ਜੈਪੁਰ, ਮਸੂਰੀ ਤੇ ਧਰਮਸ਼ਾਲਾ ਦੇ ਬੰਦ ਪਏ ਰਿਜ਼ੌਰਟਾਂ ਉੱਤੇ 104 ਕਰੋੜ ਖ਼ਰਚੇ; ਗੋਆ ਦਾ ਰਿਜ਼ੌਰਟ ਵੀ 18 ਕਰੋੜ ਦੇ ਘਾਟੇ ਵਿੱਚ
ਬਠਿੰਡਾ/ਬਿਊਰੋ ਨਿਊਜ਼
ਪੰਜਾਬ ਸਰਕਾਰ ਵੱਲੋਂ ਸੈਰ-ਸਪਾਟੇ ਲਈ ਖੋਲ੍ਹੇ ਰਿਜ਼ੌਰਟਾਂ ਨੇ ਸਰਕਾਰੀ ਖ਼ਜ਼ਾਨੇ ਨੂੰ 202 ਕਰੋੜ ਦਾ ਵੱਡਾ ਰਗੜਾ ਲਾਇਆ ਹੈ। ਸੈਰ-ਸਪਾਟੇ ਵਾਲੇ ਚਾਰ ਸੂਬਿਆਂ ਵਿੱਚ ਬਣਾਏ ਗਏ ਇਹ ਰਿਜ਼ੌਰਟ (ਹਾਲੀਡੇਅ ਹੋਮਜ਼) ਖ਼ਜ਼ਾਨੇ ਲਈ ਘਾਟੇ ਦਾ ਸੌਦਾ ਬਣੇ ਹੋਏ ਹਨ। ਪੰਜਾਬ ਸਰਕਾਰ ਵੱਲੋਂ ਮਸੂਰੀ, ਜੈਪੁਰ ਤੇ ਧਰਮਸ਼ਾਲਾ ਵਿਚਲੇ ਸਾਲਾਂ ਤੋਂ ਬੰਦ ਪਏ ਰਿਜ਼ੌਰਟਾਂ ‘ਤੇ ਹੀ ਸਾਲਾਨਾ ਔਸਤਨ 16 ਕਰੋੜ ਰੁਪਏ ਦਾ ਖਰਚਾ ਕੀਤਾ ਜਾ ਰਿਹਾ ਹੈ। ਚੌਥਾ, ਗੋਆ ਦਾ ਰਿਜ਼ੌਰਟ ਵੀ ਘਾਟੇ ਵਿੱਚ ਚੱਲ ਰਿਹਾ ਹੈ ਤੇ ਉਪਰੋਂ ਸਰਕਾਰ ਹੁਣ ਇਨ੍ਹਾਂ ਨੂੰ ਰੈਨੋਵੇਟ ਕਰਨ ਦੀ ਯੋਜਨਾ ਬਣਾ ਰਹੀ ਹੈ।
ਪੰਜਾਬ ਵਿਰਾਸਤ ਅਤੇ ਸੈਰ-ਸਪਾਟਾ ਵਿਕਾਸ ਬੋਰਡ ਤੋਂ ਆਰਟੀਆਈ ਤਹਿਤ ਮਿਲੇ ਵੇਰਵਿਆਂ ਅਨੁਸਾਰ ਰਾਜ ਸਰਕਾਰ ਵੱਲੋਂ ਪੰਜਾਬ ਤੋਂ ਬਾਹਰ ਗੋਆ ਵਿੱਚ ਸੋਹਨੀ ਹਾਲੀਡੇਅ ਇੰਨ, ਮਸੂਰੀ ਵਿੱਚ ਸੈਪਲਿੰਗ ਅਸਟੇਟ ਹਾਲੀਡੇਅ ਰਿਜ਼ੌਰਟ, ਧਰਮਸ਼ਾਲਾ (ਹਿਮਾਚਲ ਪ੍ਰਦੇਸ਼) ਵਿੱਚ ਮਾਊਂਟ ਵਿਊ ਹਾਲੀਡੇਅ ਰਿਜ਼ੌਰਟ ਅਤੇ ਜੈਪੁਰ ਵਿੱਚ ਰਾਜ ਸਰਾਏ ਹਾਲੀਡੇਅ ਰਿਜ਼ੌਰਟ ਬਣਾਇਆ ਗਿਆ ਸੀ। ਹੁਣ ਇਨ੍ਹਾਂ ਵਿੱਚੋਂ ਸਿਰਫ਼ ਗੋਆ ਦਾ ਰਿਜ਼ੌਰਟ ਹੀ ਚੱਲ ਰਿਹਾ ਹੈ ਜਦੋਂ ਕਿ ਜੈਪੁਰ, ਮਸੂਰੀ ਤੇ ਧਰਮਸ਼ਾਲਾ ਦੇ ਰਿਜ਼ੌਰਟ ਬੰਦ ਹੋਣ ਮਗਰੋਂ ਵੀ ਸਰਕਾਰ ਇਨ੍ਹਾਂ ‘ਤੇ 105 ਕਰੋੜ ਰੁਪਏ ਦਾ ਖਰਚ ਚੁੱਕੀ ਹੈ। ਗੋਆ ਦਾ ਰਿਜ਼ੌਰਟ ਸਾਲ 2009-10 ਤੋਂ ਦਸੰਬਰ 2015 ਤੱਕ 18.47 ਕਰੋੜ ਦੇ ਘਾਟੇ ਵਿੱਚ ਹੈ। ਇਸ ਰਿਜ਼ੌਰਟ ਦੇ ਆਮ ਕਮਰੇ ਦਾ ਪ੍ਰਤੀ ਦਿਨ ਕਿਰਾਇਆ 100 ਰੁਪਏ ਅਤੇ ਏਸੀ ਕਮਰੇ ਦਾ ਕਿਰਾਇਆ 250 ਰੁਪਏ ਨਿਰਧਾਰਿਤ ਹੈ। ਪੰਜਾਬ ਸਰਕਾਰ ਨੇ 31 ਜੁਲਾਈ, 1991 ਨੂੰ ਗੋਆ ਵਿੱਚ 22.70 ਲੱਖ ਰੁਪਏ ਦੀ ਜਾਇਦਾਦ ਖਰੀਦ ਕੇ ਰਿਜ਼ੌਰਟ ਬਣਾਇਆ ਸੀ। ਮਸੂਰੀ ਦਾ ਰਿਜ਼ੌਰਟ 4 ਨਵੰਬਰ, 1987 ਨੂੰ 50.62 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਇਆ ਸੀ, ਜੋ 2003-04 ਤੋਂ ਬੰਦ ਪਿਆ ਹੈ। ਬੰਦ ਹੋਣ ਮਗਰੋਂ ਹੁਣ ਤੱਕ ਇਹ ਸਰਕਾਰੀ ਖ਼ਜ਼ਾਨੇ ‘ਤੇ 50.79 ਕਰੋੜ ਰੁਪਏ ਦਾ ਬੋਝ ਪਾ ਚੁੱਕਾ ਹੈ। ਸਰਕਾਰ ਔਸਤਨ ਹਰ ਸਾਲ ਇਸ ‘ਤੇ ਚਾਰ ਕਰੋੜ ਰੁਪਏ ਖਰਚ ਰਹੀ ਹੈ।
ਇਸੇ ਤਰ੍ਹਾਂ ਸਰਕਾਰ ਨੇ ਧਰਮਸ਼ਾਲਾ ਵਿੱਚ 9 ਅਪਰੈਲ, 1987 ਨੂੰ 54.74 ਲੱਖ ਦੀ ਲਾਗਤ ਨਾਲ ਰਿਜ਼ੌਰਟ ਬਣਾਇਆ ਸੀ ਜੋ ਸਾਲ 2004-05 ਤੋਂ ਬੰਦ ਹੋ ਚੁੱਕਾ ਹੈ। ਸਰਕਾਰ ਲੰਘੇ 12 ਵਰ੍ਹਿਆਂ ਦੌਰਾਨ ਇਸ ‘ਤੇ 53.67 ਕਰੋੜ ਰੁਪਏ ਖਰਚ ਚੁੱਕੀ ਹੈ। ਜੈਪੁਰ ਦਾ ਰਿਜ਼ੌਰਟ 31 ਮਈ, 1990 ਵਿੱਚ ਇੱਕ ਕਰੋੜ ਦੀ ਲਾਗਤ ਨਾਲ ਤਿਆਰ ਹੋਇਆ ਸੀ ਤੇ ਇਹ ਸਾਲ 2006-07 ਤੋਂ ਬੰਦ ਪਿਆ ਹੈ। ਇਸ ‘ਤੇ ਹੁਣ ਤੱਕ 52.35 ਕਰੋੜ ਰੁਪਏ ਖਰਚੇ ਜਾ ਚੁੱਕੇ ਹਨ। ਸੂਚਨਾ ਅਨੁਸਾਰ ਜੈਪੁਰ ਅਤੇ ਮਸੂਰੀ ਦਾ ਰਿਜ਼ੌਰਟ ਘਾਟੇ ਕਾਰਨ ਬੰਦ ਕੀਤੇ ਗਏ ਹਨ ਜਦੋਂਕਿ ਧਰਮਸ਼ਾਲਾ ਦੇ ਰਿਜ਼ੌਰਟ ਦਾ ਕੇਸ ਅਦਾਲਤ ਵਿੱਚ ਚੱਲ ਰਿਹਾ ਹੈ। ਮੁੱਖ ਮੰਤਰੀ ਪੰਜਾਬ ਨੇ 30 ਜੁਲਾਈ, 2015 ਨੂੰ ਹੋਈ ਮੀਟਿੰਗ ਵਿੱਚ ਇਨ੍ਹਾਂ ਰਿਜ਼ੌਰਟਾਂ ਨੂੰ ਮੁੜ ਸੁਰਜੀਤ ਕਰਨ ਦੀ ਹਦਾਇਤ ਕੀਤੀ ਹੈ।
ਸਾਂਭ ਸੰਭਾਲ ‘ਤੇ ਹੋ ਰਿਹੈ ਖਰਚਾ: ਠੰਡਲ
ਸੈਰ ਸਪਾਟਾ ਵਿਭਾਗ ਦੇ ਮੰਤਰੀ ਸੋਹਣ ਸਿੰਘ ਠੰਡਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਤੋਂ ਬਾਹਰਲੇ ਰਿਜ਼ੌਰਟਾਂ ਨੂੰ ਰੈਨੋਵੇਟ ਕਰਕੇ ਚਲਾਇਆ ਜਾਵੇਗਾ ਜਾਂ ਫਿਰ ਇਨ੍ਹਾਂ ਨੂੰ ਲੀਜ਼ ‘ਤੇ ਦਿੱਤਾ ਜਾਵੇਗਾ। ਉਨ੍ਹਾਂ ਮੰਨਿਆ ਕਿ ਬੰਦ ਪਏ ਰਿਜ਼ੌਰਟਾਂ ਦੀ ਸਾਂਭ ਸੰਭਾਲ ‘ਤੇ ਖਰਚਾ ਕਰਨਾ ਪੈ ਰਿਹਾ ਹੈ ਕਿਉਂਕਿ ਇਹ ਸਰਕਾਰੀ ਜਾਇਦਾਦਾਂ ਹਨ। ਉਨ੍ਹਾਂ ਕਿਹਾ ਕਿ ਰਿਜ਼ੌਰਟਾਂ ਵਾਸਤੇ ਫੰਡਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।
ਸਰਕਾਰੀ ਖ਼ਜ਼ਾਨੇ ਹੋ ਰਹੀ ਹੈ ਲੁੱਟ: ਮਾਨ
ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦਾ ਖ਼ਜ਼ਾਨਾ ਆਮ ਲੋਕਾਂ ਲਈ ਤਾਂ ਖਾਲੀ ਹੈ ਪਰ ਵੱਡੇ ਲੋਕਾਂ ਦੇ ਸੈਰ-ਸਪਾਟੇ ਲਈ ਖ਼ਜ਼ਾਨੇ ਦਾ ਮੂੰਹ ਖੁੱਲ੍ਹਾ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ‘ਆਪ’ ਦੀ ਸਰਕਾਰ ਬਣਨ ‘ਤੇ ਸਰਕਾਰੀ ਖ਼ਜ਼ਾਨੇ ਦੀ ਲੁੱਟ ਬੰਦ ਕਰਵਾਈ ਜਾਵੇਗੀ।
Check Also
ਜ਼ਿਮਨੀ ਚੋਣਾਂ ਜਿੱਤਣ ਮਗਰੋਂ ‘ਆਪ’ ਨੇ ਪਟਿਆਲਾ ਤੋਂ ਸ਼ੁਰੂ ਕੀਤੀ ਧੰਨਵਾਦ ਯਾਤਰਾ
ਪਾਰਟੀ ਪ੍ਰਧਾਨ ਅਮਨ ਅਰੋੜਾ ਦੀ ਅਗਵਾਈ ’ਚ ਅੰਮਿ੍ਰਤਸਰ ਪਹੁੰਚ ਕੇ ਸੰਪੰਨ ਹੋਵੇਗੀ ਧੰਨਵਾਦ ਯਾਤਰਾ ਪਟਿਆਲਾ/ਬਿਊਰੋ …