ਕਰੋਨਾ ਦੇ ਵਧਦੇ ਪ੍ਰਭਾਵ ਨੂੰ ਦੇਖਦਿਆਂ ਸਰਕਾਰ ਨੇ ਲਿਆ ਫੈਸਲਾ
ਚੰਡੀਗੜ੍ਹ : ਪੰਜਾਬ ਸਰਕਾਰ ਨੇ ਸਰਕਾਰੀ ਹਸਪਤਾਲਾਂ ਵਿੱਚ ਸਾਧਾਰਨ ਅਪਰੇਸ਼ਨਾਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਸਰਕਾਰ ਨੇ ਸੂਬੇ ਦੇ ਸਮੂਹ ਸਿਵਲ ਸਰਜਨਾਂ ਨੂੰ ਲਿਖੇ ਪੱਤਰ ਵਿਚ ਸਾਫ਼ ਕਰ ਦਿੱਤਾ ਕਿ ਕਰੋਨਾ ਵਾਇਰਸ ਦੇ ਵਧਦੇ ਕੇਸਾਂ ਕਰਕੇ 15 ਦਿਨ ਹਸਪਤਾਲਾਂ ਵਿੱਚ ਅਪਰੇਸ਼ਨ ਨਹੀਂ ਕੀਤੇ ਜਾਣਗੇ। ਸਿਹਤ ਵਿਭਾਗ ਦੇ ਡਾਇਰੈਕਟਰ ਵੱਲੋਂ ਜਾਰੀ ਪੱਤਰ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸਿਹਤ ਅਮਲੇ ਦੀਆਂ ਸੇਵਾਵਾਂ ਕਰੋਨਾ ਵਾਇਰਸ ਤੋਂ ਪ੍ਰਭਾਵਿਤ ਮਰੀਜ਼ਾਂ ਦੀ ਸੰਭਾਲ ਵਿਚ ਲਏ ਜਾਣ ਕਾਰਨ ਅਪਰੇਸ਼ਨ ਬੰਦ ਕੀਤੇ ਗਏ ਹਨ। ਉਧਰ ਸਰਕਾਰੀ ਹਸਪਤਾਲਾਂ ਵਿੱਚ ਤਾਇਨਾਤ ਡਾਕਟਰੀ ਅਮਲੇ ਦਾ ਕਹਿਣਾ ਹੈ ਕਿ ਸਰਜਨ ਅਤੇ ਅਪਰੇਸ਼ਨ ਥੀਏਟਰਾਂ ਵਿਚਲਾ ਅਮਲਾ ਕੋਵਿਡ ਮਰੀਜ਼ਾਂ ਦੀ ਦੇਖ-ਰੇਖ ਨਹੀਂ ਕਰ ਰਿਹਾ, ਜਿਸ ਕਰਕੇ ਅਪਰੇਸ਼ਨ ਬੰਦ ਨਹੀਂ ਕੀਤੇ ਜਾਣੇ ਚਾਹੀਦੇ। ਡਾਕਟਰਾਂ ਨੇ ਇਹ ਵੀ ਕਿਹਾ ਕਿ ਛੋਟੇ-ਮੋਟੇ ਅਪਰੇਸ਼ਨ ਬੰਦ ਕਰਨ ਨਾਲ ਗਰੀਬ ਲੋਕਾਂ ਦੀ ਮੁਕੰਮਲ ਟੇਕ ਨਿੱਜੀ ਹਸਪਤਾਲਾਂ ‘ਤੇ ਰਹਿ ਜਾਵੇਗੀ। ਡਾਕਟਰੀ ਅਮਲੇ ਨੇ ਦੱਸਿਆ ਕਿ ਜ਼ਿਲ੍ਹਾ ਪੱਧਰ ਦੇ ਹਸਪਤਾਲ ਵਿੱਚ ਇਕ ਮਹੀਨੇ ਦੌਰਾਨ 300 ਤੋਂ ਵੱਧ ਅਪਰੇਸ਼ਨ ਹੁੰਦੇ ਹਨ ਜਦੋਂਕਿ ਤਹਿਸੀਲ ਪੱਧਰੀ ਹਸਪਤਾਲਾਂ ਵਿੱਚ ਇਨ੍ਹਾਂ ਦੀ ਗਿਣਤੀ 50 ਤੋਂ ਲੈ ਕੇ 100 ਮੰਨੀ ਜਾਂਦੀ ਹੈ। ਸਰਕਾਰੀ ਹਸਪਤਾਲਾਂ ਵਿੱਚ ਆਮ ਤੌਰ ‘ਤੇ ਅੱਖਾਂ, ਨੱਕ, ਕੰਨ, ਬੱਚੇਦਾਨੀ, ਅੰਤੜੀਆਂ, ਹਰਨੀਆਂ, ਬਵਾਸੀਰ, ਪਿੱਤਾ ਗਦੂਦਾਂ ਜਾਂ ਹੋਰ ਜਨਰਲ ਅਪਰੇਸ਼ਨਾਂ ਨਾਲ ਸਬੰਧਤ ਮਰੀਜ਼ ਆਉਂਦੇ ਰਹਿੰਦੇ ਹਨ। ਸਰਕਾਰੀ ਹਸਪਤਾਲਾਂ ਵਿੱਚ ਅਪਰੇਸ਼ਨ ਦੀ ਫੀਸ 1 ਹਜ਼ਾਰ ਰੁਪਏ ਪ੍ਰਤੀ ਅਪਰੇਸ਼ਨ ਹੁੰਦੀ ਹੈ ਜਦੋਂ ਕਿ ਨਿੱਜੀ ਹਸਪਤਾਲਾਂ ਵੱਲੋਂ 25 ਹਜ਼ਾਰ ਤੋਂ 50 ਹਜ਼ਾਰ ਰੁਪਏ ਤੱਕ ਫੀਸਾਂ ਲਈਆਂ ਜਾਂਦੀਆਂ ਹਨ। ਸਿਹਤ ਵਿਭਾਗ ਦਾ ਕਹਿਣਾ ਹੈ ਕਿ ਸਿਰਫ ਹੰਗਾਮੀ ਹਾਲਤ ਵਿੱਚ ਜਾਂ ਹਾਦਸੇ ਦੇ ਮਾਮਲੇ ਵਿੱਚ ਹੀ ਅਪਰੇਸ਼ਨ ਕੀਤੇ ਜਾ ਸਕਦੇ ਹਨ। ਡਾਕਟਰਾਂ ਨੇ ਖਦਸ਼ਾ ਜਤਾਇਆ ਕਿ ਵਿਭਾਗ ਨੇ 15 ਦਿਨ ਕਹੇ ਹਨ, ਪਰ ਜਿਸ ਤਰ੍ਹਾਂ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ ਉਸ ਨੂੰ ਦੇਖਦਿਆਂ ਮੰਨਿਆ ਜਾ ਰਿਹਾ ਹੈ ਕਿ ਆਮ ਅਪਰੇਸ਼ਨਾਂ ‘ਤੇ ਪਾਬੰਦੀ ਵਧ ਵੀ ਸਕਦੀ ਹੈ। ਕਰੋਨਾ ਦੇ ਕਹਿਰ ਕਰਕੇ ਨਿੱਜੀ ਖੇਤਰ ਦੇ ਹਸਪਤਾਲਾਂ ਨੇ ਜਨਰਲ ਓਪੀਡੀ ਪਹਿਲਾਂ ਹੀ ਬੰਦ ਕਰ ਦਿੱਤੀ ਸੀ, ਜਿਸ ਦੀ ਭਰਵੀਂ ਅਲੋਚਨਾ ਹੋਈ ਸੀ।
ਜਨਰਲ ਅਪਰੇਸ਼ਨਾਂ ‘ਤੇ ਪਾਬੰਦੀ ਆਰਜ਼ੀ : ਸਿਹਤ ਮੰਤਰੀ
ਸੂਬੇ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਸਰਕਾਰੀ ਹਸਪਤਾਲਾਂ ਵਿੱਚ ਜਨਰਲ ਅਪਰੇਸ਼ਨਾਂ ‘ਤੇ ਲਾਈ ਪਾਬੰਦੀ ਆਰਜ਼ੀ ਹੈ। ਸਰਕਾਰ ਦੀ ਪਹਿਲੀ ਤਰਜੀਹ ਲੋਕਾਂ ਨੂੰ ਕਰੋਨਾ ਦੇ ਕਹਿਰ ਤੋਂ ਬਚਾਉਣਾ ਹੈ। ਸਿਹਤ ਮੰਤਰੀ ਨੇ ਦੱਸਿਆ ਕਿ ਕਰੋਨਾ ਦੇ ਵਧਦੇ ਮਰੀਜ਼ਾਂ ਕਾਰਨ ਸੀਐੱਮਸੀ ਅਤੇ ਡੀਐੱਮਸੀ ਨੂੰ ਵੀ ਕਿਹਾ ਗਿਆ ਹੈ ਮੌਜੂਦਾ ਸਮੇਂ ਦੌਰਾਨ ਸਿਰਫ ਹੰਗਾਮੀ ਹਾਲਤ ਵਿੱਚ ਹੀ ਅਪਰੇਸ਼ਨ ਕੀਤੇ ਜਾਣ ਅਤੇ ਜਿਨ੍ਹਾਂ ਮਰੀਜ਼ਾਂ ਦੀ ਜਾਨ ਨੂੰ ਖਤਰਾ ਨਹੀਂ ਉਨ੍ਹਾਂ ਦੇ ਅਪਰੇਸ਼ਨ ਦਾ ਕੰਮ ਮੁਲਤਵੀ ਕੀਤਾ ਜਾਵੇ।
Check Also
ਕੈਬਨਿਟ ਮੀਟਿੰਗ ਦੌਰਾਨ ਮੁੱਖ ਮੰਤਰੀ ਮਾਨ ਨੇ ਮਜ਼ਦੂਰਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਉਣ ਦਾ ਕੀਤਾ ਐਲਾਨ
11231 ਲਾਭਪਾਤਰੀ ਬਣਨਗੇ ਜ਼ਮੀਨਾਂ ਦੇ ਮਾਲਕ ਚੰਡੀਗੜ੍ਹ/ਬਿਊਰੋ ਨਿਊਜ਼ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ …