ਆਪਸੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਲਈ ਹੋਈ ਵਿਚਾਰ-ਚਰਚਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਾਰਵੇ ਦੀ ਪ੍ਰਧਾਨ ਮੰਤਰੀ ਐਰਨਾ ਸੌਲਬਰਗ ਨਾਲ ਮੁਲਾਕਾਤ ਕਰਕੇ ਸਥਿਰ ਵਿਕਾਸ ਟੀਚੇ ਹਾਸਲ ਕਰਨ ਲਈ ਆਪਸੀ ਸਹਿਯੋਗ ਹੋਰ ਮਜ਼ਬੂਤ ਕਰਨ ਬਾਰੇ ਵਿਚਾਰ ਚਰਚਾ ਕੀਤੀ। ਸੌਲਬਰਗ ਨਾਲ ਮੁਲਾਕਾਤ ਤੋਂ ਬਾਅਦ ਮੋਦੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ, ‘ਅਸੀਂ ਆਪਸੀ ਸਹਿਯੋਗ ਦੇ ਸਾਰੇ ਖੇਤਰਾਂ ਬਾਰੇ ਚਰਚਾ ਕੀਤੀ ਹੈ ਅਤੇ ਆਪਸੀ ਸਮਝੌਤੇ ਮਜ਼ਬੂਤ ਕਰਨ ਬਾਰੇ ਗੱਲਬਾਤ ਕੀਤੀ ਹੈ।’ ਉਨ੍ਹਾਂ ਕਿਹਾ ਕਿ ਉਨ੍ਹਾਂ ਵਿੱਤੀ ਮੁੱਦਿਆਂ ‘ਤੇ ਵੀ ਉਸਾਰੂ ਗੱਲਬਾਤ ਕੀਤੀ ਹੈ। ਕੌਮਾਂਤਰੀ ਪੱਧਰ ‘ਤੇ ਭਾਰਤ ਤੇ ਨਾਰਵੇ ਦੇ ਰਿਸ਼ਤੇ ਬਹੁਤ ਮਜ਼ਬੂਤ ਹਨ। ਸੰਯੁਕਤ ਰਾਸ਼ਟਰ ਸੁਰੱਖਿਆ ਕਾਉਂਸਲ ਸੋਧ, ਬਹੁ-ਪਸਾਰੀ ਬਰਾਮਦ ਕੰਟਰੋਲ ਪ੍ਰੋਗਰਾਮ ਤੇ ਅੱਤਵਾਦ ਵਰਗੇ ਮੁੱਦਿਆਂ ‘ਤੇ ਦੋਵੇਂ ਮੁਲਕ ਇੱਕ-ਦੂਜੇ ਦੇ ਕਾਫੀ ਨੇੜੇ ਹਨ। ਐਰਨਾ ਸੌਲਬਰਗ ਪਿਛਲੇ ਦਿਨੀਂ ਭਾਰਤ ਪਹੁੰਚੇ ਸਨ ਤੇ ਮੰਗਲਵਾਰ ਸਵੇਰੇ ਰਾਸ਼ਟਰਪਤੀ ਭਵਨ ਵਿਚ ਉਨ੍ਹਾਂ ਦੀ ਮਹਿਮਾਨ ਨਵਾਜ਼ੀ ਕੀਤੀ ਗਈ। ਨਾਰਵੇ ਦੀ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਮੋਦੀ ਨਾਲ ਮੁਲਾਕਾਤ ਦੌਰਾਨ ਊਰਜਾ, ਵਾਤਾਵਰਨ ਤਬਦੀਲੀ ਨਾਲ ਸਬੰਧਤ ਮਸਲਿਆਂ ‘ਤੇ ਵੀ ਆਪਸੀ ਸਹਿਯੋਗ ਵਧਾਉਣ ਬਾਰੇ ਗੱਲਬਾਤ ਹੋਈ ਹੈ। ਉਨ੍ਹਾਂ ਕਿਹਾ ਕਿ ਦੁਨੀਆ ਸਥਿਰ ਵਿਕਾਸ ਟੀਚਾ ਹਾਸਲ ਨਹੀਂ ਕਰ ਸਕਦੀ ਜੇਕਰ ਭਾਰਤ ਨੂੰ ਇਸ ਵਿਚ ਸ਼ਾਮਲ ਨਾ ਕੀਤਾ ਗਿਆ। ਇਸੇ ਦੌਰਾਨ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਵੀ ਸੌਲਬਰਗ ਨੂੰ ਸੱਦਾ ਦਿੱਤਾ ਤੇ ਦੋਵਾਂ ਆਗੂਆਂ ਵਿਚਾਲੇ ਵੱਖ-ਵੱਖ ਮੁੱਦਿਆਂ ‘ਤੇ ਚਰਚਾ ਕੀਤੀ ਗਈ।
Check Also
ਕਮਲਾ ਹੈਰਿਸ ਨੇ ਅਮਰੀਕੀ ਵੋਟਰਾਂ ਦੀ ਵੋਟ ਨੂੰ ਦੱਸਿਆ ਹੁਣ ਤੱਕ ਦੀ ਸਭ ਤੋਂ ਮਹੱਤਵਪੂਰਨ ਵੋਟ
ਕਿਹਾ : ਤੁਹਾਡੇ ਵੱਲੋਂ ਪਾਈ ਗਈ ਵੋਟ ਅਮਰੀਕਾ ਦਾ ਭਵਿੱਖ ਤੈਅ ਕਰੇਗੀ ਵਾਸ਼ਿੰਗਟਨ/ਬਿਊਰੋ ਨਿਊਜ਼ : …