰ ਨੇ ਟਵੀਟ ਕਰਕੇ ਦੱਸਿਆ ਕਿ ਫੜੇ ਗਏ 123 ਅਪਰਵਾਸੀਆਂ ਵਿਚ ਕਰੀਬ 70 ਦੱਖਣੀ ਏਸ਼ੀਆਈ ਹਨ। ਇਨ੍ਹਾਂ ਵਿਚੋਂ 52 ਭਾਰਤੀ, 13 ਨੇਪਾਲੀ ਅਤੇ ਦੋ ਬੰਗਲਾਦੇਸ਼ੀ ਹਨ ਜਦਕਿ ਐੱਨਜੀਓ ਏਸ਼ੀਆ ਪੈਸੀਫਿਕ ਅਮਰੀਕੀ ਨੱੈਟਵਰਕ ਆਫ ਓਰੇਗਨ ਨੇ ਕਿਹਾ ਕਿ ਇਨ੍ਹਾਂ ਕੈਦੀਆਂ ਨੂੰ ਅਲੱਗ ਰੱਖਿਆ ਗਿਆ ਹੈ। ਇਨ੍ਹਾਂ ਨੂੰ ਦੋ ਭਾਸ਼ੀਏ ਦੀ ਸਹੂਲਤ ਮੁਹੱਈਆ ਕਰਾਈ ਗਈ ਹੈ। ਜੇਲ੍ਹ ਦੀ ਮੌਜੂਦਾ ਵਿਵਸਥਾ ਵਿਚ ਇਨ੍ਹਾਂ ਦੇ ਸ਼ੋਸ਼ਣ ਦਾ ਵੀ ਖ਼ਤਰਾ ਹੈ। ਜਾਣਕਾਰੀ ਮੁਤਾਬਿਕ ਦੱਖਣੀ ਏਸ਼ੀਆਈ ਕੈਦੀਆਂ ਵਿਚ ਕਈ ਹਿੰਦੀ ਅਤੇ ਪੰਜਾਬੀ ਬੋਲਣ ਵਾਲੇ ਹਨ ਜਦਕਿ ਕਈਆਂ ਦੀ ਪਛਾਣ ਚੀਨੀ ਨਾਗਰਿਕ ਦੇ ਤੌਰ ‘ਤੇ ਕੀਤੀ ਗਈ ਹੈ। ਕੈਦੀਆਂ ਵਿਚੋਂ ਕਈਆਂ ਨੇ ਖ਼ੁਦ ਦੀ ਪਛਾਣ ਸਿੱਖ ਜਾਂ ਈਸਾਈ ਦੇ ਤੌਰ ‘ਤੇ ਜ਼ਾਹਿਰ ਕੀਤੀ ਹੈ। ਦੱਸਣਯੋਗ ਹੈ ਕਿ ਅਮਰੀਕਾ ਦੀ ਨਵੀਂ ਇਮੀਗ੍ਰੇਸ਼ਨ ਨੀਤੀ ਦੇ ਕਾਰਨ 19 ਅਪ੍ਰੈਲ ਤੋਂ 31 ਮਈ ਤਕ ਕਰੀਬ ਦੋ ਹਜ਼ਾਰ ਤੋਂ ਵੱਧ ਅਪਰਵਾਸੀ ਬੱਚੇ ਆਪਣੇ ਪਰਿਵਾਰ ਤੋਂ ਵਿਛੜ ਗਏ ਹਨ।
ਅਮਰੀਕਾ ‘ਚ ਨਜ਼ਰਬੰਦ ਸਿੱਖਾਂ ਦੀ ਸਹਾਇਤਾ ਕਰੇ ਕੇਂਦਰ: ਕੈਪਟਨ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਅਮਰੀਕਾ ਦੇ ਸੂਬੇ ਓਰੇਗਨ ਵਿੱਚ ਨਾਜਾਇਜ਼ ਆਵਾਸ ਦੇ ਦੋਸ਼ ਹੇਠ ਨਜ਼ਰਬੰਦ ਕੀਤੇ ਗਏ 52 ਸਿੱਖਾਂ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ। ਹਾਲਾਂਕਿ ਰਾਜ ਸਰਕਾਰ ਕੋਲ ਇਨ੍ਹਾਂ ਵਿਅਕਤੀਆਂ ਸਬੰਧੀ ਕੋਈ ਪੁਖ਼ਤਾ ਜਾਣਕਾਰੀ ਮੌਜੂਦ ਨਹੀਂ ਹੈ। ਮੁੱਖ ਮੰਤਰੀ ਨੇ ਟਵੀਟ ਕਰਕੇ ਕੇਂਦਰੀ ਵਿਦੇਸ਼ ਮੰਤਰੀ ਨੂੰ ਕਿਹਾ ਕਿ ਅਮਰੀਕੀ ਸੂਬੇ ਵਿੱਚ ਕੁਝ ਨਾਜਾਇਜ਼ ਆਵਾਸੀਆਂ, ਜਿਨ੍ਹਾਂ ਵਿੱਚ ਸਿੱਖ ਵੀ ਸ਼ਾਮਲ ਹਨ, ਨੂੰ ਨਜ਼ਰਬੰਦੀ ਕੇਂਦਰ ਵਿੱਚ ਅਣਮਨੁੱਖੀ ਹਾਲਾਤ ਵਿੱਚ ਰੱਖੇ ਜਾਣ ਦੀਆਂ ਰਿਪੋਰਟਾਂ ਹਨ ਤੇ ਸੂਬਾ ਸਰਕਾਰ ਇਸ ਮਾਮਲੇ ਵਿੱਚ ਕੇਂਦਰ ਨੂੰ ਦਖ਼ਲ ਦੇਣ ਦੀ ਅਪੀਲ ਕਰਦੀ ਹੈ।