Breaking News
Home / ਹਫ਼ਤਾਵਾਰੀ ਫੇਰੀ / ਭ੍ਰਿਸ਼ਟ ਮੰਤਰੀ ਸਿੰਗਲਾ ਗ੍ਰਿਫ਼ਤਾਰ

ਭ੍ਰਿਸ਼ਟ ਮੰਤਰੀ ਸਿੰਗਲਾ ਗ੍ਰਿਫ਼ਤਾਰ

ਮੁੱਖ ਮੰਤਰੀ ਭਗਵੰਤ ਮਾਨ ਨੇ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਪੰਜਾਬ ਕੈਬਨਿਟ ‘ਚੋਂ ਹਟਾਇਆ
ਪੰਜਾਬ ‘ਚ ਕਿਸੇ ਮੰਤਰੀ ਖਿਲਾਫ ਪਹਿਲੀ ਵਾਰ ਹੋਈ ਏਨੀ ਵੱਡੀ ਕਾਰਵਾਈ
ਚੰਡੀਗੜ : ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਜ਼ੀਰੋ ਟਾਲਰੈਂਸ ਦੀ ਮਿਸਾਲ ਕਾਇਮ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਆਪਣੇ ਹੀ ਮੰਤਰੀ ਨੂੰ ਜੇਲ ਭਿਜਵਾ ਦਿੱਤਾ। ਸਿਹਤ ਵਿਭਾਗ ਦੇ ਟੈਂਡਰਾਂ ਵਿਚ 2 ਫੀਸਦੀ ਕਮਿਸ਼ਨ ਲੈਣ ਦੇ ਆਰੋਪ ਸਹੀ ਸਾਬਤ ਹੋਣ ‘ਤੇ ਸਿਹਤ ਮੰਤਰੀ ਡਾ. ਵਿਜੇ ਸਿੰਗਲਾ ਨੂੰ ਪੰਜਾਬ ਕੈਬਨਿਟ ਵਿਚੋਂ ਬਰਖਾਸਤ ਕਰ ਦਿੱਤਾ ਗਿਆ ਹੈ। ਪੰਜਾਬ ਵਿਚ ਅਜਿਹਾ ਪਹਿਲੀ ਵਾਰ ਹੋਇਆ, ਜਦੋਂ ਕਿਸੇ ਮੁੱਖ ਮੰਤਰੀ ਨੇ ਆਪਣੇ ਹੀ ਮੰਤਰੀ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਨਾ ਸਿਰਫ ਬਰਖਾਸਤ ਕਰ ਦਿੱਤਾ, ਬਲਕਿ ਉਸ ਨੂੰ ਗ੍ਰਿਫਤਾਰ ਵੀ ਕਰਵਾਇਆ ਹੈ। ਵਿਜੇ ਸਿੰਗਲਾ ਨੂੰ ਮੁਹਾਲੀ ਦੀ ਅਦਾਲਤ ਵਿਚ ਵੀ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਸਿੰਗਲਾ ਨੂੰ 27 ਮਈ ਤੱਕ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਮੁਹਾਲੀ ਦੇ ਫੇਜ਼ 8 ਵਿਚ ਰਾਜਿੰਦਰ ਸਿੰਘ ਵਲੋਂ ਕੇਸ ਦਰਜ ਕਰਵਾਇਆ ਗਿਆ ਸੀ। ਰਾਜਿੰਦਰ ਸਿੰਘ ਨੇ ਦੱਸਿਆ ਕਿ ਉਹ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ‘ਚ ਫੇਜ਼ 8 ਮੁਹਾਲੀ ‘ਚ ਬਤੌਰ ਸੁਪਰੀਟੈਂਡੈਂਟ ਇੰਜੀਨੀਅਰ (ਐਸਈ) ਤੈਨਾਤ ਹੈ। ਇਕ ਮਹੀਨਾ ਪਹਿਲਾਂ ਉਨਾਂ ਨੂੰ ਸਿਹਤ ਮੰਤਰੀ ਵਿਜੇ ਸਿੰਗਲਾ ਦੇ ਓਐਸਡੀ ਪ੍ਰਦੀਪ ਕੁਮਾਰ ਨੇ ਪੰਜਾਬ ਭਵਨ (ਚੰਡੀਗੜ) ਦੇ ਕਮਰਾ ਨੰਬਰ 203 ਵਿਚ ਬੁਲਾਇਆ ਸੀ। ਇੱਥੇ ਉਹ ਦੋਵੇਂ ਮੌਜੂਦ ਸਨ। ਰਾਜਿੰਦਰ ਸਿੰਘ ਨੇ ਦੱਸਿਆ ਕਿ ਮੰਤਰੀ ਸਿੰਗਲਾ ਨੇ ਮੈਨੂੰ ਕਿਹਾ ਕਿ ਪ੍ਰਦੀਪ ਕੁਮਾਰ ਜੋ ਗੱਲ ਕਹੇਗਾ, ਉਸ ਨੂੰ ਸਮਝਣਾ ਕਿ ਮੈਂ (ਵਿਜੇ ਸਿੰਗਲਾ) ਹੀ ਗੱਲ ਕਰ ਰਿਹਾ ਹਾਂ। ਮੈਂ ਜਲਦੀ ਵਿਚ ਹਾਂ ਅਤੇ ਮੈਂ ਜਾ ਰਿਹਾ ਹਾਂ। ਇਸ ਤੋਂ ਬਾਅਦ ਪ੍ਰਦੀਪ ਕੁਮਾਰ ਨੇ ਮੈਨੂੰ ਕਿਹਾ ਕਿ ਤੁਹਾਡੇ ਵੱਲੋਂ 41 ਕਰੋੜ ਰੁਪਏ ਦੇ ਕੰਸਟਰੱਕਸ਼ਨ ਵਰਕ ਦੀ ਅਲਾਟਮੈਂਟ ਜਾਰੀ ਕੀਤੀ ਗਈ ਹੈ। ਇਸ ਤੋਂ ਇਲਾਵਾ ਮਾਰਚ ਮਹੀਨੇ ਵਿਚ ਠੇਕੇਦਾਰਾਂ ਨੂੰ 17 ਕਰੋੜ ਰੁਪਏ ਦੀ ਪੇਮੈਂਟ ਕੀਤੀ ਗਈ ਹੈ। ਇਸ ਤਰਾਂ ਕੁੱਲ 58 ਕਰੋੜ ਰੁਪਏ ਦੀ ਰਕਮ ਦਾ 2 ਪ੍ਰਤੀਸ਼ਤ ਕਮਿਸ਼ਨ 1 ਕਰੋੜ 16 ਲੱਖ ਰੁਪਏ ਬਤੌਰ ਰਿਸ਼ਵਤ ਦਿੱਤਾ ਜਾਏ।
ਰਾਜਿੰਦਰ ਨੇ ਦੱਸਿਆ ਕਿ ਮੈਂ ਉਨਾਂ ਨੂੰ ਕਿਹਾ ਕਿ ਮੈਂ ਇਹ ਕੰਮ ਨਹੀਂ ਕਰ ਸਕਦਾ। ਇਸ ਤੋਂ ਬਾਅਦ ਪ੍ਰਦੀਪ ਕੁਮਾਰ ਨੇ 6 ਮਈ, 10 ਮਈ, 12 ਮਈ, 13 ਮਈ ਅਤੇ 23 ਮਈ ਨੂੰ ਵਟਸਐਪ ‘ਤੇ ਕਾਲ ਕੀਤੀ। ਮੈਨੂੰ ਵਾਰ-ਵਾਰ ਬੁਲਾ ਕੇ ਰਿਸ਼ਵਤ ਦੀ ਮੰਗ ਕੀਤੀ ਜਾਂਦੀ ਰਹੀ। ਮੈਨੂੰ ਧਮਕੀ ਵੀ ਦਿੱਤੀ ਗਈ ਕਿ ਜੇਕਰ ਰਿਸ਼ਵਤ ਨਹੀਂ ਦਿੱਤੀ ਤਾਂ ਕਰੀਅਰ ਖਰਾਬ ਕਰ ਦਿਆਂਗੇ। ਰਾਜਿੰਦਰ ਸਿੰਘ ਨੇ ਦੱਸਿਆ ਮੈਂ ਉਨਾਂ ਨੂੰ ਗੁਜਾਰਿਸ਼ ਕੀਤੀ ਕਿ 30 ਨਵੰਬਰ 2022 ਨੂੰ ਮੇਰੀ ਰਿਟਾਰਮੈਂਟ ਹੈ, ਮੇਰਾ ਕਰੀਅਰ ਖਰਾਬ ਨਾ ਕਰੋ। ਮੈਨੂੰ ਆਪਣੇ ਵਿਭਾਗ ਵਿਚ ਵਾਪਸ ਭੇਜ ਦਿਓ, ਜੋ ਅਫਸਰ ਰਿਸ਼ਵਤ ਦੇ ਸਕੇ, ਉਸ ਨੂੰ ਡੈਪੂਟੇਸ਼ਨ ‘ਤੇ ਲੈ ਆਓ। ਆਖਰ ਵਿਚ ਉਨਾਂ ਨੇ 20 ਮਈ ਨੂੰ ਕਿਹਾ ਕਿ ਸਾਨੂੰ 10 ਲੱਖ ਰੁਪਏ ਦੇ ਦੇਣਾ। ਅੱਗੇ ਤੋਂ ਜੋ ਵੀ ਕੰਮ ਅਲਾਟ ਹੋਵੇਗਾ ਜਾਂ ਠੇਕੇਦਾਰ ਨੂੰ ਪੇਮੈਂਟ ਹੋਵੇਗੀ ਤਾਂ ਉਸ ਵਿਚੋਂ 1 ਫੀਸਦੀ ਰੱਖ ਲੈਣਾ। ਮੈਂ ਇਸ ਤੋਂ ਵੀ ਇਨਕਾਰ ਕਰ ਦਿੱਤਾ। ਐਸਈ ਨੇ ਕਿਹਾ ਕਿ ਮੈਂ ਉਨਾਂ ਨੂੰ ਦੱਸਿਆ ਕਿ ਮੇਰੇ ਅਕਾਊਂਟ ਵਿਚ ਢਾਈ ਲੱਖ ਰੁਪਏ ਹਨ ਅਤੇ ਤਿੰਨ ਲੱਖ ਦੀ ਮੇਰੀ ਲਿਮਟ ਬਣੀ ਹੋਈ ਹੈ। ਮਾਨਸਿਕ ਹਰਾਸਮੈਂਟ ਤੋਂ ਬਚਣ ਲਈ ਮੈਂ ਸਿਰਫ 5 ਲੱਖ ਰੁਪਏ ਦੇ ਸਕਦਾ ਹਾਂ।
23 ਮਈ ਨੂੰ ਮੈਨੂੰ ਸੈਕਟਰੀਏਟ ਬੁਲਾਇਆ ਗਿਆ। ਉਥੇ ਮੈਂ ਮੰਤਰੀ ਸਿੰਗਲਾ ਅਤੇ ਪ੍ਰਦੀਪ ਨੂੰ ਮਿਲਿਆ। ਜਿੱਥੇ ਮੈਂ ਮੰਤਰੀ ਨੂੰ ਟੈਨਸਨ ਖਤਮ ਕਰਨ ਦੀ ਗੁਜ਼ਾਰਿਸ਼ ਕੀਤੀ। ਇਸਦੀ ਰਿਕਾਰਡਿੰਗ ਵੀ ਮੇਰੇ ਕੋਲ ਹੈ। ਮੰਤਰੀ ਸਿੰਗਲਾ ਨੇ ਮੈਨੂੰ 5 ਲੱਖ ਰੁਪਏ ਪ੍ਰਦੀਪ ਨੂੰ ਦੇਣ ਲਈ ਕਿਹਾ। ਉਹ ਲਗਾਤਾਰ ਪੈਸੇ ਮੰਗ ਕਰ ਰਹੇ ਹਨ। ਇਸੇ ਦੌਰਾਨ ਅਫਸਰ ਦੀ ਇਹ ਸ਼ਿਕਾਇਤ ਜਦ 10 ਦਿਨ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲੀ ਤਾਂ ਉਨਾਂ ਨੇ ਟੀਮ ਗਠਿਤ ਕੀਤੀ। ਉਸ ਕੋਲੋਂ ਜਾਂਚ ਕਰਵਾਈ ਤਾਂ ਤੱਥ ਸਹੀ ਪਾਏ ਗਏ। ਸੂਤਰਾਂ ਦੇ ਅਨੁਸਾਰ, ਇਸ ਤੋਂ ਬਾਅਦ ਭਗਵੰਤ ਮਾਨ ਨੇ ਮੰਤਰੀ ਨੂੰ ਆਡੀਓ ਸੁਣਾਇਆ, ਜਿਸ ਵਿਚ ਉਹ ਭਤੀਜੇ ਦੇ ਜ਼ਰੀਏ ਸ਼ੁਕਰਾਨਾ ਮੰਗਦੇ ਸੁਣਾਈ ਦੇ ਰਹੇ ਹਨ।
ਸਿੰਗਲਾ ਨੇ ਤਰਕ ਦੇਣ ਦੀ ਕੋਸ਼ਿਸ਼ ਕੀਤੀ ਤਾਂ ਮਾਨ ਨੇ ਕਿਹਾ, ਮੈਨੂੰ ਹਾਂ ਵਿਚ ਜਾਂ ਨਾਂਹ ਵਿਚ ਜਵਾਬ ਦਿਓ। ਇਸ ‘ਤੇ ਸਿੰਗਲਾ ਨੇ ਕਿਹਾ, ਆਵਾਜ਼ ਮੇਰੀ ਹੈ। ਏਨਾ ਸੁਣਦੇ ਹੀ ਮਾਨ ਬੋਲੇ ਮੈਨੂੰ ਕਰੱਪਸ਼ਨ ਬਰਦਾਸ਼ਤ ਨਹੀਂ ਹੈ। ਇਸ ਤੋਂ ਬਾਅਦ ਮਾਨ ਨੇ ਸਿੰਗਲਾ ‘ਤੇ ਕਾਰਵਾਈ ਕੀਤੀ। ਸਿੰਗਲਾ ਕੁੱਲ 66 ਦਿਨ ਮੰਤਰੀ ਰਹੇ। ਇਸ ਦੌਰਾਨ ਬਣਾਈ ਜਾਇਦਾਦ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ। ਮਾਨ ਨੇ ਕਿਹਾ ਕਿ ‘ਆਪ’ ਸਰਕਾਰ ਦਾ ਇਰਾਦਾ ਤੇ ਨੀਅਤ ਸਾਫ ਹੈ ਕਿ ਭ੍ਰਿਸ਼ਟ ਕਾਰਵਾਈਆਂ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਜੋ ਵੀ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਹੋਵੇਗਾ, ਉਸ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ।
ਮੈਨੂੰ ਭਗਵੰਤ ਮਾਨ ‘ਤੇ ਮਾਣ ਹੈ: ਕੇਜਰੀਵਾਲ
ਨਵੀਂ ਦਿੱਲੀ : ਪੰਜਾਬ ਦੇ ਸਿਹਤ ਮੰਤਰੀ ਵਿਜੇ ਸਿੰਗਲਾ ਖਿਲਾਫ਼ ਕਾਰਵਾਈ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਆਪਣੇ ਹਮਰੁਤਬਾ ਭਗਵੰਤ ਸਿੰਘ ਮਾਨ ਦੀ ਤਾਰੀਫ਼ ਕੀਤੀ ਹੈ। ਕੇਜਰੀਵਾਲ ਨੇ ਟਵੀਟ ਕੀਤਾ, ”ਤੁਹਾਡੇ ‘ਤੇ ਮਾਣ ਹੈ ਭਗਵੰਤ। ਤੁਹਾਡੀ ਕਾਰਵਾਈ ਨੇ ਮੇਰੀਆਂ ਅੱਖਾਂ ਵਿੱਚ ਹੰਝੂ ਲਿਆ ਦਿੱਤੇ ਹਨ। ਪੂਰਾ ਦੇਸ਼ ‘ਆਪ’ ਉੱਤੇ ਮਾਣ ਮਹਿਸੂਸ ਕਰ ਰਿਹਾ ਹੈ।’ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਦਾ ਭ੍ਰਿਸ਼ਟਾਚਾਰ ਖ਼ਿਲਾਫ਼ ਸਖ਼ਤ ਫ਼ੈਸਲਾ, ਪੰਜਾਬ ਵਿੱਚ ਬਦਲਾਅ ਦੀ ਨਿਸ਼ਾਨੀ ਹੈ।
ਭਗਵੰਤ ਮਾਨ ਦਾ ਸਿਆਸੀ ਕੱਦ ਹੋਇਆ ਉੱਚਾ
ਰਿਸ਼ਵਤਖੋਰੀ ਵਿਰੁੱਧ ਇੰਨੇ ਵੱਡੇ ਐਕਸ਼ਨ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੱਡੀ ਸਿਆਸੀ ਉਚਾਣ ਦੇ ਦਿੱਤੀ ਹੈ। ਬਹੁਤੇ ਲੋਕਾਂ ਨੇ ਕਿਹਾ ਕਿ ਪੰਜਾਬ ਵਿਚ ਨਵਾਂ ਸੂਰਜ ਚੜਿਆ ਹੈ। ਪਤਾ ਲੱਗਾ ਹੈ ਕਿ ਤਿੰਨ ਸੂਬਿਆਂ ਦੇ ਮੁੱਖ ਮੰਤਰੀਆਂ ਨੇ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਫ਼ੋਨ ਕਰਕੇ ਵਧਾਈ ਦਿੱਤੀ ਹੈ। ਮੁਬਾਰਕਾਂ ਦੇਣ ਵਾਲਿਆਂ ਵਿਚ ਭਾਜਪਾ ਆਗੂ ਵੀ ਸ਼ਾਮਲ ਹਨ। ਸਿਹਤ ਮੰਤਰੀ ਖ਼ਿਲਾਫ਼ ਕਾਰਵਾਈ ਨੇ ਭਗਵੰਤ ਮਾਨ ਦਾ ਸਿਆਸੀ ਕੱਦ ਹੋਰ ਉੱਚਾ ਕਰ ਦਿੱਤਾ ਹੈ।
ਆਮ ਆਦਮੀ ਪਾਰਟੀ ਦੇ ਪਟਿਆਲਾ ਦਿਹਾਤੀ ਤੋਂ ਵਿਧਾਇਕ ਡਾ. ਬਲਬੀਰ ਸਿੰਘ ਨੂੰ 3 ਸਾਲ ਦੀ ਸਜ਼ਾ
ਰੂਪਨਗਰ : ਹਲਕਾ ਪਟਿਆਲਾ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾ. ਬਲਬੀਰ ਸਿੰਘ, ਉਨਾਂ ਦੀ ਪਤਨੀ ਤੇ ਪੁੱਤਰ ਤੋਂ ਇਲਾਵਾ ਇੱਕ ਹੋਰ ਵਿਅਕਤੀ ਨੂੰ ਰੂਪਨਗਰ ਜ਼ਿਲੇ ਪਿੰਡ ਟੱਪਰੀਆਂ ਦਿਆਲ ਸਿੰਘ ਵਿੱਚ ਜ਼ਮੀਨੀ ਪਾਣੀ ਦੀ ਵਾਰੀ ਸਬੰਧੀ 11 ਸਾਲ ਪਹਿਲਾਂ ਹੋਏ ਝਗੜੇ ਦੇ ਮਾਮਲੇ ਵਿੱਚ ਰੂਪਨਗਰ ਦੀ ਅਦਾਲਤ ਵੱਲੋਂ ਤਿੰਨ ਸਾਲਾਂ ਦੀ ਕੈਦ ਅਤੇ 16-16 ਹਜ਼ਾਰ ਰੁਪਏ ਜੁਰਮਾਨਾ ਭਰਨ ਦੀ ਸਜ਼ਾ ਸੁਣਾਈ ਗਈ ਹੈ।ਚੀਫ ਜੁਡੀਸ਼ੀਅਲ ਮੈਜਿਟਰੇਟ ਰਵੀਇੰਦਰ ਸਿੰਘ ਦੀ ਅਦਾਲਤ ਨੇ ਡਾ. ਬਲਬੀਰ ਸਿੰਘ, ਉਨਾਂ ਦੀ ਪਤਨੀ ਰੁਪਿੰਦਰਜੀਤ ਕੌਰ ਸੈਣੀ, ਪੁੱਤਰ ਰਾਹੁਲ ਸੈਣੀ ਅਤੇ ਵਟਾਵੇ ਪਰਮਿੰਦਰ ਸਿੰਘ ਨੂੰ ਸਜ਼ਾ ਸੁਣਾਉਣ ਤੋਂ ਬਾਅਦ ਨਿੱਜੀ ਮੁਚੱਲਕੇ ਭਰਵਾ ਕੇ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਹੈ।
ਸੰਗਰੂਰ ਲੋਕ ਸਭਾ ਜ਼ਿਮਨੀ ਚੋਣ 23 ਜੂਨ ਨੂੰ
ਸੰਗਰੂਰ ਸਮੇਤ ਲੋਕ ਸਭਾ ਦੀਆਂ 3 ਤੇ ਵੱਖ-ਵੱਖ ਸੂਬਿਆਂ ਦੀਆਂ 7 ਵਿਧਾਨ ਸਭਾ ਸੀਟਾਂ ‘ਤੇ ਜ਼ਿਮਨੀ ਚੋਣਾਂ 23 ਜੂਨ ਨੂੰ ਹੋਣਗੀਆਂ। ਪੰਜਾਬ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਹੋਈ ਵੱਡੀ ਜਿੱਤ ਤੋਂ ਬਾਅਦ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਬਣੇ ਹਨ। ਉਨਾਂ ਦੇ ਅਸਤੀਫ਼ਾ ਦੇਣ ਮਗਰੋਂ ਸੰਗਰੂਰ ਸੀਟ ਖਾਲੀ ਹੋਈ ਸੀ।

 

Check Also

‘ਆਪ’ ਦੇ ਦੋਵੇਂ ਮੁੱਖ ਮੰਤਰੀ ਗਏ ਨਵੇਂ ਘਰ

ਅਰਵਿੰਦ ਕੇਜਰੀਵਾਲ ਨੂੰ ਤਿਹਾੜ ਜੇਲ੍ਹ ‘ਚੋਂ ਗ੍ਰਿਫ਼ਤਾਰ ਕਰ, ਰਿਮਾਂਡ ‘ਤੇ ਲੈ ਸੀਬੀਆਈ ਲੈ ਗਈ ਆਪਣੇ …