Breaking News
Home / ਹਫ਼ਤਾਵਾਰੀ ਫੇਰੀ / ਸੰਸਾਰ ਆ ਖਲੋਤਾ ਕਿਸਾਨਾਂ ਦੇ ਨਾਲ

ਸੰਸਾਰ ਆ ਖਲੋਤਾ ਕਿਸਾਨਾਂ ਦੇ ਨਾਲ

ਕੌਮਾਂਤਰੀ ਹਸਤੀਆਂ ਵੀ ਕਿਸਾਨੀ ਅੰਦੋਲਨ ਦੀ ਹਮਾਇਤ ‘ਚ ਡਟੀਆਂ
ਰਿਹਾਨਾ, ਹੈਰਿਸ ਤੇ ਗ੍ਰੇਟਾ ਦੇ ਟਵੀਟ ਤੋਂ ਘਬਰਾਈ ਭਾਰਤ ਦੀ ਕੇਂਦਰ ਸਰਕਾਰ
ਭਾਰਤੀ ਵਿਦੇਸ਼ ਮੰਤਰਾਲੇ ਦੀ ਕੌਮਾਂਤਰੀ ਹਸਤੀਆਂ ਨੂੰ ਨਸੀਹਤ, ਤੱਥਾਂ ਦਾ ਪਤਾ ਲਗਾ ਕੇ ਹੀ ਬੋਲੋ
ਨਵੀਂ ਦਿੱਲੀ/ਬਿਊਰੋ ਨਿਊਜ਼ : ਪੌਪ ਸਟਾਰ ਰਿਹਾਨਾ ਦੇ ਬਿਆਨ ਮਗਰੋਂ ਹੋਰ ਹਸਤੀਆਂ ਵੀ ਕਿਸਾਨਾਂ ਦੀ ਪਿੱਠ ‘ਤੇ ਆ ਗਈਆਂ ਹਨ। ਸਾਫ਼-ਸੁਥਰੇ ਵਾਤਾਵਰਨ ਲਈ ਆਵਾਜ਼ ਬੁਲੰਦ ਕਰਨ ਵਾਲੀ ਕਿਸ਼ੋਰ ਕਾਰਕੁਨ ਗ੍ਰੇਟਾ ਥੁਨਬਰਗ, ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਭਤੀਜੀ ਮੀਨਾ ਹੈਰਿਸ, ਗਾਇਕਾ ਜੇਅ ਸੀਨ, ਡਾਕਟਰ ਜ਼ਿਊਸ, ਬਾਲਗ ਫਿਲਮਾਂ ਦੀ ਸਾਬਕਾ ਸਟਾਰ ਮੀਆ ਖਲੀਫ਼ਾ, ਹੌਲੀਵੁੱਡ ਸਟਾਰ ਜੌਹਨ ਕੁਸੈਕ ਸਮੇਤ ਹੋਰ ਕੌਮਾਂਤਰੀ ਹਸਤੀਆਂ ਨੇ ਖੇਤੀ ਕਾਨੂੰਨਾਂ ਖਿਲਾਫ ਦਿੱਲੀ ਦੇ ਬਾਰਡਰਾਂ ‘ਤੇ ਡਟੇ ਕਿਸਾਨਾਂ ਦੇ ਅੰਦੋਲਨ ਦੀ ਹਮਾਇਤ ਕੀਤੀ ਹੈ। ਹੁਣ ਟਵਿੱਟਰ ‘ਤੇ ‘ਹੈਸ਼ਟੈਗ ਫਾਰਮਰਜ਼ ਪ੍ਰੋਟੈਸਟ ਇਨ ਇੰਡੀਆ’ ਮਸ਼ਹੂਰ ਹੋ ਗਿਆ ਹੈ ਅਤੇ ਲੋਕ ਕਿਸਾਨਾਂ ਨਾਲ ਆਪਣੀ ਇਕਜੁੱਟਤਾ ਦਾ ਪ੍ਰਗਟਾਵਾ ਕਰ ਰਹੇ ਹਨ। ਉਧਰ ਭਾਰਤੀ ਵਿਦੇਸ਼ ਮੰਤਰਾਲੇ ਨੇ ਕੌਮਾਂਤਰੀ ਹਸਤੀਆਂ ਅਤੇ ਹੋਰ ਵਿਅਕਤੀਆਂ ਨੂੰ ਕਿਹਾ ਹੈ ਕਿ ਉਹ ਕਿਸਾਨ ਅੰਦੋਲਨ ਬਾਰੇ ਕੋਈ ਵੀ ਬਿਆਨ ਦੇਣ ਤੋਂ ਪਹਿਲਾਂ ਤੱਥਾਂ ਦਾ ਪਤਾ ਲਗਾ ਲੈਣ। ਥੁਨਬਰਗ ਨੇ ਟਵੀਟ ਕਰਕੇ ਕਿਹਾ ਕਿ ਅਸੀਂ ਭਾਰਤ ‘ਚ ਕਿਸਾਨ ਅੰਦੋਲਨ ਨਾਲ ਆਪਣੀ ਇਕਜੁੱਟਤਾ ਪ੍ਰਗਟਾਉਂਦਿਆਂ ਉਨ੍ਹਾਂ ਨਾਲ ਖੜ੍ਹੇ ਹਾਂ।
