Breaking News
Home / ਦੁਨੀਆ / ਲਿਜ਼ ਟਰੱਸ ਨੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਿਆ

ਲਿਜ਼ ਟਰੱਸ ਨੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਿਆ

ਮਹਾਰਾਣੀ ਐਲਿਜ਼ਬੈੱਥ ਦੋਇਮ ਨੇ ਸਰਕਾਰ ਬਣਾਉਣ ਲਈ ਰਸਮੀ ਪ੍ਰਵਾਨਗੀ ਦਿੱਤੀ
ਲੰਡਨ/ਬਿਊਰੋ ਨਿਊਜ਼ : ਕੁਈਨ ਐਲਿਜ਼ਬੈੱਥ ਦੋਇਮ ਵੱਲੋਂ ਸਰਕਾਰ ਬਣਾਉਣ ਲਈ ਮਿਲੇ ਰਸਮੀ ਸੱਦੇ ਮਗਰੋਂ ਕੰਸਰਵੇਟਿਵ ਪਾਰਟੀ ਦੀ ਨਵੀਂ ਆਗੂ ਲਿਜ਼ ਟਰੱਸ ਨੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲ ਲਿਆ। ਟਰੱਸ ਨੇ ਬਾਲਮੋਰਲ ਕੈਸਲ ਵਿੱਚ ਮਹਾਰਾਣੀ ਨਾਲ ਮੁਲਾਕਾਤ ਕੀਤੀ, ਜਿੱਥੇ ਉਨ੍ਹਾਂ ਨੂੰ ਰਸਮੀ ਤੌਰ ‘ਤੇ ਬਰਤਾਨੀਆ ਦਾ ਨਵਾਂ ਪ੍ਰਧਾਨ ਮੰਤਰੀ ਨਿਯੁਕਤ ਕਰ ਦਿੱਤਾ ਗਿਆ।
ਟਰੱਸ, ਮਾਰਗਰੇਟ ਥੈੱਚਰ ਤੇ ਟੈਰੇਜ਼ਾ ਮੇਅ ਤੋਂ ਬਾਅਦ ਬਰਤਾਨੀਆ ਦੀ ਤੀਜੀ ਮਹਿਲਾ ਪ੍ਰਧਾਨ ਮੰਤਰੀ ਹਨ। ਇਸ ਤੋਂ ਪਹਿਲਾਂ ਬੋਰਿਸ ਜੌਹਨਸਨ ਨੇ ਵੀ ਮਹਾਰਾਣੀ ਨੂੰ ਆਪਣਾ ਰਸਮੀ ਅਸਤੀਫਾ ਸੌਂਪ ਦਿੱਤਾ। ਟਰੱਸ 15ਵੀਂ ਪ੍ਰਧਾਨ ਮੰਤਰੀ ਹਨ, ਜੋ ਮਹਾਰਾਣੀ ਐਲਿਜ਼ਬੈੱਥ ਦੋਇਮ ਦੇ ਰਾਜਪਾਟ ਵਿੱਚ ਸਰਕਾਰ ਚਲਾਉਣਗੇ। ਇਸ ਸੂਚੀ ਵਿੱਚ ਵਿੰਸਟਨ ਚਰਚਿਲ ਪਹਿਲੇ ਪ੍ਰਧਾਨ ਮੰਤਰੀ ਸਨ, ਜਿਨ੍ਹਾਂ 1952 ਵਿੱਚ ਕਾਰਜ ਭਾਰ ਸੰਭਾਲਿਆ ਸੀ।
ਕਾਬਿਲੇਗੌਰ ਹੈ ਕਿ ਸੰਵਿਧਾਨਕ ਅਮਲ ਮੁਤਾਬਕ ਮਹਾਰਾਣੀ ਵੱਲੋਂ ਬਹੁਮਤ ਹਾਸਲ ਕਰਨ ਵਾਲੀ ਧਿਰ ਨੂੰ ਲੰਡਨ ਦੇ ਬਕਿੰਘਮ ਪੈਲੇਸ ਵਿੱਚ ਸੱਦ ਕੇ ਸਰਕਾਰ ਬਣਾਉਣ ਦਾ ਸੱਦਾ ਦਿੱਤਾ ਜਾਂਦਾ ਹੈ, ਪਰ ਐਤਕੀਂ ਮਹਾਰਾਣੀ ਐਲਿਜ਼ਬੈੱਥ ਨੇ ਜੌਹਨਸਨ ਤੇ ਟਰੱਸ ਨਾਲ ਆਪਣੀ ਗਰਮੀਆਂ ਦੀ ਰਿਹਾਇਸ਼ ਬਾਲਮੋਰਲ ਕੈਸਲ ਵਿੱਚ ਹੀ ਮਿਲਣ ਦਾ ਫੈਸਲਾ ਕੀਤਾ ਸੀ। ਟਰੱਸ ਵੱਲੋਂ ਆਪਣੀ ਨਵੀਂ ਕੈਬਨਿਟ ਵਿੱਚ ਅਟਾਰਨੀ ਜਨਰਲ ਸੁਏਲਾ ਬ੍ਰੇਵਰਮੈਨ ਨੂੰ ਸ਼ਾਮਲ ਕੀਤੇ ਜਾਣ ਦੇ ਚਰਚੇ ਹਨ। ਸੰਸਦ ਮੈਂਬਰ ਤੇ ਭਾਰਤੀ ਮੂਲ ਦੀ ਬ੍ਰੇਵਰਮੈਨ ਦੇ ਕੈਬਨਿਟ ਵਿੱਚ ਪ੍ਰੀਤੀ ਪਟੇਲ ਦੀ ਥਾਂ ਲੈਣ ਦੀ ਸੰਭਾਵਨਾ ਹੈ। ਪਟੇਲ ਨੇ ਸੋਮਵਾਰ ਸ਼ਾਮ ਨੂੰ ਗ੍ਰਹਿ ਮੰਤਰੀ ਵਜੋਂ ਅਸਤੀਫ਼ਾ ਦੇ ਦਿੱਤਾ ਸੀ। ਉਧਰ ਸਾਬਕਾ ਵਿੱਤ ਮੰਤਰੀ ਰਿਸ਼ੀ ਸੂਨਕ, ਜੋ ਟਰੱਸ ਨੂੰ ਮਿਲੀਆਂ 57 ਫੀਸਦ ਵੋਟਾਂ ਦੇ ਮੁਕਾਬਲੇ 43 ਫੀਸਦ ਵੋਟਾਂ ਮਿਲਣ ਕਰਕੇ ਚੋਣ ਹਾਰ ਗਏ ਸਨ, ਨੇ ਲੰਘੇ ਦਿਨ ਹੀ ਟਰੱਸ ਦੀ ਅਗਵਾਈ ਵਾਲੀ ਕੈਬਨਿਟ ‘ਚ ਸ਼ਾਮਲ ਹੋਣ ਦੀ ਸੰਭਾਵਨਾ ਨੂੰ ਖਾਰਜ ਕਰ ਦਿੱਤਾ ਸੀ। ਸਿੱਖਿਆ ਸਕੱਤਰ ਜੇਮਸ ਕਲੈਵਰਲੀ ਨੂੰ ਵਿਦੇਸ਼ ਮੰਤਰੀ ਥਾਪਿਆ ਜਾ ਸਕਦਾ ਹੈ। ਰੱਖਿਆ ਮੰਤਰੀ ਬੈੱਨ ਵਾਲੇਸ ਸਣੇ ਇਕ ਦੋ ਹੋਰ ਮੰਤਰੀਆਂ ਕੋਲ ਉਹੀ ਪੁਰਾਣੇ ਅਹੁਦੇ ਰਹਿਣ ਦੀ ਚਰਚਾ ਹੈ। ਟਰੱਸ ਦੀ ਨੇੜਲੀ ਦੋਸਤ ਟੈਰੇਸੇ ਕੌਫੀ ਨੂੰ ਸਿਹਤ ਮਹਿਕਮਾ ਮਿਲ ਸਕਦਾ ਹੈ। ਕੈਬਨਿਟ ਵਿੱਚ ਫੇਰਬਦਲ ਤੋਂ ਇਲਾਵਾ ਪ੍ਰਧਾਨ ਮੰਤਰੀ ਦੀ ਅਧਿਕਾਰਤ ਰਿਹਾਇਸ਼ 10 ਡਾਊਨਿੰਗ ਸਟਰੀਟ ਵਿਖੇ ਜੌਹਨਸਨ ਦੇ ਕੁਝ ਸੀਨੀਅਰ ਸਾਥੀਆਂ ਨੂੰ ਵੀ ਲਾਂਭੇ ਕਰਨ ਦੀ ਤਿਆਰੀ ਹੈ।
ਭਾਰਤੀ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਲਿਜ਼ ਟਰੱਸ ਨੂੰ ਯੂਕੇ ਦਾ ਨਵਾਂ ਪ੍ਰਧਾਨ ਮੰਤਰੀ ਚੁਣੇ ਜਾਣ ‘ਤੇ ਵਧਾਈ ਦਿੱਤੀ ਹੈ। ਜੈਸ਼ੰਕਰ ਨੇ ਕਿਹਾ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਟਰੱਸ ਦੀ ਅਗਵਾਈ ਵਿੱਚ ਭਾਰਤ-ਯੂਕੇ ਸਬੰਧਾਂ ਨੂੰ ਹੋਰ ਹੁਲਾਰਾ ਮਿਲੇਗਾ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਲੰਘੇ ਦਿਨ ਟਰੱਸ ਨੂੰ ਇਸ ਨਵੀਂ ਨਿਯੁਕਤੀ ਲਈ ਵਧਾਈ ਦਿੱਤੀ ਸੀ।
ਸਿਆਸਤ ਬੰਦ ਕਰਕੇ ਟਰੱਸ ਪਿੱਛੇ ਖੜ੍ਹਨ ਦੀ ਲੋੜ: ਜੌਹਨਸਨ
ਲੰਡਨ : ਬੋਰਿਸ ਜੌਹਨਸਨ ਨੇ ਬਰਤਾਨਵੀ ਪ੍ਰਧਾਨ ਮੰਤਰੀ ਵਜੋਂ ਆਪਣੇ ਵਿਦਾਇਗੀ ਭਾਸ਼ਣ ਵਿੱਚ ਖ਼ੁਦ ਨੂੰ ‘ਬੂਸਟਰ ਰਾਕੇਟ’ ਦੱਸਿਆ, ਜਿਸ ਨੇ ਆਪਣੇ ਸਾਰੇ ਕੰਮਾਂ ਨੂੰ ਪੂਰਾ ਕੀਤਾ। ਉਨ੍ਹਾਂ ਲੜਾਕੇ ਸੁਭਾਅ ਵਾਲੀ ਕੰਸਰਵੇਟਿਵ ਪਾਰਟੀ ਨੂੰ ਆਪਣੀ ਜਾਨਸ਼ੀਨ ਲਿਜ਼ ਟਰੱਸ ਦੀ ਪਿੱਠ ‘ਤੇ ਖੜ੍ਹਨ ਦਾ ਸੱਦਾ ਦਿੱਤਾ। ਜੌਹਨਸਨ ਨੇ ਕਿਹਾ ਕਿ ਦੇਸ਼ ਦੇ ਲੋਕਾਂ ਲਈ ਇਹ ਮੁਸ਼ਕਲ ਸਮਾਂ ਸੀ। ਅਸੀਂ ਇਸ ਵਿਚੋਂ ਮਜ਼ਬੂਤ ਹੋ ਕੇ ਨਿਕਲਾਂਗੇ। ਪਰ ਮੈਂ ਕੰਸਰਵੇਟਿਵਜ਼ ਪਾਰਟੀ ਵਿਚਲੇ ਆਪਣੇ ਸਾਥੀਆਂ ਨੂੰ ਕਹਿਣਾ ਚਾਹਾਂਗਾ ਕਿ ਸਿਆਸਤ ਕਰਨ ਦੀ ਥਾਂ, ਲਿਜ਼ ਟਰੱਸ ਤੇ ਉਨ੍ਹਾਂ ਦੀ ਟੀਮ ਪਿੱਛੇ ਖੜ੍ਹੀਏ ਤੇ ਲੋਕਾਂ ਨੂੰ ਉਹ ਦੇਈਏ, ਜਿਸ ਦੇ ਉਹ ਹੱਕਦਾਰ ਹਨ। ਜੌਹਨਸਨ ਨੇ ਪਾਰਟੀਗੇਟ ਸਕੈਂਡਲ ਸਣੇ ਲੜੀਵਾਰ ਵਿਵਾਦਾਂ ਕਰਕੇ ਆਪਣੀ ਹੀ ਕੈਬਨਿਟ ਵੱਲੋਂ ਪਾਏ ਦਬਾਅ ਕਰਕੇ ਇਸ ਸਾਲ ਜੁਲਾਈ ਵਿੱਚ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਸੀ। ਵਿਦਾਇਗੀ ਭਾਸ਼ਣ ਮਗਰੋਂ ਜੌਹਨਸਨ ਬਾਲਮੋਰਲ ਕੈਸਲ ਗਏ, ਜਿੱਥੇ ਉਨ੍ਹਾਂ ਮਹਾਰਾਣੀ ਐਲਿਜ਼ਬੈੱਥ ਨੂੰ ਆਪਣਾ ਰਸਮੀ ਅਸਤੀਫ਼ਾ ਸੌਂਪਿਆ।
ਲਿਜ਼ ਟਰੱਸ ਵੱਲੋਂ ਬਰਤਾਨੀਆ ਦੀ ਨਵੀਂ ਕੈਬਨਿਟ ਦਾ ਗਠਨ
ਗੈਰ-ਈਸਾਈ ਘੱਟਗਿਣਤੀ ਮੈਂਬਰਾਂ ਨੂੰ ਦਿੱਤੇ ਅਹਿਮ ਮਹਿਕਮੇ; ਭਾਰਤੀ ਮੂਲ ਦੀ ਸੁਏਲਾ ਬ੍ਰੇਵਰਮੈਨ ਨੂੰ ਗ੍ਰਹਿ ਮੰਤਰੀ ਥਾਪਿਆ
ਲੰਡਨ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਲਿਜ਼ ਟਰੱਸ ਨੇ ਲੰਡਨ ‘ਚ ਆਪਣੀ ਸਰਕਾਰੀ ਰਿਹਾਇਸ਼ 10 ਡਾਊਨਿੰਗ ਸਟਰੀਟ ਵਿੱਚ ਪਲੇਠੀ ਕੈਬਨਿਟ ਮੀਟਿੰਗ ਕੀਤੀ। ਟਰੱਸ ਨੇ ਹਾਲਾਂਕਿ ਮੀਟਿੰਗ ਤੋਂ ਪਹਿਲਾਂ ਹੀ ਆਪਣੀ ਨਵੀਂ ਕੈਬਨਿਟ ਐਲਾਨ ਦਿੱਤੀ ਸੀ। ਕੈਬਨਿਟ ਵਿੱਚ ਸੰਸਦ ਦੇ ਗੈਰ-ਇਸਾਈ ਘੱਟਗਿਣਤੀ ਮੈਂਬਰਾਂ ਨੂੰ ਅਹਿਮ ਤੇ ਮੂਹਰਲੀ ਕਤਾਰ ਦੇ ਮਹਿਕਮੇ ਦਿੱਤੇ ਗਏ ਹਨ। ਭਾਰਤੀ ਮੂਲ ਦੀ ਸੁਏਲਾ ਬ੍ਰੇਵਰਮੈਨ ਨੂੰ ਗ੍ਰਹਿ ਮੰਤਰੀ ਦੇ ਅਹੁਦੇ ਨਾਲ ਨਿਵਾਜਿਆ ਗਿਆ ਹੈ। ਇਸੇ ਤਰ੍ਹਾਂ ਭਾਰਤੀ ਮੂਲ ਦੇ ਇਕ ਹੋਰ ਮੰਤਰੀ ਆਗਰਾ ਵਿੱਚ ਜਨਮੇ ਆਲੋਕ ਸ਼ਰਮਾ ਨੂੰ ਕੋਪ26 ਦਾ ਪ੍ਰਧਾਨ ਬਣਾਉਂਦਿਆਂ ਮੁੜ ਵਾਤਾਵਰਨ ਨਾਲ ਜੁੜੇ ਮੰਤਰਾਲੇ ਦੀ ਕਮਾਨ ਸੰਭਾਲੀ ਗਈ ਹੈ। ਬੈੱਨ ਵਾਲੇਸ ਨੂੰ ਰੱਖਿਆ ਮੰਤਰੀ ਤੇ ਟੈਰੇਜ਼ਾ ਕੌਫੀ ਨੂੰ ਉਪ ਪ੍ਰਧਾਨ ਮੰਤਰੀ ਦੇ ਨਾਲ ਸਿਹਤ ਰਾਜ ਮੰਤਰੀ ਦਾ ਅਹੁਦਾ ਦਿੱਤਾ ਗਿਆ ਹੈ। ਸ੍ਰੀਲੰਕਨ ਤੇ ਭਾਰਤੀ ਮੂਲ ਦੀ ਲੰਡਨ ਵਿੱਚ ਜਨਮੀ ਜੂਨੀਅਰ ਮੰਤਰੀ ਰਨਿਲ ਜੈਵਰਧਨੇ ਨੂੰ ਤਰੱਕੀ ਦੇ ਕੇ ਵਾਤਾਵਰਨ, ਖੁਰਾਕ ਤੇ ਗ੍ਰਾਮੀਣ ਮਾਮਲਿਆਂ ਬਾਰੇ ਰਾਜ ਮੰਤਰੀ ਲਾਇਆ ਗਿਆ ਹੈ। ਵਿਦੇਸ਼ ਮੰਤਰਾਲਾ, ਜੋ ਪਹਿਲਾਂ ਟਰੱਸ ਕੋਲ ਸੀ, ਜੇਮਸ ਕਲੈਵਰਲੀ ਦੀ ਝੋਲੀ ਪਿਆ ਹੈ। ਕਲੈਵਰਲੀ ਦਾ ਸਬੰਧ ਪਿੱਛੋਂ ਸਿਏਰਾ ਲਿਓਨ ਤੋਂ ਹੈ। ਟੋਰੀ ਪਾਰਟੀ ਦੇ ਕਈ ਸੀਨੀਅਰ ਮੈਂਬਰਾਂ, ਜਿਨ੍ਹਾਂ ਕੰਸਰਵੇਟਿਵ ਆਗੂ ਦੀ ਚੋਣ ਦੌਰਾਨ ਭਾਰਤੀ ਮੂਲ ਦੇ ਸਾਬਕਾ ਵਿੱਤ ਮੰਤਰੀ ਰਿਸ਼ੀ ਸੂਨਕ ਦੀ ਪਿੱਠ ਥਾਪੜੀ ਸੀ, ਨੂੰ ਕੈਬਨਿਟ ‘ਚੋਂ ਬਾਹਰ ਰੱਖਿਆ ਗਿਆ ਹੈ। ਕੈਬਨਿਟ ਤੇ ਰਾਜ ਮੰਤਰੀਆਂ ਦੀ ਨਿਯੁਕਤੀ ਦਾ ਅਮਲ ਮੰਗਲਵਾਰ ਨੂੰ ਹੀ ਸ਼ੁਰੂ ਹੋ ਗਿਆ ਸੀ, ਜੋ ਟਰੱਸ ਵੱਲੋਂ ਹਾਊਸ ਆਫ਼ ਕਾਮਨਜ਼ ਵਿੱਚ ਕੀਤੇ ਸੰਬੋਧਨ ਤੱਕ ਜਾਰੀ ਰਿਹਾ। ਯੂਕੇ ਦੀ ਨਵੀਂ ਗ੍ਰਹਿ ਮੰਤਰੀ ਬ੍ਰੇਵਰਮੈਨ ਦੀ ਮਾਂ ਤਾਮਿਲ ਮੂਲ ਦੀ ਹੈ ਤੇ ਉਸ ਦੇ ਪਰਿਵਾਰ ਦੀਆਂ ਜੜ੍ਹਾਂ ਮੌਰੀਸ਼ਸ ਵਿਚ ਹਨ। ਇਰਾਕੀ ਮੂਲ ਦੇ ਨਦੀਮ ਜ਼ਾਹਾਵੀ ਨੂੰ ਵੀ ਕੈਬਨਿਟ ਵਿੱਚ ਥਾਂ ਮਿਲੀ ਹੈ। ਬਰੈਂਡਨ ਲੂਈਸ ਨਵੇਂ ਨਿਆਂ ਮੰਤਰੀ ਹੋਣਗੇ। ਪੈਨੀ ਮੌਰਡੌਂਟ ਨੂੰ ਹਾਊਸ ਆਫ਼ ਕਾਮਨਜ਼ ਵਿੱਚ ਸਦਨ ਦੇ ਆਗੂ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।

Check Also

ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ

ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …