-0.7 C
Toronto
Sunday, January 11, 2026
spot_img
Homeਪੰਜਾਬਪਾਕਿਸਤਾਨ ਖਿਲਾਫ ਕੈਚ ਛੱਡਣ ਕਾਰਨ ਨਿਸ਼ਾਨੇ 'ਤੇ ਆਇਆ ਅਰਸ਼ਦੀਪ ਸਿੰਘ

ਪਾਕਿਸਤਾਨ ਖਿਲਾਫ ਕੈਚ ਛੱਡਣ ਕਾਰਨ ਨਿਸ਼ਾਨੇ ‘ਤੇ ਆਇਆ ਅਰਸ਼ਦੀਪ ਸਿੰਘ

ਭਾਰਤੀ ਕ੍ਰਿਕਟਰ ਨੂੰ ਟਵਿੱਟਰ ‘ਤੇ ‘ਖਾਲਿਸਤਾਨੀ’ ਲਿਖਿਆ
ਚੰਡੀਗੜ੍ਹ/ਬਿਊਰੋ ਨਿਊਜ਼ : ਭਾਰਤੀ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੂੰ ਪਾਕਿਸਤਾਨ ਖਿਲਾਫ ਐਤਵਾਰ ਨੂੰ ਦੁਬਈ ਵਿੱਚ ਖੇਡੇ ਗਏ ਏਸ਼ੀਆ ਕ੍ਰਿਕਟ ਕੱਪ ਟੂਰਨਾਮੈਂਟ ਦੇ ਸੁਪਰ-4 ਮੁਕਾਬਲੇ ਵਿੱਚ ਬੱਲੇਬਾਜ਼ ਆਸਿਫ਼ ਅਲੀ ਦਾ ਕੈਚ ਛੱਡਣ ਕਾਰਨ ਸੋਸ਼ਲ ਮੀਡੀਆ ‘ਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਪਾਕਿਸਤਾਨ ਵਿੱਚ ਕੁੱਝ ਲੋਕਾਂ ਵੱਲੋਂ ਟਵਿੱਟਰ ‘ਤੇ ਅਰਸ਼ਦੀਪ ਸਿੰਘ ਨੂੰ ‘ਖਾਲਿਸਤਾਨੀ’ ਕਿਹਾ ਗਿਆ।
ਪੰਜਾਬ ਸਰਕਾਰ ਅਤੇ ਵਿਰੋਧੀ ਧਿਰਾਂ ਮੁਹਾਲੀ ਵਾਸੀ ਕ੍ਰਿਕਟਰ ਅਰਸ਼ਦੀਪ ਦੇ ਹੱਕ ਵਿੱਚ ਨਿੱਤਰ ਆਈਆਂ ਹਨ। ਸੂਬਾ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕ੍ਰਿਕਟਰ ਦੇ ਸਮਰਥਨ ਵਿੱਚ ਆਵਾਜ਼ ਬੁਲੰਦ ਕੀਤੀ ਹੈ। ਮੀਤ ਹੇਅਰ ਨੇ ਅਰਸ਼ਦੀਪ ਦੀ ਮਾਂ ਨਾਲ ਵੀ ਫੋਨ ‘ਤੇ ਗੱਲਬਾਤ ਕੀਤੀ ਅਤੇ ਭਰੋਸਾ ਦਿਵਾਇਆ ਕਿ ਪੰਜਾਬ ਅਤੇ ਪੂਰਾ ਦੇਸ਼ ਉਸ ਦੇ ਨਾਲ ਹੈ। ‘ਆਪ’ ਸੰਸਦ ਮੈਂਬਰ ਰਾਘਵ ਚੱਢਾ, ਹਰਭਜਨ ਸਿੰਘ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕਾਂਗਰਸ ਦੇ ਸੂਬਾਈ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਤੇ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਵੀ 23 ਸਾਲ ਦੇ ਤੇਜ਼ ਗੇਂਦਬਾਜ਼ ਦੀ ਹਮਾਇਤ ‘ਤੇ ਆ ਗਏ ਹਨ। ਭਾਰਤ ਇਹ ਮੈਚ ਪੰਜ ਵਿਕਟਾਂ ਨਾਲ ਹਾਰ ਗਿਆ ਸੀ। ਅਰਸ਼ਦੀਪ 18ਵੇਂ ਓਵਰ ਵਿੱਚ ਪਾਕਿਸਤਾਨ ਦੇ ਬੱਲੇਬਾਜ਼ ਆਸਿਫ਼ ਅਲੀ ਦਾ ਆਸਾਨ ਕੈਚ ਨਹੀਂ ਲੈ ਸਕਿਆ ਸੀ। ‘ਆਪ’ ਦੇ ਰਾਜ ਸਭਾ ਮੈਂਬਰ ਅਤੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਨੇ ਟਵੀਟ ਕੀਤਾ, ”ਨੌਜਵਾਨ ਅਰਸ਼ਦੀਪ ਸਿੰਘ ਦੀ ਆਲੋਚਨਾ ਬੰਦ ਕਰੋ। ਕੋਈ ਜਾਣਬੁੱਝ ਕੇ ਕੈਚ ਨਹੀਂ ਛੱਡਦਾ। ਸਾਨੂੰ ਆਪਣੀ ਟੀਮ ‘ਤੇ ਮਾਣ ਹੈ। ਪਾਕਿਸਤਾਨ ਬਿਹਤਰ ਖੇਡਿਆ। ਇਸ ਪਲੈਟਫਾਰਮ ‘ਤੇ ਖਿਡਾਰੀਆਂ ਬਾਰੇ ਘਟੀਆ ਗੱਲਾਂ ਕਰਨ ਵਾਲਿਆਂ ‘ਤੇ ਸ਼ਰਮ ਆਉਂਦੀ ਹੈ। ਅਰਸ਼ਦੀਪ ਖਰਾ ਸੋਨਾ ਹੈ।” ਇਸੇ ਦੌਰਾਨ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਨੇ ਵੀ ਅਰਸ਼ਦੀਪ ਦਾ ਸਮਰਥਨ ਕੀਤਾ ਹੈ। ਕੋਹਲੀ ਨੇ ਐਤਵਾਰ ਨੂੰ ਮੈਚ ਤੋਂ ਬਾਅਦ ਕਿਹਾ, ”ਜਦੋਂ ਮੈਂ ਚੈਂਪੀਅਨਜ਼ ਟਰਾਫੀ ਵਿੱਚ ਪਾਕਿਸਤਾਨ ਖਿਲਾਫ ਪਹਿਲੀ ਵਾਰ ਖੇਡਿਆ ਤਾਂ ਖਰਾਬ ਸ਼ਾਟ ਖੇਡਣ ਕਰਕੇ ਆਊਟ ਹੋ ਗਿਆ ਸੀ। ਦਬਾਅ ਵਿੱਚ ਕੋਈ ਵੀ ਗ਼ਲਤੀ ਕਰ ਸਕਦਾ ਹੈ। ਇਹ ਬੁਰਾ ਲੱਗਣਾ ਸੁਭਾਵਿਕ ਹੈ। ਟੀਮ ਵਿੱਚ ਹੁਣ ਮਾਹੌਲ ਵਧੀਆ ਹੈ। ਇਸ ਦਾ ਸਿਹਰਾ ਪ੍ਰਬੰਧਕਾਂ ਤੇ ਕਪਤਾਨ ਸਿਰ ਬੱਝਦਾ ਹੈ। ਕਿਸੇ ਨੂੰ ਵੀ ਆਪਣੀ ਗ਼ਲਤੀ ਮੰਨਣੀ ਚਾਹੀਦੀ ਹੈ, ਇਸ ਨੂੰ ਸੁਧਾਰਨਾ ਚਾਹੀਦਾ ਹੈ ਤੇ ਅਗਾਂਹ ਵੀ ਦਬਾਅ ਵਾਲੀ ਸਥਿਤੀ ਨਾਲ ਨਜਿੱਠਣ ਲਈ ਅੱਗੇ ਵਧਣਾ ਚਾਹੀਦਾ ਹੈ।” ਰਾਘਵ ਚੱਢਾ ਨੇ ਕਿਹਾ, ”ਅਰਸ਼ਦੀਪ ਹੋਣਹਾਰ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਭਾਰਤੀ ਗੇਂਦਬਾਜ਼ਾਂ ਦੀ ਅਗਵਾਈ ਕਰੇਗਾ। ਨਫ਼ਰਤ ਉਸ ਦਾ ਕੁਝ ਨਹੀਂ ਵਿਗਾੜ ਸਕਦੀ।” ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ”ਖੇਡ ਵਿੱਚ ਅਜਿਹਾ ਹੁੰਦਾ ਰਹਿੰਦਾ ਹੈ। ਸਾਨੂੰ ਆਪਣੇ ਖਿਡਾਰੀਆਂ ਦਾ ਸਮਰਥਨ ਕਰਨਾ ਚਾਹੀਦਾ ਹੈ। ਅਰਸ਼ਦੀਪ ਸਿੰਘ ਤੋਂ ਨਿਰਾਸ਼ ਹੋਣ ਦੀ ਲੋੜ ਨਹੀਂ। ਉਸ ਦੇ ਸਾਹਮਣੇ ਸੁਨਹਿਰੀ ਭਵਿੱਖ ਹੈ।” ਭਾਜਪਾ ਨੇਤਾ ਮਨਜਿੰਦਰ ਸਿੰਘ ਸਿਰਸਾ ਨੇ ਅਰਸ਼ਦੀਪ ਨੂੰ ਖਾਲਿਸਤਾਨੀ ਆਖਣ ਵਾਲਿਆਂ ਨੂੰ ਕਰਾਰਾ ਜਵਾਬ ਦਿੰਦਿਆਂ ਕਿਹਾ, ”ਅਰਸ਼ਦੀਪ ਸਿੰਘ ਹੋਣਹਾਰ ਖਿਡਾਰੀ ਹੈ। ਉਸ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਪੂਰਾ ਦੇਸ਼ ਉਸ ਦੇ ਨਾਲ ਹੈ। ਕ੍ਰਿਕਟ ਤੋਂ ਪਹਿਲਾਂ ਦੇਸ਼ ਹੈ ਤੇ ਪਾਕਿਸਤਾਨ ਦੇ ਕੂੜ-ਪ੍ਰਚਾਰ ਨੂੰ ਖਾਰਜ ਕਰਕੇ ਮੈਂ ਅਰਸ਼ਦੀਪ ਸਿੰਘ ਦੇ ਨਾਲ ਹਾਂ।”
ਵਿਕੀਪੀਡੀਆ ਅਧਿਕਾਰੀ ਤਲਬ
ਨਵੀਂ ਦਿੱਲੀ : ਭਾਰਤ ਸਰਕਾਰ ਨੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਦੇ ਆਨਲਾਈਨ ਐਨਸਾਈਕਲੋਪੀਡੀਆ ਪੇਜ ਨੂੰ ਸੰਪਾਦਿਤ ਕਰਨ ਦੇ ਮਾਮਲੇ ਵਿੱਚ ਵਿਕੀਪੀਡੀਆ ਦੇ ਅਧਿਕਾਰੀਆਂ ਨੂੰ ਤਲਬ ਕੀਤਾ ਹੈ ਅਤੇ ਉਨ੍ਹਾਂ ਨੂੰ ਗ਼ਲਤ ਪ੍ਰਕਾਸ਼ਿਤ ਕੀਤੀ ਗਈ ਜਾਣਕਾਰੀ ਨੂੰ ਫੌਰੀ ਹਟਾਉਣ ਲਈ ਕਿਹਾ ਹੈ। ਹਾਲਾਂਕਿ, ਵਿਕੀਪੀਡੀਆ ਫਾਊਂਡੇਸ਼ਨ ਦੇ ਇੱਕ ਬੁਲਾਰੇ ਨੇ ਕਿਹਾ ਕਿ ਉਸ ਦੀ ਟੀਮ ਨੇ ਸੰਪਾਦਿਤ ਕੀਤੀ ਗ਼ਲਤ ਜਾਣਕਾਰੀ ਨੂੰ ਕੁੱਝ ਮਿੰਟਾਂ ਬਾਅਦ ਹੀ ਹਟਾ ਦਿੱਤਾ ਸੀ। ਆਈਟੀ ਮੰਤਰਾਲੇ ਨੇ ਦੱਸਿਆ ਕਿ ਘਟਨਾ ਸਬੰਧੀ ਵਿਕੀਪੀਡੀਆ ਅਧਿਕਾਰੀਆਂ ਨੂੰ ਸੰਮਨ ਭੇਜਿਆ ਗਿਆ ਹੈ।
ਸਿੱਖ ਭਾਈਚਾਰਾ ਕ੍ਰਿਕਟਰ ਅਰਸ਼ਦੀਪ ਸਿੰਘ ਨਾਲ ਖੜਾ ਹੈ : ਜਥੇਦਾਰ
ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਅਰਸ਼ਦੀਪ ਖਿਲਾਫ ਹੋ ਰਹੇ ਕੂੜ ਪ੍ਰਚਾਰ ਦੀ ਨਿਖੇਧੀ
