Breaking News
Home / ਹਫ਼ਤਾਵਾਰੀ ਫੇਰੀ / ਕਰਤਾਰਪੁਰ ਸਾਹਿਬ ਦਾ ਲਾਂਘਾ

ਕਰਤਾਰਪੁਰ ਸਾਹਿਬ ਦਾ ਲਾਂਘਾ

ਬਿਨ ਵੀਜ਼ੇ ਤੋਂ ਜਾਣਗੇ ਸ਼ਰਧਾਲੂ
ਸਹਿਮਤੀ : ਰੋਜ਼ਾਨਾ ਪੰਜ ਹਜ਼ਾਰ ਸ਼ਰਧਾਲੂ, ਛੇ ਦਿਨ ਪਹਿਲਾਂ ਦੇਣੀ ਹੋਵੇਗੀ ਅਰਜ਼ੀ, ਪਾਸਪੋਰਟ ਵੀ ਲਾਜ਼ਮੀ
ਅਸਹਿਮਤੀ : ਪਾਕਿ ਹਰ ਸ਼ਰਧਾਲੂ ਤੋਂ 20 ਯੂਐਸ ਡਾਲਰ ਲੈਣ ‘ਤੇ ਅੜਿਆ, ਭਾਰਤ ਨੇ ਕਿਹਾ ਗੁਰੂਘਰ ਜਾਣ ਦੀ ਨਹੀਂ ਹੁੰਦੀ ਕੋਈ ਫੀਸ
ਅਟਾਰੀ/ਬਿਊਰੋ ਨਿਊਜ਼ : ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਜਾਣ ਲਈ ਬਣ ਰਿਹਾ ਲਾਂਘਾ ਸਾਰਾ ਸਾਲ ਖੁੱਲ੍ਹਾ ਰਹੇਗਾ। ਰੋਜ਼ ਪੰਜ ਹਜ਼ਾਰ ਨਾਨਕ ਨਾਮ ਲੇਵਾ ਸ਼ਰਧਾਲੂ ਬਿਨਾ ਵੀਜ਼ੇ ਦੇ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾ ਸਕਣਗੇ। ਉਨ੍ਹਾਂ ਲਈ ਪਾਸਪੋਰਟ ਤੇ ਓਸੀਆਈ ਕਾਰਡ ਜ਼ਰੂਰੀ ਹੋਵੇਗਾ। ਦੂਜੇ ਪਾਸੇ ਪਾਕਿਸਤਾਨ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਤੋਂ ਸਰਵਿਸ ਚਾਰਜ ਦੇ ਰੂਪ ਵਿਚ 20 ਡਾਲਰ ਫੀਸ ਲੈਣ ‘ਤੇ ਅੜਿਆ ਹੋਇਆ ਹੈ। ਭਾਰਤ ਨੇ ਇਸ ‘ਤੇ ਇਤਰਾਜ਼ ਪ੍ਰਗਟਾਇਆ ਹੈ।
ਪੰਜਾਬ ਦੇ ਪੀਡਬਲਿਊਡੀ ਵਿਭਾਗ ਦੇ ਸਕੱਤਰ ਹੁਸਨ ਲਾਲ ਨੇ ਕਿਹਾ ਕਿ ਦੁਨੀਆ ਵਿਚ ਕਿਤੇ ਵੀ ਇਸ ਤਰ੍ਹਾਂ ਦੀ ਫੀਸ ਲੈਣ ਦੀ ਵਿਵਸਥਾ ਨਹੀਂ ਹੈ। ਅਟਾਰੀ ਸਰਹੱਦ ਦੇ ਬੀਐਸਐਫ ਕਾਨਫਰੰਸ ਹਾਲ ਵਿਚ ਭਾਰਤ ਤੇ ਪਾਕਿਸਤਾਨ ਦੇ ਜੁਆਇੰਟ ਸਕੱਤਰ ਪੱਧਰ ਦੇ ਅਧਿਕਾਰੀਆਂ ਦੀ ਬੁੱਧਵਾਰ ਨੂੰ ਹੋਈ ਤੀਜੀ ਮੀਟਿੰਗ ਵਿਚ ਭਾਰਤ ਨੇ ਫੀਸ ‘ਤੇ ਇਤਰਾਜ਼ ਪ੍ਰਗਟਾਇਆ ਤੇ ਇਸ ਨੂੰ ਸ਼ਰਧਾਲੂਆਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਦੱਸਿਆ। ਪਾਕਿ ਦੀ ਦਲੀਲ ਹੈ ਕਿ ਲਾਂਘੇ ਦੇ ਨਿਰਮਾਣ ਵਿਚ ਉਸ ਨੇ ਵੱਡਾ ਨਿਵੇਸ਼ ਕੀਤਾ ਹੈ। ਭਾਰਤ ਦੇ ਜੁਆਇੰਟ ਸਕੱਤਰ ਸੀਐਲਜੀ ਦਾਸ ਦੀ ਅਗਵਾਈ ਵਿਚ ਸਵੇਰੇ ਸਾਢੇ ਦਸ ਵਜੇ ਤੋਂ ਇਕ ਵਜੇ ਤੱਕ ਚੱਲੀ ਮੀਟਿੰਗ ਵਿਚ ਫੀਸ ਤੋਂ ਇਲਾਵਾ ਸ਼ਰਧਾਲੂਆਂ ਦੀਆਂ ਸਹੂਲਤਾਂ ਲਈ ਗੁਰਦੁਆਰਾ ਕੰਪਲੈਕਸ ਵਿਚ ਪ੍ਰੋਟੋਕਾਲ ਅਧਿਕਾਰੀਆਂ ਦੇ ਰਹਿਣ ‘ਤੇ ਵੀ ਪਾਕਿਸਤਾਨ ਨੇ ਆਪਣੀ ਅਸਹਿਮਤੀ ਪ੍ਰਗਟ ਕੀਤੀ, ਜਿਸ ‘ਤੇ ਭਾਰਤ ਨੇ ਇਤਰਾਜ਼ ਦਰਜ ਕਰਵਾਇਆ ਹੈ। ਦੋਵੇਂ ਮਾਮਲੇ ਅਜੇ ਲੰਬਿਤ ਹਨ।
ਪਾਕਿ ਦੀ ਹਰ ਵਰ੍ਹੇ ਕਮਾਈ 300 ਕਰੋੜ
ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ‘ਤੇ ਪਾਕਿਸਤਾਨ ਵਲੋਂ ਸਰਵਿਸ ਚਾਰਜਿਜ਼ ਲਾਏ ਜਾਣ ਦੇ ਮਾਮਲੇ ਵਿਚ ਪਤਾ ਲੱਗਦਾ ਹੈ ਕਿ ਜੇਕਰ ਹਰ ਰੋਜ਼ 5 ਹਜ਼ਾਰ ਸ਼ਰਧਾਲੂ ਸ੍ਰੀ ਕਰਤਾਰਪੁਰ ਸਾਹਿਬ ਜਾਂਦੇ ਹਨ ਤਾਂ ਇਸ ਤੋਂ ਪਾਕਿਸਤਾਨ ਨੂੰ ਲਗਭਗ ਹਰ ਰੋਜ਼ 70 ਲੱਖ ਰੁਪਏ ਦੀ ਕਮਾਈ ਹੁੰਦੀ ਹੈ ਅਤੇ ਪ੍ਰਤੀ ਸਾਲ 300 ਕਰੋੜ ਤੋਂ ਵੱਧ ਦੀ ਕਮਾਈ ਪਾਕਿਸਤਾਨ ਸਰਵਿਸ ਚਾਰਜਿਜ਼ ਤੋਂ ਕਰੇਗਾ ਕਿਉਂਕਿ ਗੁਰਪੁਰਬ ਅਤੇ ਵੱਡੇ ਤਿਉਹਾਰਾਂ ‘ਤੇ 15 ਹਜ਼ਾਰ ਸ਼ਰਧਾਲੂਆਂ ਦੇ ਸ੍ਰੀ ਕਰਤਾਰਪੁਰ ਸਾਹਿਬ ਜਾਣ ‘ਤੇ ਵੀ ਸਹਿਮਤੀ ਹੋ ਚੁੱਕੀ ਹੈ।
