-7.6 C
Toronto
Friday, December 26, 2025
spot_img
Homeਹਫ਼ਤਾਵਾਰੀ ਫੇਰੀਕਾਂਗਰਸ ਨੇ 23 ਉਮੀਦਵਾਰਾਂ ਦੀ ਤੀਜੀ ਸੂਚੀ ਐਲਾਨੀ

ਕਾਂਗਰਸ ਨੇ 23 ਉਮੀਦਵਾਰਾਂ ਦੀ ਤੀਜੀ ਸੂਚੀ ਐਲਾਨੀ

logo-2-1-300x105-3-300x105ਲਾਲ ਸਿੰਘ ਨੂੰ ਪੁੱਤ ਦੀ ਟਿਕਟ ਨਾਲ ਹੀ ਕਰਨਾ ਪਿਆ ਚੁੱਪ
ਚੰਡੀਗੜ੍ਹ/ਬਿਊਰੋ ਨਿਊਜ਼
ਕਾਂਗਰਸ ਪਾਰਟੀ ਨੇ ਕਈ ਦਿਨਾਂ ਦੀ ਜੱਦੋ ਜਹਿਦ ਮਗਰੋਂ ਵੀਰਵਾਰ ਨੂੰ 23 ਉਮੀਦਵਾਰਾਂ ਦੀ ਤੀਜੀ ਸੂਚੀ ਜਾਰੀ ਕਰ ਦਿੱਤੀ ਹੈ, ਪਰ ਅਜੇ ਵੀ 17 ਹਲਕਿਆਂ ਦੇ ਉਮੀਦਵਾਰਾਂ ਦਾ ਫ਼ੈਸਲਾ ਹੋਣਾ ਬਾਕੀ ਹੈ। ਵੀਰਵਾਰ ਨੂੰ ਐਲਾਨੀ ਸੂਚੀ ਵਿੱਚ ਦੂਜੀਆਂ ਪਾਰਟੀਆਂ ਵਿੱਚੋਂ ਆਏ ਚਾਰ ਉਮੀਦਵਾਰ ਵੀ ਕਾਂਗਰਸੀ ਟਿਕਟ ਲੈਣ ‘ਚ ਸਫ਼ਲ ਰਹੇ ਹਨ।
ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਨ ਲਾਲ ਸਿੰਘ ਆਪਣੇ ਲੜਕੇ ਰਾਜਿੰਦਰ ਸਿੰਘ ਨੂੰ ਸਮਾਣਾ ਹਲਕੇ ਤੋਂ ਅਤੇ ਲੋਕ ਸਭਾ ਮੈਂਬਰ ਸੰਤੋਖ ਸਿੰਘ ਚੌਧਰੀ ਆਪਣੀ ਪਤਨੀ ਨੂੰ ਫਿਲੌਰ ਤੋਂ ਟਿਕਟ ਦਿਵਾਉਣ ਵਿੱਚ ਸਫ਼ਲ ਰਹੇ ਹਨ। ਉਂਜ ਰੇੜਕੇ ਵਾਲੀਆਂ ਸੀਟਾਂ ‘ਤੇ ਅਜੇ ਵੀ ਸਹਿਮਤੀ ਨਹੀਂ ਬਣ ਸਕੀ ਅਤੇ ਇਨ੍ਹਾਂ ਵਿੱਚੋਂ ਬਹੁਤੀਆਂ ਸੀਟਾਂ ਦਾ ਫ਼ੈਸਲਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਮੀਤ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਕੀਤਾ ਜਾਵੇਗਾ। ਸੂਤਰਾਂ ਅਨੁਸਾਰ ਵੀਰਵਾਰ ਨੂੰ 24 ਉਮੀਦਵਾਰਾਂ ਦੀ ਸੂਚੀ ਐਲਾਨੀ ਜਾਣੀ ਸੀ, ਪਰ ਐਨ ਆਖਰੀ ਮੌਕੇ ਸਾਹਨੇਵਾਲ ਸੀਟ ਤੋਂ ਸਤਵਿੰਦਰ ਬਿੱਟੀ ਦੇ ਨਾਂ ਨੂੰ ਪ੍ਰਵਾਨਗੀ ਦੇਣ ਤੋਂ ਰੋਕ ਦਿੱਤਾ ਗਿਆ। ਅਜਿਹਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਮੀਤ ਪ੍ਰਧਾਨ ਰਾਹੁਲ ਗਾਂਧੀ ਦੇ ਇਸ਼ਾਰੇ ‘ਤੇ ਕੀਤਾ ਗਿਆ ਹੈ। ਦੋਵਾਂ ਨੂੰ ਹਲਕੇ ਤੋਂ ਬਿੱਟੀ ਵਿਰੋਧੀ ਰਿਪੋਰਟਾਂ ਮਿਲਣ ਦੀ ਚਰਚਾ ਹੈ। ਦੂਜੀਆਂ ਪਾਰਟੀਆਂ ਵਿੱਚੋਂ ਆਏ ਆਗੂ, ਜਿਨ੍ਹਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ, ਉਨ੍ਹਾਂ ਵਿੱਚ ਭੁੱਚੋ ਮੰਡੀ ਤੋਂ ਪ੍ਰੀਤਮ ਸਿੰਘ ਕੋਟਭਾਈ, ਸ਼੍ਰੋਮਣੀ ਅਕਾਲੀ ਦਲ ਦੇ ਫ਼ਿਰੋਜ਼ਪੁਰ ਤੋਂ ਲੋਕ ਸਭਾ ਮੈਂਬਰ ਸ਼ੇਰ ਸਿੰਘ ਘੁਬਾਇਆ ਦੇ ਲੜਕੇ ਦਵਿੰਦਰ ਸਿੰਘ ਘੁਬਾਇਆ ਨੂੰ ਫਾਜ਼ਿਲਕਾ ਤੋਂ ਟਿਕਟ ਦਿੱਤੀ ਗਈ ਹੈ। ਇਸ ਹਲਕੇ ਤੋਂ ਸਾਬਕਾ ਮੰਤਰੀ ਹੰਸ ਰਾਜ ਜੋਸਨ, ਮਹਿੰਦਰ ਰਿਣਵਾ ਅਤੇ ਗੈਂਗਸਟਰ ਰੌਕੀ ਦੀ ਭੈਣ ਵੀ ਟਿਕਟ ਦੀ ਦਾਅਵੇਦਾਰ ਸੀ। ਅਕਾਲੀ ਕੌਂਸਲਰ ਅਤੇ ਬੈਂਸ ਭਰਾਵਾਂ ਦੇ ਕਰੀਬੀ ਰਹੇ ਕਮਲਜੀਤ ਸਿੰਘ ਕੜਵਲ ਨੂੰ ਲੁਧਿਆਣਾ ਦੇ ਆਤਮ ਨਗਰ ਹਲਕੇ ਤੋਂ ਖੜ੍ਹਾ ਕੀਤਾ ਗਿਆ ਹੈ। ਉਹ ਕੁਝ ਦਿਨ ਪਹਿਲਾਂ ਹੀ ਕਾਂਗਰਸ ਵਿੱਚ ਸ਼ਾਮਲ ਹੋਏ ਸਨ। ਸਾਬਕਾ ਮੰਤਰੀ ਸਰਵਣ ਸਿੰਘ ਫਿਲੌਰ ਟਿਕਟ ਲੈਣ ਵਿੱਚ ਨਾਕਾਮ ਰਹੇ ਤੇ ਉਨ੍ਹਾਂ ਦੀ ਥਾਂ ਲੋਕ ਸਭਾ ਮੈਂਬਰ ਚੌਧਰੀ ਸੰਤੋਖ ਸਿੰਘ ਦੀ ਪਤਨੀ ਕਰਮਜੀਤ ਕੌਰ ਚੌਧਰੀ ਨੂੰ ਫਿਲੌਰ ਤੋਂ ਟਿਕਟ ਮਿਲ ਗਈ ਹੈ। ਇਸ ਹਲਕੇ ਤੋਂ ਚੌਧਰੀ ਦੇ ਲੜਕੇ ਤੇ ਯੂਥ ਕਾਂਗਰਸ ਪੰਜਾਬ ਦੇ ਸਾਬਕਾ ਪ੍ਰਧਾਨ ਬਿਕਰਮਜੀਤ  ਚੌਧਰੀ ਵੀ ਤਕੜੇ ਦਾਅਵੇਦਾਰ ਸਨ।
ਪਠਾਨਕੋਟ ਦੇ ਭੋਆ ਤੋਂ ਜੋਗਿੰਦਰ ਪਾਲ ਸਿੰਘ, ਸਾਬਕਾ ਮੰਤਰੀ ਰੁਮਾਲ ਚੰਦ ਨੂੰ ਪਛਾੜ ਕੇ ਟਿਕਟ ਲੈਣ ਵਿੱਚ ਸਫਲ ਹੋ ਗਏ ਹਨ। ਇਸੇ ਤਰ੍ਹਾਂ ਪਠਾਨਕੋਟ ਤੋਂ ਟਿਕਟ ਦੇ ਦਾਅਵੇਦਾਰ ਅਸ਼ੋਕ ਸ਼ਰਮਾ ਦੀ ਥਾਂ ਅਮਿਤ ਵਿਜ ਨੂੰ ਟਿਕਟ ਦਿੱਤੀ ਗਈ ਹੈ। ਅਜਨਾਲਾ ਤੋਂ ਹਰਪ੍ਰਤਾਪ ਸਿੰਘ ਅਜਨਾਲਾ, ਬਾਬਾ ਬਕਾਲਾ ਤੋਂ ਸੰਤੋਖ ਸਿੰਘ ਭਲਾਈਪੁਰ ਅਤੇ ਸਾਬਕਾ ਕੇਂਦਰੀ ਮੰਤਰੀ ਬੂਟਾ ਸਿੰਘ ਦੇ ਭਾਣਜੇ ਤੇ ਸਾਬਕਾ ਮੰਤਰੀ ਜੋਗਿੰਦਰ ਸਿੰਘ ਨੂੰ ਫਗਵਾੜਾ ਤੋਂ ਮੈਦਾਨ ਵਿੱਚ ਉਤਾਰਿਆ ਗਿਆ ਹੈ। ਜਲੰਧਰ ਉੱਤਰੀ ਤੋਂ ਤੇਜਿੰਦਰ ਬਿੱਟੂ, ਆਦਮਪੁਰ ਤੋਂ ਸਾਬਕਾ ਮੰਤਰੀ ਮਹਿੰਦਰ ਕੇਪੀ ਨੂੰ ਟਿਕਟ ਮਿਲੀ ਹੈ। ਦਸੂਹਾ ਤੋਂ ਸਾਬਕਾ ਮੰਤਰੀ ਪੀ.ਸੀ ਡੋਗਰਾ ਦੇ ਲੜਕੇ ਅਰੁਣ ਡੋਗਰਾ ਨੂੰ ਟਿਕਟ ਦਿੱਤੀ ਹੈ, ਪਰ  ਸ਼ਾਮ ਚੁਰਾਸੀ ਤੋਂ ਕਈ ਦਾਅਵੇਦਾਰਾਂ ਨੂੰ ਪਛਾੜ ਕੇ ਪਵਨ ਆਦੀਆ ਟਿਕਟ ਹਾਸਲ ਕਰਨ ਵਿੱਚ ਸਫ਼ਲ ਹੋ ਗਏ।
ਸਾਬਕਾ ਮੰਤਰੀ ਜੋਗਿੰਦਰਪਾਲ ਪਾਂਡੇ ਦਾ ਲੜਕਾ ਤੇ ਮੌਜੂਦਾ ਵਿਧਾਇਕ ਰਾਕੇਸ਼ ਪਾਂਡੇ ਲੁਧਿਆਣਾ ਉੱਤਰੀ ਤੋਂ ਟਿਕਟ ਹਾਸਲ ਵਿੱਚ ਕਾਮਯਾਬ ਰਿਹਾ। ਲੁਧਿਆਣਾ ਦੱਖਣੀ ਤੋਂ ਭੁਪਿੰਦਰ ਸਿੰਘ ਸਿੱਧੂ ਨੂੰ ਟਿਕਟ ਦਿੱਤੀ ਗਈ ਹੈ। ਦਾਖਾ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਅਮਰੀਕ ਸਿੰਘ ਆਲੀਵਾਲ ਸਮੇਤ ਕਈ ਦਾਅਵੇਦਾਰ ਸਨ, ਪਰ ਸਾਬਕਾ ਕਾਂਗਰਸ ਵਿਧਾਇਕ ਗੁਰਦੀਪ ਸਿੰਘ ਭੈਣੀ ਦੇ ਲੜਕੇ ਮੇਜਰ ਸਿੰਘ ਭੈਣੀ  ਨੇ ਬਾਜ਼ੀ ਮਾਰ ਲਈ।
ਮੋਗਾ ਤੋਂ ਕਾਂਗਰਸ ਪਾਰਟੀ ਨੇ ਨੌਜਵਾਨ ਆਗੂ ਤੇ ਜ਼ਿਲੇ ਦੇ ਸੋਸ਼ਲ ਮੀਡੀਆ ਇੰਚਾਰਜ ਡਾ. ਹਰਜੋਤ ਕਮਲ ਨੂੰ ਟਿਕਟ ਨਾਲ ਨਿਵਾਜਿਆ ਹੈ। ਬਲੂਆਣਾ ਤੋਂ ਮਲੋਟ ਹਲਕੇ ਦੇ ਸਾਬਕਾ ਵਿਧਾਇਕ ਨੱਥੂ ਰਾਮ ‘ਤੇ ਹੀ ਕਾਂਗਰਸ ਨੇ ਦਾਅ ਖੇਡਿਆ ਹੈ। ਕੋਟਕਪੂਰਾ ਹਲਕੇ ਤੋਂ ਭਾਈ ਹਰਨਿਰਪਾਲ ਸਿੰਘ ਕੁੱਕੂ ਟਿਕਟ ਕੱਢਣ ਵਿੱਚ ਸਫਲ ਰਿਹਾ। ਉਹ ਰਾਣਾ ਗੁਰਮੀਤ ਸਿੰਘ ਸੋਢੀ ਦਾ ਨਜ਼ਦੀਕੀ ਹੈ। ਮੌੜ ਹਲਕੇ ਤੋਂ ਪਾਰਟੀ ਨੇ ਸੀਨੀਅਰ ਆਗੂ ਹਰਮਿੰਦਰ ਜੱਸੀ ਨੂੰ ਟਿਕਟ ਦਿੱਤੀ ਹੈ। ਡੇਰਾਬਸੀ ਹਲਕੇ ਤੋਂ ਦੀਪਿੰਦਰ ਸਿੰਘ ਢਿੱਲੋਂ ਨੂੰ ਟਿਕਟ ਦੇ ਕੇ ਕਾਂਗਰਸ ਨੇ ਮੁੜ ਉਸ ‘ਤੇ ਭਰੋਸਾ ਜਤਾਇਆ ਹੈ।

RELATED ARTICLES
POPULAR POSTS