ਅੰਮ੍ਰਿਤਸਰ/ਬਿਊਰੋ ਨਿਊਜ਼ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਕ੍ਰਿਕਟ ਖਿਡਾਰੀ ਅਰਸ਼ਦੀਪ ਸਿੰਘ ਦੀ ਹੋ ਰਹੀ ਆਲੋਚਨਾ ਦਾ ਵਿਰੋਧ ਕਰਦਿਆਂ ਕਿਹਾ ਕਿ ਸਮੁੱਚੀ ਸਿੱਖ ਕੌਮ ਉਸ ਦੇ ਨਾਲ ਖੜੀ ਹੈ। ਹਾਲ ਹੀ ਵਿੱਚ ਏਸ਼ੀਆ ਕ੍ਰਿਕਟ ਕੱਪ ਦੌਰਾਨ ਭਾਰਤ ਅਤੇ ਪਾਕਿਸਤਾਨ ਦੌਰਾਨ ਹੋਏ ਮੈਚ ਵਿੱਚ ਉਸ ਦੇ ਹੱਥੋਂ ਪਾਕਿਸਤਾਨੀ ਖਿਡਾਰੀ ਦਾ ਕੈਚ ਛੁੱਟ ਗਿਆ ਸੀ।
ਜਿਸ ਤੋਂ ਬਾਅਦ ਸੋਸ਼ਲ ਮੀਡੀਆਂ ‘ਤੇ ਉਸਦੀ ਆਲੋਚਨਾ ਸ਼ੁਰੂ ਹੋ ਗਈ ਸੀ ਤੇ ਉਸਦੇ ਵਿਕੀਪੀਡੀਆ ਖਾਤੇ ਵਿਚ ਖਾਲਿਸਤਾਨੀ ਦਰਜ ਕਰ ਦਿੱਤਾ ਗਿਆ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਇਸ ਦਾ ਸਖ਼ਤ ਨੋਟਿਸ ਲੈਂਦਿਆਂ ਅਰਸ਼ਦੀਪ ਸਿੰਘ ਨੂੰ ਕਿਹਾ ਕਿ ਉਹ ਅਜਿਹੀ ਆਲੋਚਨਾ ਵੱਲ ਧਿਆਨ ਨਾ ਦੇਵੇ ਅਤੇ ਸਿਰਫ਼ ਆਪਣੀ ਖੇਡ ਵੱਲ ਧਿਆਨ ਕੇਂਦਰਿਤ ਕਰੇ। ਉਨਾਂ ਕਿਹਾ ਕਿ ਵਿਸ਼ਵ ਵਿੱਚ ਵੱਸਦਾ ਸਮੁੱਚਾ ਸਿੱਖ ਭਾਈਚਾਰਾ ਉਸ ਦੇ ਸਮਰਥਨ ਵਿੱਚ ਉਸਦੇ ਨਾਲ ਖੜਾ ਹੈ। ਉਨਾਂ ਕਿਹਾ ਕਿ ਹਾਰ ਅਤੇ ਜਿੱਤ ਖੇਡ ਦਾ ਇੱਕ ਹਿੱਸਾ ਹੈ। ਉਸ ਕੋਲੋਂ ਕੈਚ ਛੁੱਟਣਾ ਵੀ ਖੇਡ ਦਾ ਇਕ ਹਿੱਸਾ ਹੈ ਪਰ ਇਸ ਮਾਮਲੇ ਵਿੱਚ ਉਸ ਨੂੰ ਇਕ ਸਿੱਖ ਨੌਜਵਾਨ ਵਜੋਂ ਨਿਸ਼ਾਨਾ ਬਣਾਉਣਾ ਬਿਮਾਰ ਮਾਨਸਿਕਤਾ ਵਾਲੇ ਲੋਕਾਂ ਦੀ ਨਿਸ਼ਾਨੀ ਹੈ। ਉਨਾਂ ਮੰਗ ਕੀਤੀ ਭਾਰਤ ਸਰਕਾਰ ਅਜਿਹੇ ਲੋਕਾਂ ਖਿਲਾਫ ਕਾਰਵਾਈ ਕਰੇ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਹੈ ਕਿ ਇਹ ਵਰਤਾਰਾ ਪੂਰੇ ਵਿਸ਼ਵ ਲਈ ਬੇਹੱਦ ਖ਼ਤਰਨਾਕ ਹੈ। ਉਨਾਂ ਕਿਹਾ ਕਿ ਮਾਨਵੀ ਕਦਰਾਂ ਕੀਮਤਾਂ ਨੂੰ ਢਾਹ ਲਾਉਣ ਵਾਲੇ ਇਸ ਨਫ਼ਰਤੀ ਵਰਤਾਰੇ ਵਿਰੁੱਧ ਯੂਐੱਨਓ ਨੂੰ ਦਖ਼ਲ ਦੇਣਾ ਚਾਹੀਦਾ ਹੈ ਅਤੇ ਅਜਿਹੀਆਂ ਮਾਨਵ ਵਿਰੋਧੀ ਸੁਰਾਂ ਖਿਲਾਫ ਕਰੜੇ ਨਿਯਮ ਤੈਅ ਕਰਨੇ ਚਾਹੀਦੇ ਹਨ।

RELATED ARTICLES
POPULAR POSTS