ਵਾਸ਼ਿੰਗਟਨ/ਬਿਊਰੋ ਨਿਊਜ਼
ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੀ ਨਾਮਜ਼ਦਗੀ ਦੀ ਉਮੀਦਵਾਰੀ ਵਿਚ ਸਭ ਤੋਂ ਅੱਗੇ ਚਲ ਰਹੇ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹ ਮੁਸਲਮਾਨਾਂ, ਹਿੰਦੂਆਂ, ਸਿੱਖਾਂ ਅਤੇ ਹੋਰ ਘੱਟ ਗਿਣਤੀ ਫਿਰਕਿਆਂ ਦੇ ਹੱਕਾਂ ਦੀ ਰਾਖੀ ਕਰਨਾ ਚਾਹੁੰਦੇ ਹਨ, ਪਰ ‘ਕੱਟੜਪੰਥੀ ਇਸਲਾਮ’ ਦੀ ઠਗੰਭੀਰ ਸਮੱਸਿਆ ਨੂੰ ਵੀ ਸਮਝਣ ਦੀ ਲੋੜ ਹੈ। ਓਕ ਕਰੀਕ ਗੁਰਦੁਆਰੇ ਅੰਦਰ ਕਈ ਸਿੱਖਾਂ ਨੂੰ ਬਚਾਉਣ ਵਾਲੇ ਅਧਿਕਾਰੀ ਲੈਫ਼ਟੀਨੈਂਟ (ਸੇਵਾਮੁਕਤ) ਬ੍ਰਾਇਨ ਮਰਫ਼ੀ ਨੇ ਸਵਾਲ ਪੁੱਛਿਆ ਕਿ ਅਮਰੀਕਾ ਵਿਚ ਪੱਗੜੀ ਸਜਾਉਣ ਵਾਲੇ 99 ਫ਼ੀਸਦੀ ਸਿੱਖ ਹਨ ਨਾ ਕਿ ਮੁਸਲਮਾਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਸ ਬਾਰੇ ਜਾਗਰੂਕ ਕਰਨ ਅਤੇ ਅਜਿਹੇ ਧਰਮਾਂ ਨੂੰ ਵੱਖ ਨਾ ਕਰਨ ਬਾਰੇ ਕੀ ਕਦਮ ਚੁੱਕੇ ਜਾਣਗੇ। ਇਸ ਦੇ ਨਾਲ ਮੁਸਲਮਾਨਾਂ, ਸਿੱਖਾਂ, ਹਿੰਦੂਆਂ ਅਤੇ ਯਹੂਦੀਆਂ ਦੇ ਸੰਵਿਧਾਨਕ ਹੱਕਾਂ ਦੀ ਕਿਵੇਂ ਰਾਖੀ ਕੀਤੀ ਜਾਏਗੀ। ਜ਼ਿਕਰਯੋਗ ਹੈ ਕਿ ਗੁਰਦੁਆਰੇ ਅੰਦਰ ਮਰਫ਼ੀ ਨੂੰ 15 ਗੋਲੀਆਂ ਲੱਗੀਆਂ ਸਨ। ਟਰੰਪ ਨੇ ਕਿਹਾ ਕਿ ਪਰਮਾਣੂ ਹਥਿਆਰਾਂ ਵਾਲਾ ਪਾਕਿਸਤਾਨ ਵੱਡੀ ਸਮੱਸਿਆ ਹੈ। ਲਾਹੌਰ ਧਮਾਕੇ ਵਿਚ ਮਾਰੇ ਗਏ ਇਸਾਈਆਂ ਬਾਰੇ ਉਸ ਨੇ ਕਿਹਾ ਕਿ ਪਾਕਿਸਤਾਨ ਨੂੰ ਹਾਲਾਤ ਸਖ਼ਤੀ ਨਾਲ ਨਜਿੱਠਣੇ ਚਾਹੀਦੇ ਹਨ। ਕੱਟੜ ਇਸਲਾਮਿਕ ਦਹਿਸ਼ਤਗਰਦੀ ਦੇ ਟਾਕਰੇ ਲਈ ਉਸ ਨੇ ਆਪਣੇ ਆਪ ਨੂੰ ਹੋਰ ਸਾਥੀਆਂ ਨਾਲੋਂ ਕਾਬਿਲ ਦੱਸਿਆ। ਉਨ੍ਹਾਂ ਕਿਹਾ ਕਿ ਜੇਕਰ ਇਸ ਸਮੱਸਿਆ ‘ਤੇ ਵਿਚਾਰ ਵਟਾਂਦਰਾ ਨਾ ਕੀਤਾ ਗਿਆ ਤਾਂ ਇਸ ਦਾ ਹੱਲ ਕਦੇ ਨਹੀਂ ਨਿਕਲੇਗਾ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …