ਸਥਾਨਕ ਸਰਕਾਰਾਂ ਵਿਭਾਗ ਸੰਜੀਵ ਅਰੋੜਾ ਨੂੰ ਮਿਲਿਆ ਅਤੇ ਡਾ. ਰਵਜੋਤ ਸਿੰਘ ਨੂੰ ਪਰਵਾਸੀ ਭਾਰਤੀ ਮਾਮਲੇ ਵਿਭਾਗ ਸੌਂਪਿਆ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਭਗਵੰਤ ਮਾਨ ਸਰਕਾਰ ਨੇ ਕੈਬਨਿਟ ਵਜ਼ੀਰਾਂ ਦੇ ਵਿਭਾਗਾਂ ‘ਚ ਮਾਮੂਲੀ ਫੇਰਬਦਲ ਕੀਤਾ ਹੈ। ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਵਿਭਾਗੀ ਫੇਰਬਦਲ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ ਸਥਾਨਕ ਸਰਕਾਰਾਂ ਵਿਭਾਗ ਵੀ ਸੌਂਪ ਦਿੱਤਾ ਹੈ ਜਦੋਂ ਕਿ ਡਾ. ਰਵਜੋਤ ਸਿੰਘ ਹਵਾਲੇ ਹੁਣ ਪਰਵਾਸੀ ਭਾਰਤੀ ਮਾਮਲੇ ਵਿਭਾਗ ਕੀਤਾ ਗਿਆ ਹੈ। ਡਾ. ਰਵਜੋਤ ਤੋਂ ਸਥਾਨਕ ਸਰਕਾਰਾਂ ਵਿਭਾਗ ਵਾਪਸ ਲੈ ਲਿਆ ਗਿਆ ਹੈ। ਕੈਬਨਿਟ ਮੰਤਰੀ ਸੰਜੀਵ ਅਰੋੜਾ ਕੋਲ ਪਹਿਲਾਂ ਊਰਜਾ, ਉਦਯੋਗ ਤੇ ਵਣਜ ਅਤੇ ਨਿਵੇਸ਼ ਪ੍ਰੋਤਸਾਹਨ ਵਿਭਾਗ ਵੀ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਵਿਭਾਗੀ ਫੇਰਬਦਲ ਨੂੰ ਹਰੀ ਝੰਡੀ ਦੇ ਦਿੱਤੀ ਸੀ। ਚੇਤੇ ਰਹੇ ਕਿ ਸੰਜੀਵ ਅਰੋੜਾ ਨੇ ਰਾਜ ਸਭਾ ਦੀ ਮੈਂਬਰੀ ਤੋਂ ਅਸਤੀਫਾ ਦੇ ਦਿੱਤਾ ਸੀ। ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ‘ਚ ਜੇਤੂ ਰਹਿਣ ਮਗਰੋਂ ਸੰਜੀਵ ਅਰੋੜਾ ਨੇ 28 ਜੂਨ 2025 ਨੂੰ ਬਤੌਰ ਵਿਧਾਇਕ ਸਹੁੰ ਚੁੱਕੀ ਅਤੇ 3 ਜੁਲਾਈ 2025 ਨੂੰ ਅਰੋੜਾ ਨੇ ਮੰਤਰੀ ਵਜੋਂ ਸਹੁੰ ਚੁੱਕੀ ਸੀ। ਪੰਜਾਬ ਸਰਕਾਰ ਨੇ 18 ਅਗਸਤ 2025 ਨੂੰ ਵਿਭਾਗੀ ਫੇਰਬਦਲ ਦੌਰਾਨ ਸੰਜੀਵ ਅਰੋੜਾ ਨੂੰ ਊਰਜਾ ਮੰਤਰਾਲਾ ਵੀ ਸੌਂਪ ਦਿੱਤਾ ਸੀ ਜੋ ਪਹਿਲਾਂ ਹਰਭਜਨ ਸਿੰਘ ਈਟੀਓ ਕੋਲ ਸੀ। ਪੰਜਾਬ ਸਰਕਾਰ ਤਰਫ਼ੋਂ ਸੰਜੀਵ ਅਰੋੜਾ ਦੇ ਹੱਥ ਕਾਫੀ ਮਜ਼ਬੂਤ ਕੀਤੇ ਜਾ ਰਹੇ ਹਨ। ਚਰਚੇ ਹਨ ਕਿ ਆਉਂਦੇ ਦਿਨਾਂ ‘ਚ ਅਰੋੜਾ ਨੂੰ ਇੱਕ ਹੋਰ ਮਹਿਕਮਾ ਵੀ ਸੌਂਪਿਆ ਜਾ ਸਕਦਾ ਹੈ।

