ਮੁੱਖ ਮੰਤਰੀ ਰਾਹਤ ਫੰਡ ਹਾਸਲ ਕਰਨ ਵਿਚ ਜ਼ਿਲ੍ਹਾ ਮੁਕਤਸਰ, ਅੰਮ੍ਰਿਤਸਰ ਤੇ ਬਠਿੰਡਾ ਮੋਹਰੀ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਰਾਹਤ ਫੰਡ ਵਿੱਚੋਂ ਸੂਬੇ ਦੇ ਬਹੁਤ ਘੱਟ ਜ਼ਿਲ੍ਹਿਆਂ ‘ਤੇ ਸਰਕਾਰ ਦੀ ‘ਸਵੱਲੀ ਨਜ਼ਰ’ ਹੋਈ ਹੈ। ਸੂਚਨਾ ਅਧਿਕਾਰ ਕਾਨੂੰਨ ਤਹਿਤ ਮੰਗੀ ਗਈ ਜਾਣਕਾਰੀ ਵਿੱਚ ਖ਼ੁਲਾਸਾ ਹੋਇਆ ਹੈ ਕਿ ਬਾਦਲ ਅਖ਼ਤਿਆਰੀ ਕੋਟੇ ਦੀਆਂ ਗ੍ਰਾਂਟਾਂ ਵਾਂਗ ਮੁੱਖ ਮੰਤਰੀ ਰਾਹਤ ਕੋਸ਼ ਫੰਡ ਦੀ ਰਾਸ਼ੀ ਦੀ ਵੰਡ ਵੀ ਆਮ ਤੌਰ ‘ਤੇ ਮੁਕਤਸਰ, ਬਠਿੰਡਾ, ਅੰਮ੍ਰਿਤਸਰ, ਗੁਰਦਾਸਪੁਰ ਅਤੇ ਸੰਗਰੂਰ ਜ਼ਿਲ੍ਹਿਆਂ ਵਿੱਚ ਹੀ ਕਰਦੇ ਹਨ। ਸੂਚਨਾ ਦੌਰਾਨ ਇਹ ਤੱਥ ਵੀ ਸਾਹਮਣੇ ਆਏ ਹਨ ਕਿ ਮੁੱਖ ਮੰਤਰੀ ਰਾਹਤ ਕੋਸ਼ ਵਿੱਚ ਰਾਜ ਸਰਕਾਰ ਦੇ ਬੋਰਡਾਂ ਤੇ ਨਿਗਮਾਂ ਵੱਲੋਂ ਵਧੇਰੇ ਯੋਗਦਾਨ ਪਾਇਆ ਜਾਂਦਾ ਹੈ।
ਇਸ ਫੰਡ ਲਈ ਆਮ ਦਾਨੀਆਂ ਦੀ ਕਮੀ ਨਜ਼ਰ ਆ ਰਹੀ ਹੈ। ਇਸ ਸੂਚਨਾ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਉਤਰਾਖੰਡ, ਜੰਮੂ-ਕਸ਼ਮੀਰ ਵਿਚ ਆਈਆਂ ਕੁਦਰਤੀ ਆਫ਼ਤਾਂ ਦੌਰਾਨ ਸਰਕਾਰ ਨੇ ਫੰਡ ਤਾਂ ਵਧੇਰੇ ਇਕੱਠਾ ਕੀਤਾ ਪਰ ਭੇਜਿਆ ਬਹੁਤ ਘੱਟ ਗਿਆ। ਸੂਚਨਾ ਅਧਿਕਾਰ ਕਾਨੂੰਨ ਤਹਿਤ ਇਸ ਫੰਡ ਬਾਰੇ ਜਾਣਕਾਰੀ ਗੈਰ-ਸਰਕਾਰੀ ਸੰਸਥਾ ‘ਹੈਲਪ’ ਦੇ ਨੁਮਾਇੰਦੇ ਪਰਵਿੰਦਰ ਕਿੱਤਣਾ ਵੱਲੋਂ ਹਾਸਲ ਕੀਤੀ ਗਈ। ਮੁੱਖ ਮੰਤਰੀ ਰਾਹਤ ਫੰਡ ਵਿਚੋਂ ਮੁਕਤਸਰ ਜ਼ਿਲ੍ਹੇ ਨੂੰ 1.60 ਕਰੋੜ, ਬਠਿੰਡਾ ਨੂੰ 1.38 ਕਰੋੜ, ਅੰਮ੍ਰਿਤਸਰ ਨੂੰ 1.53 ਕਰੋੜ, ਗੁਰਦਾਸਪੁਰ ਨੂੰ 90 ਲੱਖ ਅਤੇ ਸੰਗਰੂਰ ਦੇ ਹਿੱਸੇ 75 ਲੱਖ ਰੁਪਏ ਆਏ। ਬਰਨਾਲਾ ਤੇ ਫ਼ਾਜ਼ਿਲਕਾ ਨੂੰ ਸਿਰਫ਼ 4-4 ਲੱਖ ਜਦੋਂ ਕਿ ਮੋਗਾ ਜ਼ਿਲ੍ਹੇ ਨੂੰ ਕੱਖ ਵੀ ਨਹੀਂ ਮਿਲਿਆ। ਬਾਕੀ ਜ਼ਿਲ੍ਹਿਆਂ ਨੂੰ ਵੀ 10 ਤੋਂ 15 ਲੱਖ ਦੇ ਦਰਮਿਆਨ ਹੀ ਰਾਸ਼ੀ ਮਿਲੀ ਹੈ। ਮੁੱਖ ਮੰਤਰੀ ਵੱਲੋਂ ਪਹਿਲੀ ਜਨਵਰੀ 2014 ਤੋਂ ਫਰਵਰੀ 2016 ਤੱਕ ਦੇ ਸਮੇਂ ਦੌਰਾਨ ਕੁੱਲ 9.39 ਕਰੋੜ ਰੁਪਏ ਦੀ ਰਾਸ਼ੀ ਆਪਣੇ ਰਾਹਤ ਕੋਸ਼ ਫੰਡ ਵਿੱਚੋਂ ਵੰਡੀ ਗਈ ਸੀ। ਇਸ ਵਿੱਚੋਂ 6.16 ਕਰੋੜ ਰੁਪਏ ਉਕਤ ਪੰਜ ਜ਼ਿਲ੍ਹਿਆਂ ਦੇ ਹਿੱਸੇ ਆਏ ਭਾਵ 65.65 ਫੀਸਦੀ ਫੰਡ ਇਨ੍ਹਾਂ ਜ਼ਿਲ੍ਹਿਆਂ ‘ਚ ਹੀ ਦਿੱਤਾ ਗਿਆ। ਜੰਮੂ-ਕਸ਼ਮੀਰ ਅਤੇ ਉਤਰਾਖੰਡ ‘ਚ ਆਈਆਂ ਕੁਦਰਤੀ ਆਫ਼ਤਾਂ ਦੌਰਾਨ ਮੱਦਦ ਲਈ ਪ੍ਰਧਾਨ ਮੰਤਰੀ ਰਾਹਤ ਫੰਡ ਵਿੱਚ ਰਾਜ ਸਰਕਾਰ ਵੱਲੋਂ ਮੁੱਖ ਮੰਤਰੀ ਰਾਹਤ ਫੰਡ ਵਿੱਚੋਂ ਦੋ ਕਰੋੜ ਰੁਪਏ ਦੀ ਰਾਸ਼ੀ ਭੇਜੀ ਗਈ। ਇਸ ਫੰਡ ‘ਚ ਰਾਜ ਸਰਕਾਰ ਦੇ ਅਦਾਰਿਆਂ ਵੱਲੋਂ ਵਧੇਰੇ ਯੋਗਦਾਨ ਪਾਇਆ ਗਿਆ ਹੈ। ਪੰਜਾਬ ਦੇ ਬਜਟ ਵਿੱਚੋਂ ਦੋ ਕਰੋੜ, ਪੰਜਾਬ ਵੇਅਰਹਾਊਸਿੰਗ ਕਾਰਪੋਰੇਸ਼ਨ ਨੇ ਇੱਕ ਕਰੋੜ, ਪੰਜਾਬ ਰਾਜ ਸਹਿਕਾਰੀ ਬੈਂਕ ਵੱਲੋਂ 65 ਲੱਖ ਰੁਪਏ, ਮਾਰਕਫੈਡ ਵੱਲੋਂ 80 ਲੱਖ ਰੁਪਏ, ਪੁੱਡਾ ਵੱਲੋਂ 55 ਲੱਖ, ਦਿਹਾਤੀ ਵਿਕਾਸ ਫੰਡ ‘ਚੋਂ 50 ਲੱਖ ਰੁਪਏ, ਪੰਜਾਬ ਲਘੂ ਨਿਰਯਾਤ ਨਿਗਮ ਵੱਲੋਂ 50 ਲੱਖ, ਹਾਊਸਫੈੱਡ ਵੱਲੋਂ 25 ਲੱਖ ਤੇ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਵੱਲੋਂ 25 ਲੱਖ, ਗਮਾਡਾ ਵੱਲੋਂ 25 ਲੱਖ, ਗਲਾਡਾ ਵੱਲੋਂ 20 ਲੱਖ, ਅੰਮ੍ਰਿਤਸਰ ਵਿਕਾਸ ਅਥਾਰਟੀ ਤੋਂ 10 ਲੱਖ ਰੁਪਏ ઠਅਤੇ ਸੂਬੇ ਦੇ ਵੱਖ-ਵੱਖ ਸਕੂਲਾਂ ਤੋਂ 44 ਲੱਖ ਰੁਪਏ ਦੀ ਰਕਮ ਦਾਨ ਵਜੋਂ ਹਾਸਲ ਹੋਈ।
ਜ਼ਿਆਦਾਤਰ ਰਾਸ਼ੀ ਉਤਰਾਖੰਡ ਵਿੱਚ ਆਈ ਤਰਾਸਦੀ ਦੇ ਪੀੜਤਾਂ ਦੀ ਮੱਦਦ ਲਈ ਹਾਸਲ ਹੋਈ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਦੇ ਅਖਤਿਆਰੀ ਫੰਡ ਵਿੱਚੋਂ ਵੀ ਮੁਕਤਸਰ ਸਮੇਤ ਕੁਝ ਚੋਣਵੇਂ ਜ਼ਿਲ੍ਹਿਆਂ ਨੂੰ ਹੀ ਭਰਵੀਂ ਮਾਲੀ ਮੱਦਦ ਮਿਲਦੀ ਹੈ।
Check Also
ਪੰਜਾਬ ’ਚ ‘ਆਪ’ ਦੇ ਪ੍ਰਧਾਨ ਬਣੇ ਅਮਨ ਅਰੋੜਾ
ਅਮਨਸ਼ੇਰ ਸਿੰਘ ਕਲਸੀ ਨੂੰ ਮਿਲੀ ਉਪ ਪ੍ਰਧਾਨਗੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ …