Breaking News
Home / ਭਾਰਤ / ਕੈਨੇਡਾ ‘ਚ ਲੋਕ ਮੁੱਦਿਆਂ ‘ਤੇ ਲੜੀਆਂ ਜਾਂਦੀਆਂ ਹਨ ਚੋਣਾਂ : ਗੁਰਬਖਸ਼ ਸਿੰਘ ਮੱਲ੍ਹੀ

ਕੈਨੇਡਾ ‘ਚ ਲੋਕ ਮੁੱਦਿਆਂ ‘ਤੇ ਲੜੀਆਂ ਜਾਂਦੀਆਂ ਹਨ ਚੋਣਾਂ : ਗੁਰਬਖਸ਼ ਸਿੰਘ ਮੱਲ੍ਹੀ

ਚੋਣਾਂ ਵਿਚ ਸਿਆਸੀ ਆਗੂ ਇਕ-ਦੂਜੇ ‘ਤੇ ਚਿੱਕੜ ਉਛਾਲਣ ਵਾਲੀ ਰਾਜਨੀਤੀ ਨਹੀਂ ਕਰਦੇ
ਚੰਡੀਗੜ੍ਹ : ਕੈਨੇਡਾ ਵਿਚ ਲਗਾਤਾਰ ਛੇ ਵਾਰ ਸੰਸਦ ਮੈਂਬਰ ਰਹੇ ਗੁਰਬਖਸ਼ ਸਿੰਘ ਮੱਲ੍ਹੀ ਨੇ ਕਿਹਾ ਕਿ ਕੈਨੇਡਾ ਦੀਆਂ ਚੋਣਾਂ ਵਿਚ ਸਿਆਸੀ ਆਗੂ ਇਕ-ਦੂਸਰੇ ਵਿਰੁੱਧ ਚਿੱਕੜ ਉਛਾਲੀ ਕਰਨ ਦੀ ਰਾਜਨੀਤੀ ਨਹੀਂ ਕਰਦੇ ਸਗੋਂ ਦੇਸ਼ ਦੇ ਮੁੱਦਿਆਂ ਉਪਰ ਬੜੀ ਸਹਿਜ ਨਾਲ ਬਹਿਸ ਕਰਕੇ ਚੋਣ ਪ੍ਰਚਾਰ ਕਰਦੇ ਹਨ। ਕੈਨੇਡਾ ਦੇ ਹਲਕਾ ਬਰੈਮਲੀ ਗੌਰ ਮਾਲਟਨ ਤੋਂ ਸਾਲ 1993 ਵਿਚ ਜਿੱਤ ਕੇ ਪਹਿਲੇ ਦਸਤਾਰਧਾਰੀ ਸਿੱਖ ਵਜੋਂ ਕੈਨੇਡਾ ਦੀ ਪਾਰਲੀਮੈਂਟ ਵਿਚ ਜਾਣ ਦਾ ਰਿਕਾਰਡ ਬਣਾਉਣ ਵਾਲੇ ਮੱਲ੍ਹੀ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਵਿਚ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਦੌਰਾਨ ਮੁੱਦਿਆਂ ਤੋਂ ਹਟ ਕੇ ਇਕ-ਦੂਜੇ ਉਤੇ ਚਿੱਕੜ ਉਛਾਲਣ ਤੋਂ ਹੈਰਾਨ ਹਨ। ਮੱਲ੍ਹੀ ਨੇ ਦੱਸਿਆ ਕਿ ਇਥੇ ਤਾਂ ਉਮੀਦਵਾਰਾਂ ਵੱਲੋਂ ਆਪਣੇ ਕਾਗਜ਼ ਦਾਖਲ ਕਰਵਾਉਣ ਵੇਲੇ ਵੱਡੇ-ਵੱਡੇ ਜਲੂਸ ਕੱਢ ਕੇ ਸੜਕਾਂ ਜਾਮ ਕਰਕੇ ਲੋਕਾਂ ਦੀਆਂ ਪ੍ਰੇਸ਼ਾਨੀਆਂ ਵਧਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੇ ਕੈਨੇਡਾ ਵਿਚ ਕੋਈ ਉਮੀਦਵਾਰ ਇਸ ਢੰਗ ਨਾਲ ਸੜਕਾਂ ਉਪਰ ਕਿਸੇ ਰਾਹਗੀਰ ਲਈ ਪ੍ਰੇਸ਼ਾਨੀ ਪੈਦਾ ਕਰੇ ਤਾਂ ਉਸ ਨੂੰ ਉਲਟਾ ਕੋਈ ਵੋਟ ਹੀ ਨਾ ਪਾਵੇ ਜਦਕਿ ਇਥੇ ਅਜਿਹਾ ਘੜਮੱਸ ਸ਼ਕਤੀ ਪ੍ਰਦਰਸ਼ਨ ਮੰਨਿਆ ਜਾਂਦਾ ਹੈ। ਮੱਲ੍ਹੀ ਨੇ ਦੱਸਿਆ ਕਿ ਕੈਨੇਡਾ ਵਿਚ ਉਮੀਦਵਾਰ ਚੁੱਪ ਚੁਪੀਤੇ ਹੀ ਕਾਗਜ਼ ਭਰਦੇ ਹਨ। ਸਾਲ 1993 ਤੋਂ ਲੈ ਕੇ ਸਾਲ 2011 ਤਕ ਛੇ ਵਾਰ ਜਿੱਤ ਕੇ 18 ਸਾਲ ਕੈਨੇਡਾ ਦੇ ਸੰਸਦ ਮੈਂਬਰ ਸਮੇਤ 5 ਵਿਭਾਗਾਂ ਦੇ ਵੱਖ-ਵੱਖ ਸਮੇਂ ਮੰਤਰੀ ਰਹੇ ਮੱਲ੍ਹੀ ਨੇ ਦੱਸਿਆ ਕਿ ਜਦੋਂ ਉਨ੍ਹਾਂ ਸਾਲ 1993 ਵਿਚ ਪਹਿਲੀ ਵਾਰ ਸੰਸਦ ਮੈਂਬਰ ਦੀ ਚੋਣ ਲੜੀ ਸੀ ਤਾਂ ਉਸ ਵੇਲੇ ਕੈਨੇਡਾ ਵਿਚ ਪੰਜਾਬੀ ਪਰਵਾਸੀਆਂ ਵਿਰੁੱਧ ਗੋਰਿਆਂ ਵਿਚ ਬੜੀਆਂ ਗਲਤਫਹਿਮੀਆਂ ਸੀ। ਜਦੋਂ ਉਹ ਘਰ-ਘਰ ਵੋਟਾਂ ਮੰਗਣ ਜਾਂਦੇ ਸਨ ਤਾਂ ਗੋਰੇ ਅੰਦਰੋਂ ਹੀ ਕਈ ਸਵਾਲ ਪੁੱਛ ਕੇ ਬੇਰੰਗ ਮੋੜ ਦਿੰਦੇ ਸਨ। ਜਦੋਂ ਉਹ ਕੈਨੇਡਾ ਵਿਚ ਪਹਿਲਾ ਦਸਤਾਰਧਾਰੀ ਸਿੱਖ ਸੰਸਦ ਮੈਂਬਰ ਬਣਿਆ ਤਾਂ ਉਸ ਵੇਲੇ ਪਾਰਲੀਮੈਂਟ ਵਿਚ ਦਸਤਾਰ ਜਾਂ ਟੋਪੀ ਪਾ ਕੇ ਜਾਣ ਦੀ ਇਜਾਜ਼ਤ ਨਹੀਂ ਸੀ। ਉਸ ਵੇਲੇ ਉਨ੍ਹਾਂ ਦੀ ਲਿਬਰਲ ਸਰਕਾਰ ਨੇ ਹੋਰ ਵਿਰੋਧੀ ਪਾਰਟੀਆਂ ਨਾਲ ਸਹਿਮਤੀ ਬਣਾ ਕੇ ਕਾਨੂੰਨ ਵਿਚ ਸੋਧ ਕੀਤੀ। ਉਨ੍ਹਾਂ ਦੱਸਿਆ ਕਿ ਸਾਲ 1993 ਤੋਂ ਲੈ ਕੇ ਹੁਣ ਤਕ ਪਾਰਲੀਮੈਂਟ ਵਿਚ ਵਿਸਾਖੀ ਮਨਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਹੁਣ ਕੈਨੇਡਾ ਦੀਆਂ ਚੋਣਾਂ ਦਾ ਪ੍ਰਚਾਰ ਕੇਵਲ ਸੋਸ਼ਲ ਮੀਡੀਆ ਤਕ ਹੀ ਸੀਮਤ ਹੋ ਕੇ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਇਕ ਸਮਾਂ ਸੀ ਜਦੋਂ ਪਰਿਵਾਰ ਦੇ ਬਜ਼ੁਰਗ ਦੇ ਕਹਿਣ ‘ਤੇ ਸਾਰਾ ਟੱਬਰ ਵੋਟਾਂ ਪਾਉਂਦਾ ਸੀ ਪਰ ਹੁਣ ਪਰਿਵਾਰ ਦੇ ਨੌਜਵਾਨ ਵੋਟਾਂ ਪਾਉਣ ਬਾਰੇ ਫੈਸਲਾ ਕਰਦੇ ਹਨ, ਜੋ ਚੰਗਾ ਰੁਝਾਨ ਹੈ। ਮੱਲ੍ਹੀ ਨੇ ਐਨਆਰਆਈ ਵੋਟਾਂ ਬਣਾਉਣ ਲਈ ਅੱਗੇ ਨਾ ਆਉਣ ਦੇ ਮੁੱਦੇ ਉਪਰ ਦੱਸਿਆ ਕਿ ਪਰਵਾਸੀ ਪੰਜਾਬੀਆਂ ਕੋਲੋਂ ਕੰਮ ਤੋਂ ਸਮਾਂ ਕੱਢਣਾ ਬੜਾ ਔਖਾ ਹੈ। ਇਸ ਲਈ ਪਰਵਾਸੀ ਪੰਜਾਬੀ ਅਮਲੀ ਤੌਰ ‘ਤੇ ਪੰਜਾਬ ਦੀਆਂ ਚੋਣਾਂ ਵਿਚ ਹਿੱਸਾ ਨਹੀਂ ਲੈ ਸਕਦੇ।
ਇਸ ਤੋਂ ਇਲਾਵਾ ਪਰਵਾਸੀ ਪੰਜਾਬੀਆਂ ਦੀ ਨਵੀਂ ਪੀੜ੍ਹੀ ਦੀ ਪੰਜਾਬ ਦੀ ਸਿਆਸਤ ‘ਚ ਘੱਟ ਦਿਲਚਸਪੀ ਹੈ, ਜਿਸ ਕਾਰਨ ਪਰਵਾਸੀ ਪੰਜਾਬੀਆਂ ਦੀ ਪੰਜਾਬ ਦੀ ਸਿਆਸਤ ‘ਚ ਦਿਲਚਸਪੀ ਘਟਣੀ ਸੁਭਾਵਕ ਹੈ।

Check Also

ਗੁੰਮਰਾਹਕੁੰਨ ਇਸ਼ਤਿਹਾਰ ਮਾਮਲੇ ’ਚ ਪਤੰਜਲੀ ਨੇ 67 ਅਖਬਾਰਾਂ ’ਚ ਛਪਵਾਇਆ ਮੁਆਫ਼ੀਨਾਮਾ

ਕੋਰਟ ਨੇ ਅਖ਼ਬਾਰਾਂ ਦੀ ਕਟਿੰਗ ਮੰਗੀ, ਮਾਮਲੇ ਦੀ ਅਗਲੀ ਸੁਣਵਾਈ 30 ਅਪ੍ਰੈਲ ਨੂੰ ਨਵੀਂ ਦਿੱਲੀ/ਬਿਊਰੋ …