Breaking News
Home / ਦੁਨੀਆ / ਚਿੰਤਾਜਨਕ ਹੈ ਪੰਜਾਬ ਦਾ ਵਾਤਾਵਰਨ ਸੰਕਟ

ਚਿੰਤਾਜਨਕ ਹੈ ਪੰਜਾਬ ਦਾ ਵਾਤਾਵਰਨ ਸੰਕਟ

ਮਨੁੱਖ ਦੇ ਸਾਹ ਲੈਣ ਲਈ ਹਵਾ ਵਿਚ ਪ੍ਰਦੂਸ਼ਕਾਂ ਦੀ ਮਾਤਰਾ 0 ਤੋਂ ਲੈ ਕੇ 50 ਤੱਕ ਹੋਣੀ ਚਾਹੀਦੀ ਹੈ ਪਰ ਇਸ ਵੇਲੇ ਪੰਜਾਬ ਦੀ ਹਵਾ ਵਿਚ ਇਹ ਮਾਤਰਾ 350 ਤੋਂ ਵੱਧ ਹੋ ਚੁੱਕੀ ਹੈ। ਪਾਣੀ ਦੇ ਪਲੀਤ ਹੋਣ ਤੋਂ ਬਾਅਦ ਹੁਣ ਸਾਹ ਦੇਣ ਵਾਲੀ ਹਵਾ ਵੀ ਬੇਹੱਦ ਦੂਸ਼ਿਤ ਹੋ ਚੁੱਕੀ ਹੈ। ਭਾਰਤ ਦੇ ਸਭ ਤੋਂ ਪ੍ਰਦੂਸ਼ਿਤ 94 ਸ਼ਹਿਰਾਂ ਵਿਚੋਂ 8 ਸ਼ਹਿਰ ਇਕੱਲੇ ਪੰਜਾਬ ਦੇ ਹਨ; ਭਾਵ ਕਿ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿਚ ਭਾਰਤ ਦਾ ਪੰਜਾਬ ਤੀਜੇ ਨੰਬਰ ਦਾ ਸੂਬਾ ਹੈ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪੰਜਾਬ ਕਿਸ ਪਾਸੇ ਨੂੰ ਜਾ ਰਿਹਾ ਹੈ। ਪੰਜਾਬ ਦਾ ਭਵਿੱਖ ਕਿਹੋ ਜਿਹਾ ਹੋਵੇਗਾ, ਇਸ ਦਾ ਇਕ ਛੋਟਾ ਜਿਹਾ ਪਰ ਭਿਆਨਕ ਟਰੇਲਰ ਕੁਦਰਤ ਨੇ ਪਿਛਲੇ ਦਿਨੀਂ ਦਿਖਾ ਦਿੱਤਾ ਹੈ। ਪਿਛਲੇ ਦਿਨੀਂ ਲਗਾਤਾਰ ਦੋ-ਤਿੰਨ ਦਿਨ ਪੰਜਾਬ ‘ਚ ਅਸਮਾਨ ਉੱਤੇ ਧੂੜ ਦਾ ਗਹਿਰਾ ਗੁਬਾਰ ਛਾਇਆ ਰਿਹਾ ਹੈ। ਲਗਾਤਾਰ ਅਸਮਾਨ ਤੋਂ ਰੇਤੇ ਦੀ ਕਿਣ-ਮਿਣ, ਕਿਣ-ਮਿਣ ਹੁੰਦੀ ਰਹੀ । ਬੱਚਿਆਂ, ਬਜ਼ੁਰਗਾਂ ਅਤੇ ਬਿਮਾਰਾਂ ਨੂੰ ਸਾਹ ਲੈਣਾ ਵੀ ਔਖਾ ਹੋ ਗਿਆ ਸੀ। ਵੱਡੀ ਗਿਣਤੀ ਲੋਕ ਬਿਮਾਰ ਹੋ ਗਏ। ਭਾਵੇਂਕਿ ਪੰਜਾਬ ਵਿਚ ਅਚਨਚੇਤੀ ਆਏ ਇਹੋ ਜਿਹੇ ਵਾਤਾਵਰਨ ਦੇ ਗੰਭੀਰ ਅਤੇ ਖ਼ਤਰਨਾਕ ਬਦਲਾਓ ਦਾ ਕਾਰਨ ਰਾਜਸਥਾਨ ਤੋਂ ਰੇਤੇ ਦਾ ਗੁਬਾਰ ਉਡ ਕੇ ਪੰਜਾਬ ਵਿਚ ਆਉਣਾ ਦੱਸਿਆ ਗਿਆ ਪਰ ਇਸ ਨੇ ਪੰਜਾਬ ਦੀ ਵਾਤਾਵਰਨ ਪੱਖੋਂ ਨਾਜ਼ੁਕਤਾ ਨੂੰ ਦੂਜੀ ਵਾਰ ਸਾਹਮਣੇ ਲਿਆਂਦਾ ਹੈ। ਇਸ ਤੋਂ ਪਹਿਲਾਂ ਲੰਘੇ ਨਵੰਬਰ ਮਹੀਨੇ ਵੀ ਕਈ ਦਿਨ ਲਗਾਤਾਰ ਪੰਜਾਬ ਦੇ ਅਸਮਾਨ ਵਿਚ ਧੂੜ ਤੇ ਧੂੰਏਂ ਦਾ ਸੰਘਣਾ ਗੁਬਾਰ ਬਣਿਆ ਰਿਹਾ। ਜਨ-ਜੀਵਨ, ਆਵਾਜਾਈ, ਕਾਰੋਬਾਰ ਸਭ ਕੁਝ ਪ੍ਰਭਾਵਿਤ ਹੋ ਗਿਆ ਸੀ। ਹੁਣ ਇਹ ਦੂਜਾ ਮੌਕਾ ਹੈ।ਸ਼ਾਇਦ ਕੁਦਰਤ ਨੇ ਪੰਜਾਬੀਆਂ ਨੂੰ ਸੰਭਲਣ ਲਈ ਦੂਜੀ ਵਾਰ ਮੌਕਾ ਦਿੱਤਾ ਹੈ।
ਇਕ ਗੱਲ ਪੱਕੀ ਹੈ ਕਿ ਜਿਸ ਪਾਸੇ ਨੂੰ ਪੰਜਾਬ ਤੁਰਿਆ ਹੋਇਆ ਹੈ, ਇਕ ਦਿਨ ਪੰਜਾਬ ਮਨੁੱਖ ਦੇ ਬਿਲਕੁਲ ਰਹਿਣਯੋਗ ਨਹੀਂ ਰਹੇਗਾ। ਪਾਣੀ, ਹਵਾ ਅਤੇ ਧਰਤੀ ਤੱਕ ਪੰਜਾਬੀਆਂ ਨੇ ਜ਼ਹਿਰੀਲੀ ਬਣਾ ਦਿੱਤੀ ਹੈ।ਪਾਣੀ ਦਾ ਸੰਕਟ ਵੱਡੇ ਪੱਧਰ ‘ਤੇ ਚਰਚਾ ਵਿਚ ਵੀ ਰਿਹਾ ਹੈ। ਪੰਜ ਦਰਿਆਵਾਂ ਦੇ ਅੰਮ੍ਰਿਤ ਵਰਗੇ ਪਾਣੀ ‘ਚ ਹੁਣ ਜ਼ਹਿਰ ਘੁਲ੍ਹ ਚੁੱਕਾ ਹੈ। 75 ਫ਼ੀਸਦੀ ਪਾਣੀ ਪੀਣਯੋਗ ਨਹੀਂ ਰਿਹਾ। ਪੰਜਾਬ ਰੇਗਿਸਤਾਨ ਬਣਨ ਵੱਲ ਵੱਧ ਰਿਹਾ ਹੈ। ਪੰਜਾਬ ਦੇ ਪਾਣੀ ਦਾ ਪੱਧਰ ਖ਼ਤਰੇ ਦੇ ਜੋਨ ਵਿਚ ਜਾ ਚੁੱਕਾ ਹੈ। ਦਰਿਆ ਜ਼ਹਿਰੀਲੇ ਹੋ ਚੁੱਕੇ ਹਨ। ਪਾਣੀ ਨੂੰ ਸਾਫ਼ ਕਰਨ ਲਈ ਆਰ.ਓ. ਸਿਸਟਮ ਲਗਾਏ ਜਾ ਰਹੇ ਹਨ। ਪਰ ਸਭ ਤੋਂ ਗੰਭੀਰ ਮਸਲਾ ਹਵਾ ਦਾ ਹੈ, ਕਿਉਂਕਿ ਹਵਾ ਨੂੰ ਸ਼ੁੱਧ ਕਰਨ ਦਾ ਕੋਈ ਵੀ ਤਰੀਕਾ ਨਹੀਂ ਹੈ। ਜੇਕਰ ਹਵਾ ਜ਼ਹਿਰੀਲੀ ਹੋ ਗਈ ਤਾਂ ਮਨੁੱਖ, ਵਨਸਪਤੀ, ਜੀਵ-ਜੰਤੂਆਂ ਦਾ ਜੀਵਨ ਖ਼ਤਰੇ ਵਿਚ ਹੋਵੇਗਾ। ਜੇਕਰ ਮਨੁੱਖੀ ਜੀਵਨ ਵਿਚ ਆਕਸੀਜਨ ਦੀ ਕੀਮਤ ਆਂਕਣੀ ਹੋਵੇ ਤਾਂ ਮੁੱਲ ਦੀ ਆਕਸੀਜਨ ਦਾ ਇਕ ਸਿਲੰਡਰ 750 ਰੁਪਏ ਦਾ ਆਉਂਦਾ ਹੈ ਅਤੇ ਇਕ ਮਨੁੱਖ 24 ਘੰਟਿਆਂ ਵਿਚ ਤਿੰਨ ਸਿਲੰਡਰ ਆਕਸੀਜਨ ਦੇ ਲੈ ਲੈਂਦਾ ਹੈ। ਇਕ ਸਾਲ ਵਿਚ ਇਕ ਮਨੁੱਖ 7 ਲੱਖ 66 ਹਜ਼ਾਰ ਅਤੇ ਜੇਕਰ ਔਸਤ ਉਮਰ 65 ਸਾਲ ਤੱਕ ਹੋਵੇ ਤਾਂ ਇਕ ਮਨੁੱਖ ਘੱਟੋ-ਘੱਟ 5 ਕਰੋੜ ਰੁਪਏ ਦੀ ਆਕਸੀਜਨ ਵਰਤਦਾ ਹੈ, ਜੋ ਕਿ ਰੁੱਖ ਮਨੁੱਖ ਨੂੰ ਮੁਫ਼ਤ ਵਿਚ ਦਿੰਦੇ ਹਨ। ਪਰ ਬਦਲੇ ਵਿਚ ਪੰਜਾਬੀਆਂ ਵਲੋਂ ਰੁੱਖਾਂ ਨੂੰ ਕੀ ਦਿੱਤਾ ਜਾ ਰਿਹਾ ਹੈ? ਪੰਜਾਬ ਵਿਚ ਪਿਛਲੇ ਤਿੰਨ ਦਹਾਕਿਆਂ ਦੌਰਾਨ ਇਕੱਲੇ ਸਰਕਾਰੀ ਅੰਕੜੇ ਅਨੁਸਾਰ ਹੀ 7 ਕਰੋੜ ਰੁੱਖ ਵੱਢੇ ਜਾ ਚੁੱਕੇ ਹਨ। ਪੰਜਾਬ ਦੀਆਂ ਸੜਕਾਂ ਨੂੰ ਫੋਰ ਲੇਨ ਬਣਾਉਣ ਦੀ ਹਨੇਰੀ ਵਿਚ ਪਿਛਲੇ ਪੰਜ-ਸੱਤ ਸਾਲਾਂ ਅੰਦਰ ਹੀ ਸੜਕਾਂ ਕੰਢਿਓਂ 9 ਲੱਖ ਤੋਂ ਵੱਧ ਸਰਕਾਰੀ ਦਰੱਖਤ ਵੱਢੇ ਜਾ ਚੁੱਕੇ ਹਨ, ਜਿਨ੍ਹਾਂ ਦੇ ਬਦਲੇ ਇਕ ਦਰੱਖਤ ਵੀ ਨਹੀਂ ਲਗਾਇਆ ਗਿਆ। ਪੰਜਾਬ ਦੇ ਦਰਿਆਵਾਂ ਨੂੰ ਫੈਕਟਰੀਆਂ ਦੇ ਜ਼ਹਿਰੀਲੇ ਰਸਾਇਣਾਂ ਅਤੇ ਰੇਤਾ, ਬੱਜਰੀ ਦੇ ਚੰਦਰੇ ਵਪਾਰ ਨੇ ਖਾ ਲਿਆ ਹੈ। ਪਹਾੜਾਂ ਨੂੰ ਭੂ-ਮਾਫ਼ੀਆ ਨਿਗਲ ਰਿਹਾ ਹੈ। ਕਾਦਰ ਨੇ ਕੁਦਰਤ ਦੀ ਸਿਰਜਣਾ 84 ਲੱਖ ਜੂਨਾਂ ਦੇ ਜੀਵਨ ਲਈ ਕੀਤੀ ਸੀ। ਪਰ ਪੰਜਾਬੀ ਸਿਰਫ਼ ਮਨੁੱਖੀ ਮੁਫ਼ਾਦਾਂ ਲਈ ਨਾ ਸਿਰਫ਼ ਬਾਕੀ ਜੀਵ-ਜੰਤੂਆਂ ਦਾ ਜੀਵਨ ਖ਼ਤਮ ਕਰ ਰਹੇ ਹਨ ਬਲਕਿ ਜਿਸ ਰੁੱਖ ਦੀ ਟਾਹਣੀ ‘ਤੇ ਖ਼ੁਦ ਬੈਠੇ ਹੋਏ ਹਨ ਉਸ ਨੂੰ ਹੀ ਵੱਢੀ ਜਾ ਰਹੇ ਹਨ। ਕੁਦਰਤ ਦਾ ਸੰਤੁਲਨ ਪੰਜਾਬ ਵਾਸੀ ਬੁਰੀ ਤਰ੍ਹਾਂ ਵਿਗਾੜ ਚੁੱਕੇ ਹਨ ਅਤੇ ਹੁਣ ਬਣਾਉਟੀ ਜੀਵਨ ਸਰੋਤਾਂ ਸਹਾਰੇ ਜੀਵਨ ਦੀ ਆਸ ਲਗਾਈ ਬੈਠੇ ਹਨ। ਅੱਜ ਤੋਂ ਦਹਾਕਾ ਪਹਿਲਾਂ ਪੰਜਾਬ ਵਿਚ ਏਅਰ ਕੰਡੀਸ਼ਨਰ ਕਿਸੇ ਟਾਵੇਂ-ਟਾਵੇਂ ਘਰ ਵਿਚ ਹੁੰਦਾ ਸੀ। ਵਾਤਾਵਰਨ ਅਤੇ ਤਾਪਮਾਨ ਬਹੁਤ ਅਨੁਕੂਲ ਹੁੰਦਾ ਸੀ। ਅੱਜ ਸ਼ਹਿਰਾਂ ਵਿਚ 70 ਫ਼ੀਸਦੀ ਘਰਾਂ ਵਿਚ ਏਅਰ ਕੰਡੀਸ਼ਨਰ ਹਨ। ਇਕ-ਇਕ ਘਰ ਵਿਚ ਚਾਰ-ਚਾਰ ਏਅਰ ਕੰਡੀਸ਼ਨਰ ਵੀ ਹਨ। ਮੋਟਰ ਕਾਰਾਂ ਦਾ ਧੂੰਆਂ, ਫ਼ੈਕਟਰੀਆਂ ਦਾ ਧੂੰਆਂ ਅਤੇ ਦਫ਼ਤਰਾਂ, ਘਰਾਂ, ਗੱਡੀਆਂ ਵਿਚ ਲੱਗੇ ਏਅਰ ਕੰਡੀਸ਼ਨਰ ਇਹੋ ਜਿਹੀਆਂ ਜ਼ਹਿਰੀਲੀਆਂ ਅਤੇ ਗਰਮ ਗੈਸਾਂ ਅਤੇ ਪ੍ਰਦੂਸ਼ਣ ਪੈਦਾ ਕਰ ਰਹੇ ਹਨ, ਜੋ ਮਨੁੱਖੀ ਜੀਵਨ ਅਤੇ ਕਾਇਨਾਤ ਨੂੰ ਪਰਾਵੈਂਗਣੀ ਕਿਰਨਾਂ ਤੋਂ ਬਚਾਉਣ ਵਾਲੀ ‘ਓਜੋਨ ਦੀ ਪਰਤ’ ਨੂੰ ਨੁਕਸਾਨ ਪਹੁੰਚਾ ਰਹੇ ਹਨ । ਧਰਤੀ ਦਾ ਤਾਪਮਾਨ ਖ਼ਤਰਨਾਕ ਹੱਦ ਤੱਕ ਵੱਧ ਰਿਹਾ ਹੈ। ਆਖ਼ਰਕਾਰ ਕੁਦਰਤ ਨਾਲ ਖਿਲਵਾੜ ਕਰਕੇ ਬਣਾਉਟੀ ਸਾਧਨਾਂ ਨਾਲ ਕਿੰਨੀ ਕੁ ਦੇਰ ਜੀਅ ਸਕਾਂਗੇ? ਪੰਜਾਬ ਵਿਚ ਹਵਾ ਦੇ ਗੰਧਲੇਪਨ ਅਤੇ ਪ੍ਰਦੂਸ਼ਣ ਦਾ ਕਾਰਨ ਰੁੱਖਾਂ ਦੀ ਘਾਟ, ਚੱਲ ਰਹੇ ਉਸਾਰੀ ਕਾਰਜਾਂ ਵਿਚ ਉੱਡਦੀ ਧੂੜ-ਮਿੱਟੀ ਨੂੰ ਰੋਕਣ ਦੇ ਪ੍ਰਬੰਧ ਨਾ ਹੋਣੇ, ਵਾਹਨਾਂ ਦਾ ਧੂੰਆਂ, ਫੈਕਟਰੀਆਂ ਦਾ ਧੂੰਆਂ, ਸੜਕਾਂ ਕਿਨਾਰੇ ਰੁੱਖਾਂ ਦੀ ਘਾਟ ਹੋਣੀ ਅਤੇ ਧਰਤੀ ਨੂੰ ਭੂ-ਖੋਰ ਤੋਂ ਬਚਾਉਣ ਲਈ ਲੋੜੀਂਦੀ ਜਾਗਰੂਕਤਾ ਅਤੇ ਪ੍ਰਬੰਧਾਂ ਦੀ ਅਣਹੋਂਦ ਹੈ।
ਪੰਜਾਬੀਆਂ ਨੂੰ ਅਜੇ ਵੀ ਸਮੇਂ ਸਿਰ ਸੰਭਲ ਜਾਣਾ ਚਾਹੀਦਾ ਹੈ ਨਹੀਂ ਤਾਂ ਕੁਦਰਤ ਵਾਰ-ਵਾਰ ਮੌਕਾ ਨਹੀਂ ਦਿੰਦੀ। ਮੁਫ਼ਤ ਵਿਚ ਜੀਵਨ ਦਾਨ ਦੇਣ ਵਾਲੀ ਕੁਦਰਤ ਦੀ ਪ੍ਰਕਿਰਤੀ ਦਾ ਸਤਿਕਾਰ ਅਤੇ ਸੰਭਾਲ ਕਰੀਏ। ਪੰਜਾਬ ਵਿਚ ਪ੍ਰਦੂਸ਼ਣ ਨੂੰ ਖ਼ਤਮ ਕਰਕੇ ਸ਼ੁੱਧ ਹਵਾ ਦੇਣ ਵਾਲੇ ਰੁੱਖ ਵੱਧ ਤੋਂ ਵੱਧ ਲਗਾਏ ਜਾਣੇ ਚਾਹੀਦੇ ਹਨ। ਪੰਜਾਬੀਆਂ ਦਾ ਜੀਵਨ ਕੇਵਲ ਵੱਡੇ-ਵੱਡੇ ਉਸਾਰੇ ਜਾ ਰਹੇ ਕੰਕਰੀਟ ਦੇ ਜੰਗਲਾਂ ਵਿਚ ਨਹੀਂ ਹੈ, ਪੰਜਾਬ ਦਾ ਜੀਵਨ ਰੁੱਖਾਂ, ਦਰਿਆਵਾਂ, ਸ਼ੁੱਧ ਹਵਾ, ਸਵੱਛ ਪਾਣੀ ਅਤੇ ਸੋਹਣੀ ਤੇ ਸਾਫ਼-ਸੁਥਰੀ ਧਰਤੀ ਵਿਚ ਹੈ। ਇਨ੍ਹਾਂ ਨੂੰ ਨਾ ਸੰਭਾਲਿਆ ਤਾਂ ਇਤਿਹਾਸ ਦੇ ਵਰਕਿਆਂ ‘ਤੇ ਪੰਜਾਬ ਦੀ ਸੱਭਿਅਤਾ ਵੀ ਹੜੱਪਾ ਤੇ ਮੋਹੰਜੋਦੜੋ ਵਾਂਗ ਇਕ ਅਧਿਆਇ ਬਣ ਕੇ ਰਹਿ ਜਾਵੇਗੀ। ਕੁਦਰਤ-ਪੱਖੀ ਨਾ ਬਣੇ ਤਾਂ ਉਹ ਨਤੀਜਾ ਪੰਜਾਬੀਆਂ ਦੇ ਸਾਹਮਣੇ ਆਉਣ ਵਾਲਾ ਹੈ, ਜਿਸ ਤੋਂ ਭਗਤ ਪੂਰਨ ਸਿੰਘ ਚਾਰ-ਪੰਜ ਦਹਾਕੇ ਪਹਿਲਾਂ ਹੀ ਸੁਚੇਤ ਕਰਦੇ ਰਹੇ ਹਨ ਕਿ, ”ਧਰਤੀ ਰੇਤ ਦਾ ਮਾਰੂਥਲ ਹੋਣ ਤੋਂ ਤਾਂ ਹੀ ਬਚ ਸਕਦੀ ਹੈ ਜੇਕਰ ਮੈਦਾਨੀ ਇਲਾਕਿਆਂ ਦੀ ਧਰਤੀ 100 ਵਿਚੋਂ 21 ਹਿੱਸੇ ਦੇ ਹਿਸਾਬ ਨਾਲ ਰੁੱਖਾਂ ਨਾਲ ਕੱਜੀ ਰਹੇ ਤੇ ਪਹਾੜਾਂ ਦੀ ਧਰਤੀ 100 ਵਿਚੋਂ 66 ਹਿੱਸੇ ਦੇ ਹਿਸਾਬ ਨਾਲ ਰੁੱਖਾਂ ਨਾਲ ਕੱਜੀ ਰਹੇ। ਮਨੁੱਖ ਅਪਰਾਧ ਕਰਕੇ ਮਨੁੱਖਾਂ ਦੀ ਸਜ਼ਾ ਤੋਂ ਬਚ ਸਕਦਾ ਹੈ ਪਰ ਕੁਦਰਤ ਦੀ ਸਜ਼ਾ ਤੋਂ ਨਹੀਂ ਬਚ ਸਕਦਾ। ਟਰੱਕਾਂ ਤੇ ਰੇਲ ਗੱਡੀਆਂ ਬਣਾਉਣ ਵਾਲੇ ਮਸ਼ੀਨੀ ਯੁੱਗ ਦੀ ਉਮਰ ਢਾਈ ਸੌ ਸਾਲ ਤੋਂ ਘੱਟ ਹੈ।”

Check Also

ਡੈਲਾਵੇਅਰ ਦੇ ਆਗੂਆਂ ਨੇ ਵਿਸਾਖੀ ਮੌਕੇ ਭੰਗੜੇ ਨਾਲ ਬੰਨ੍ਹਿਆ ਰੰਗ

ਭਾਰਤ ‘ਚ ਤਿਆਰ ਕੀਤੀ ਗਈ ਸੀ ਪੁਸ਼ਾਕ; ਅਮਰੀਕੀ ਆਗੂਆਂ ਨੇ ਪਾਈ ਧਮਾਲ ਨਿਊ ਕੈਸਲ/ਬਿਊਰੋ ਨਿਊਜ਼ …