ਅਮਰੀਕੀ ਵਕੀਲ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਭਤੀਜੀ ਨੇ ਕਿਹਾ,”ਦੁਨੀਆ ਦੀ ਸਭ ਤੋਂ ਪੁਰਾਣੀ ਜਮਹੂਰੀਅਤ ‘ਤੇ ਹਮਲੇ ਨੂੰ ਇਕ ਮਹੀਨਾ ਵੀ ਨਹੀਂ ਬੀਤਿਆ ਹੈ ਤਾਂ ਸਭ ਤੋਂ ਵਧੇਰੇ ਆਬਾਦੀ ਵਾਲੇ ਲੋਕਤੰਤਰ ‘ਚ ਲੋਕਾਂ ਨਾਲ ਜ਼ਿਆਦਤੀ ਹੋ ਰਹੀ ਹੈ।” ਮੀਨਾ ਨੇ ਟਵੀਟ ਕਰਕੇ ਕਿਹਾ ਕਿ ਭਾਰਤ ‘ਚ ਅੰਦੋਲਨਕਾਰੀ ਕਿਸਾਨਾਂ ਖਿਲਾਫ ਨੀਮ ਫ਼ੌਜੀ ਬਲਾਂ ਦੀ ਹਿੰਸਾ ਅਤੇ ਇੰਟਰਨੈੱਟ ਬੰਦ ਕੀਤੇ ਜਾਣ ‘ਤੇ ਸਾਰਿਆਂ ਨੂੰ ਨਾਰਾਜ਼ਗੀ ਜਤਾਉਣੀ ਚਾਹੀਦੀ ਹੈ। ਵਿਦੇਸ਼ੀ ਹਸਤੀਆਂ ਵੱਲੋਂ ਕਿਸਾਨ ਅੰਦੋਲਨ ਦੀ ਹਮਾਇਤ ਕੀਤੇ ਜਾਣ ਤੋਂ ਹੱਕੇ-ਬੱਕੇ ਭਾਰਤੀ ਵਿਦੇਸ਼ ਮੰਤਰਾਲੇ ਨੇ ਸੰਖੇਪ ਬਿਆਨ ‘ਚ ਕਿਹਾ ਕਿ ਮੁਲਕ ਦੇ ਕੁਝ ਹਿੱਸੇ ‘ਚ ਕਿਸਾਨਾਂ ਦੇ ਛੋਟੇ ਧੜੇ ਵੱਲੋਂ ਖੇਤੀ ਸੁਧਾਰਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਅੰਦੋਲਨ ਬਾਰੇ ਕੋਈ ਬਿਆਨ ਦੇਣ ਤੋਂ ਪਹਿਲਾਂ ਮਸਲੇ ਨੂੰ ਪੂਰੀ ਤਰ੍ਹਾਂ ਨਾਲ ਸਮਝਣ ਦੀ ਲੋੜ ਹੈ। ਭਾਰਤ ਦੀ ਵਾਤਾਵਰਣ ਪ੍ਰੇਮੀ ਲਿਸੀਪ੍ਰਿਯਾ ਕਨਗੁੰਜਮ ਨੇ ਥੁਨਬਰਗ ਨੂੰ ਕਿਸਾਨੀ ਸੰਘਰਸ਼ ਦੀ ਹਮਾਇਤ ਕਰਨ ਲਈ ਕਿਹਾ ਸੀ।

Check Also

ਸਮੇਂ ਤੋਂ ਪਹਿਲਾਂ ਡਿੱਗ ਸਕਦੀ ਹੈ ਟਰੂਡੋ ਸਰਕਾਰ

ਕੰਸਰਵੇਟਿਵ ਲਿਆਉਣਗੇ ਟਰੂਡੋ ਸਰਕਾਰ ਖਿਲਾਫ ਬੇਭਰੋਸਗੀ ਦਾ ਮਤਾ ਸਹਿਯੋਗੀ ਦਲ ਐਨਡੀਪੀ ਨੇ ਸਮਰਥਨ ਲਿਆ ਵਾਪਸ …