ਪਾਕਿ ਰਾਵੀ ‘ਤੇ ਪੁਲ ਬਣਾਉਣ ਲਈ ਤਿਆਰ
ਸੁਖਦ ਪਹਿਲੂ ਇਹ ਰਿਹਾ ਕਿ ਰਾਵੀ ਦਰਿਆ ‘ਤੇ ਪਾਕਿਸਤਾਨ ਆਪਣੇ ਵਲੋਂ ਪੁਲ ਬਣਾਉਣ ਲਈ ਤਿਆਰ ਹੋ ਗਿਆ ਹੈ। ਪਹਿਲਾਂ ਪਾਕਿ ਉਥੇ ਸਰਵਿਸ ਲੇਨ ਬਣਾਉਣ ਦੇ ਹੱਕ ਵਿਚ ਸੀ। ਸੀਐਲਸੀ ਦਾਸ ਨੇ ਦੱਸਿਆ ਕਿ ਪੁਲ ਨਿਰਮਾਣ ਵਿਚ ਸਮਾਂ ਲੱਗੇਗਾ, ਇਸ ਲਈ ਜਦੋਂ ਤੱਕ ਪੁਲ ਨਹੀਂ ਬਣਦਾ, ਉਦੋਂ ਤੱਕ ਆਰਜ਼ੀ ਸਰਵਿਸ ਲੇਨ ਰਾਹੀਂ ਸ਼ਰਧਾਲੂ ਮੱਥਾ ਟੇਕਣ ਜਾ ਸਕਣਗੇ। ਸ਼ਰਧਾਲੂਆਂ ਦੀ ਉਸੇ ਦਿਨ ਵਾਪਸੀ ਹੋਵੇਗੀ। ਇਸ ਲਈ ਬਣਾਏ ਜਾਣ ਵਾਲੇ ਪੋਰਟਲ ਜ਼ਰੀਏ ਉਹ ਅਪਲਾਈ ਕਰ ਸਕੇਗਾ ਤੇ ਉਸ ਵਿਚ ਹੀ ਉਨ੍ਹਾਂ ਨੂੰ ‘ਕਨਫਰਮੇਸ਼ਨ’ ਵੀ ਮਿਲੇਗੀ। ਇਕ ਸ਼ਰਧਾਲੂ ਕਿੰਨੇ ਦਿਨਾਂ ਬਾਅਦ ਦੁਬਾਰਾ ਜਾ ਸਕਦਾ ਹੈ, ਇਸ ‘ਤੇ ਅਜੇ ਤੱਕ ਕੋਈ ਫੈਸਲਾ ਨਹੀਂ ਲਿਆ ਗਿਆ। ਵਿਸ਼ੇਸ਼ ਮੌਕਿਆਂ ਜਿਵੇਂ ਗੁਰਪੁਰਬ, ਵਿਸਾਖੀ ਆਦਿ ‘ਤੇ ਇਹ ਗਿਣਤੀ 10 ਹਜ਼ਾਰ ਹੇਗੀ। ਪੰਜਾਬ ਸਰਕਾਰ ਨੇ ਵਿਸ਼ੇਸ਼ ਮੌਕਿਆਂ ‘ਤੇ 50 ਹਜ਼ਾਰ ਸ਼ਰਧਾਲੂਆਂ ਨੂੰ ਭੇਜਣ ਦੀ ਮੰਗ ਰੱਖੀ ਹੈ। ਸ਼ਰਧਾਲੂ ਇਕੱਲਾ ਜਾਂ ਗਰੁੱਪ ਵਿਚ ਜਾ ਸਕਣਗੇ।

Check Also

ਲੋਕ ਸਭਾ ਚੋਣਾਂ ‘ਚੋਂ ਲੋਕ ਮੁੱਦੇ ਗਾਇਬ ਸਿੱਠਣੀਆਂ ਦਾ ਦੌਰ ਸ਼ੁਰੂ

ਨਾ ਕਾਰਜਾਂ ਦੀ ਗੱਲ, ਨਾ ਯੋਜਨਾਵਾਂ ਦਾ ਹਵਾਲਾ-ਇਕ ਲੀਡਰ ਸਵਾਲ ਕਰਦਾ ਹੈ ਦੂਜਾ ਦਿੰਦਾ ਹੈ …