ਹਰਜਿੰਦਰ ਸਿੰਘ ਧਾਮੀ ਨੂੰ 107 ਅਤੇ ਬੀਬੀ ਜਗੀਰ ਕੌਰ ਨੂੰ 33 ਵੋਟਾਂ ਪਈਆਂ
ਅੰਮ੍ਰਿਤਸਰ/ਬਿਊਰੋ ਨਿਊਜ਼ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਈ ਸਾਲਾਨਾ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਲਗਾਤਾਰ ਚੌਥੀ ਵਾਰ ਪ੍ਰਧਾਨ ਚੁਣੇ ਗਏ ਹਨ। ਉਨ੍ਹਾਂ ਦੇ ਵਿਰੋਧ ਵਿੱਚ ਖੜ੍ਹੀ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੀ ਉਮੀਦਵਾਰ ਬੀਬੀ ਜਗੀਰ ਕੌਰ ਚੋਣ ਹਾਰ ਗਏ ਹਨ। ਐਡਵੋਕੇਟ ਧਾਮੀ ਤੋਂ ਇਲਾਵਾ ਰਘੂਜੀਤ ਸਿੰਘ ਵਿਰਕ ਸੀਨੀਅਰ ਮੀਤ ਪ੍ਰਧਾਨ, ਬਲਦੇਵ ਸਿੰਘ ਕਲਿਆਣ ਜੂਨੀਅਰ ਮੀਤ ਪ੍ਰਧਾਨ ਅਤੇ ਸ਼ੇਰ ਸਿੰਘ ਮੰਡਵਾਲਾ ਨੂੰ ਜਨਰਲ ਸਕੱਤਰ ਚੁਣਿਆ ਗਿਆ ਹੈ। ਇਸ ਤੋਂ ਇਲਾਵਾ 11 ਮੈਂਬਰ ਅੰਤਰਿੰਗ ਕਮੇਟੀ ਵਾਸਤੇ ਚੁਣੇ ਗਏ ਹਨ। ਸਾਲਾਨਾ ਜਨਰਲ ਇਜਲਾਸ ਦੌਰਾਨ ਕੁੱਲ 142 ਮੈਂਬਰਾਂ ਨੇ ਵੋਟ ਪਾਈ, ਜਿਨ੍ਹਾਂ ‘ਚੋਂ ਐਡਵੋਕੇਟ ਧਾਮੀ ਨੂੰ 107 ਵੋਟਾਂ ਅਤੇ ਬੀਬੀ ਜਗੀਰ ਕੌਰ ਨੂੰ 33 ਵੋਟਾਂ ਮਿਲੀਆਂ। ਇਸ ਦੌਰਾਨ 2 ਵੋਟਾਂ ਰੱਦ ਕਰ ਦਿੱਤੀਆਂ ਗਈਆਂ। ਇਸ ਚੋਣ ਵਿੱਚ ਬੀਬੀ ਜਗੀਰ ਕੌਰ 74 ਵੋਟਾਂ ਨਾਲ ਹਾਰੇ ਹਨ। ਤੇਜਾ ਸਿੰਘ ਸਮੁੰਦਰੀ ਹਾਲ ‘ਚ ਹੋਏ ਇਜਲਾਸ ਦੌਰਾਨ ਅਰਦਾਸ ਤੋਂ ਬਾਅਦ ਪ੍ਰਧਾਨ ਦੀ ਚੋਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ। ਪ੍ਰਧਾਨ ਦੇ ਅਹੁਦੇ ਤੋਂ ਇਲਾਵਾ ਵਿਰੋਧੀ ਧਿਰ ਵੱਲੋਂ ਕਿਸੇ ਹੋਰ ਅਹੁਦੇ ਲਈ ਕੋਈ ਉਮੀਦਵਾਰ ਖੜ੍ਹਾ ਨਹੀਂ ਕੀਤਾ ਗਿਆ, ਜਿਸ ਕਾਰਨ ਬਾਕੀ ਸਾਰੇ ਅਹੁਦੇਦਾਰ ਬਿਨਾਂ ਵਿਰੋਧ ਚੁਣੇ ਗਏ ਹਨ। ਇਜਲਾਸ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਅਤੇ ਹੋਰ ਗ੍ਰੰਥੀ ਸਾਹਿਬਾਨ ਪੰਜ ਸਿੰਘ ਸਾਹਿਬਾਨ ਵਜੋਂ ਹਾਜ਼ਰ ਸਨ ਪਰ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਗੈਰ ਹਾਜ਼ਰ ਰਹੇ। ਚੁਣੀ ਗਈ 11 ਮੈਂਬਰੀ ਅੰਤ੍ਰਿੰਗ ਕਮੇਟੀ ਵਿਚ ਸੁਰਜੀਤ ਸਿੰਘ ਗੜ੍ਹੀ, ਬੀਬੀ ਹਰਜਿੰਦਰ ਕੌਰ, ਅਮਰੀਕ ਸਿੰਘ ਵਿਛੋਆ, ਸੁਰਜੀਤ ਸਿੰਘ ਤੁਗਲਵਾਲ, ਪਰਮਜੀਤ ਸਿੰਘ ਖ਼ਾਲਸਾ, ਬਲਦੇਵ ਸਿੰਘ ਕਾਇਮਪੁਰ, ਦਲਜੀਤ ਸਿੰਘ ਭਿੰਡਰ, ਸੁਖਹਰਪ੍ਰੀਤ ਸਿੰਘ ਰੋਡੇ, ਰਵਿੰਦਰ ਸਿੰਘ ਖ਼ਾਲਸਾ, ਜਸਵੰਤ ਸਿੰਘ ਪੁੜੈਣ ਤੇ ਪਰਮਜੀਤ ਸਿੰਘ ਰਾਏਪੁਰ ਸ਼ਾਮਲ ਹਨ। ਇਸ ਦੇ ਨਾਲ ਹੀ 3 ਸਾਲ ਬਾਅਦ ਆਨਰੇਰੀ ਮੁੱਖ ਸਕੱਤਰ ਵਜੋਂ ਕੁਲਵੰਤ ਸਿੰਘ ਮੰਨਣ ਨੂੰ ਨਿਯੁਕਤ ਕੀਤਾ ਗਿਆ ਹੈ। ਸ਼੍ਰੋਮਣੀ ਕਮੇਟੀ ਦੇ ਮੌਜੂਦਾ ਹਾਊਸ ‘ਚ ਤਖਤਾਂ ਦੇ ਜਥੇਦਾਰਾਂ ਤੋਂ ਇਲਾਵਾ ਕੁੱਲ 185 ਮੈਂਬਰ ਹਨ ਜਿਨ੍ਹਾਂ ‘ਚੋਂ 170 ਮੈਂਬਰ ਵੋਟਾਂ ਰਾਹੀਂ ਚੁਣੇ ਹੋਏ ਤੇ 15 ਮੈਂਬਰ ਵੱਖ-ਵੱਖ ਸੂਬਿਆਂ ਤੋਂ ਨਾਮਜ਼ਦ ਕੀਤੇ ਹੋਏ ਹਨ। ਇਨ੍ਹਾਂ ਮੈਂਬਰਾਂ ਵਿੱਚੋਂ 31 ਮੈਂਬਰਾਂ ਦੀ ਮੌਤ ਹੋ ਚੁੱਕੀ ਹੈ। ਚਾਰ ਮੈਂਬਰ ਅਸਤੀਫਾ ਦੇ ਚੁੱਕੇ ਹਨ ਅਤੇ ਦੋ ਮੈਂਬਰਾਂ ਨੂੰ ਅਯੋਗ ਕਰਾਰ ਦਿੱਤਾ ਹੋਇਆ ਹੈ। ਇਸ ਵੇਲੇ ਮੌਜੂਦਾ ਹਾਊਸ ‘ਚ ਕੁੱਲ 148 ਮੈਂਬਰ ਹਨ ਜਿਨ੍ਹਾਂ ਵਿੱਚੋਂ 142 ਮੈਂਬਰ ਵੋਟ ਪਾਉਣ ਲਈ ਪੁੱਜੇ ਸਨ। 142 ਮੈਂਬਰਾਂ ਵਿੱਚੋਂ ਲਗਭਗ ਅੱਧਾ ਦਰਜਨ ਮੈਂਬਰ ਬਿਮਾਰ ਸਨ, ਜੋ ਆਪਣੇ ਰਿਸ਼ਤੇਦਾਰਾਂ ਨਾਲ ਵੋਟ ਪਾਉਣ ਲਈ ਆਏ ਹੋਏ ਸਨ।
11 ਮੈਂਬਰੀ ਸਲਾਹਕਾਰ ਬੋਰਡ ਬਣਾਉਣ ਦਾ ਫ਼ੈਸਲਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੋਏ ਜਨਰਲ ਇਜਲਾਸ ਵਿੱਚ ਅਹਿਮ ਮਤਾ ਪਾਸ ਕਰਦਿਆਂ ਅਕਾਲ ਤਖ਼ਤ ਸਾਹਿਬ ‘ਤੇ ਪੁੱਜਦੇ ਮਾਮਲਿਆਂ ਦੇ ਸਰਲੀਕਰਨ ਲਈ 11 ਮੈਂਬਰੀ ਸਲਾਹਕਾਰ ਬੋਰਡ ਬਣਾਉਣ ਦਾ ਫ਼ੈਸਲਾ ਕੀਤਾ ਗਿਆ ਅਤੇ ਇਸ ਫ਼ੈਸਲੇ ਨੂੰ ਹਾਊਸ ਵੱਲੋਂ ਪ੍ਰਵਾਨਗੀ ਦਿੱਤੀ ਗਈ।
ਪੰਥਕ ਭਾਵਨਾਵਾਂ ਅਨੁਸਾਰ ਸੇਵਾ ਨਿਭਾਵਾਂਗਾ : ਧਾਮੀ
ਐਡਵੋਕੇਟ ਧਾਮੀ ਨੇ ਪ੍ਰਧਾਨ ਚੁਣੇ ਜਾਣ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਿੱਖ ਕੌਮ ਦੀ ਇਹ ਵੱਡੀ ਸੇਵਾ ਗੁਰੂ ਸਾਹਿਬ ਦੀ ਬਖ਼ਸ਼ਿਸ਼ ਨਾਲ ਪ੍ਰਾਪਤ ਹੋਈ ਹੈ, ਜਿਸ ਨੂੰ ਉਹ ਗੁਰੂ ਸਾਹਿਬ ਦੀ ਭੈਅ ਭਾਵਨੀ, ਨਿਰਮਤਾ ਤੇ ਪੰਥਕ ਭਾਵਨਾਵਾਂ ਅਨੁਸਾਰ ਨਿਭਾਉਣ ਦਾ ਯਤਨ ਕਰਨਗੇ। ਉਨ੍ਹਾਂ ਦਾਅਵਾ ਕੀਤਾ ਕਿ ਇਸ ਸਾਲ ਦੀ ਚੋਣ ਵਿਚ ਪੰਜਾਬ ਦੀ ‘ਆਪ’ ਸਰਕਾਰ ਦੇ ਨਾਲ-ਨਾਲ ਭਾਰਤ ਸਰਕਾਰ, ਭਾਜਪਾ, ਆਰਐੱਸਐੱਸ, ਕਾਂਗਰਸ ਨੇ ਪੂਰਾ ਜ਼ੋਰ ਲਗਾਇਆ ਪ੍ਰੰਤੂ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੇ ਦ੍ਰਿੜ੍ਹਤਾ ਨਾਲ ਆਪਣੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਨਾਲ ਖੜ੍ਹ ਕੇ ਮਿਸਾਲ ਕਾਇਮ ਕੀਤੀ ਹੈ।
ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਜ਼ਮੀਰ ਮਰੀ : ਬੀਬੀ ਜਗੀਰ ਕੌਰ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਦੀ ਚੋਣ ਹਾਰਨ ਤੋਂ ਬਾਅਦ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਲਾਸ਼ਾਂ ਕਰਾਰ ਦਿੰਦਿਆਂ ਆਰੋਪ ਲਾਇਆ ਕਿ ਇਨ੍ਹਾਂ ਅੰਦਰੋਂ ਜ਼ਮੀਰਾਂ ਮਰ ਚੁੱਕੀਆਂ ਹਨ। ਮੀਡੀਆ ਨਾਲ ਗੱਲ ਕਰਦਿਆਂ ਬੀਬੀ ਜਗੀਰ ਕੌਰ ਨੇ ਆਖਿਆ ਕਿ ਉਹ ਚਾਹੁੰਦੇ ਹਨ ਕਿ ਜਲਦੀ ਹੀ ਸ਼੍ਰੋਮਣੀ ਕਮੇਟੀ ਦੀਆਂ ਜਨਰਲ ਚੋਣਾਂ ਹੋਣ ਅਤੇ ਨਵੇਂ ਮੈਂਬਰ ਚੁਣ ਕੇ ਆਉਣ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਮੈਂਬਰਾਂ ਵੱਲੋਂ ਦਿੱਤਾ ਗਿਆ ਫਤਵਾ ਉਨ੍ਹਾਂ ਨੂੰ ਸਵੀਕਾਰ ਹੈ ਪਰ ਦੁੱਖ ਇਹ ਹੈ ਕਿ ਇਨ੍ਹਾਂ ਮੈਂਬਰਾਂ ਦੀਆਂ ਜ਼ਮੀਰਾਂ ਨਹੀਂ ਜਾਗੀਆਂ।