Breaking News
Home / ਹਫ਼ਤਾਵਾਰੀ ਫੇਰੀ / ਪਾਕਿਸਤਾਨ ‘ਚ ਸਿੱਖ ਲੜਕੀ ਦੀ ਹੋਈ ਘਰ ਵਾਪਸੀ

ਪਾਕਿਸਤਾਨ ‘ਚ ਸਿੱਖ ਲੜਕੀ ਦੀ ਹੋਈ ਘਰ ਵਾਪਸੀ

ਲਾਹੌਰ : ਪਾਕਿਸਤਾਨ ਵਿਚ ਅਗਵਾ ਕਰਕੇ ਜਬਰੀ ਮੁਸਲਮਾਨ ਬਣਾ ਕੇ ਨਿਕਾਹ ਕਰਨ ਕਰਕੇ ਮਾਨਸਿਕ ਤਸ਼ੱਦਦ ਦਾ ਸ਼ਿਕਾਰ ਹੋਈ ਸਿੱਖ ਲੜਕੀ ਦੀ ਘਰ ਵਾਪਸੀ ਦਾ ਰਾਹ ਸਾਫ਼ ਹੋ ਗਿਆ ਹੈ। ਉਸ ਨੂੰ ਸਰਕਾਰ ਦੇ ਉਚ ਪੱਧਰੀ ਵਫਦ ਅਤੇ ਸਿੱਖ ਭਾਈਚਾਰੇ ਦੀ 30 ਮੈਂਬਰੀ ਕਮੇਟੀ ਦਰਮਿਆਨ ਹੋਏ ਸਮਝੌਤੇ ਤੋਂ ਬਾਅਦ ਪਰਿਵਾਰ ਹਵਾਲੇ ਕਰਨ ਦਾ ਫੈਸਲਾ ਹੋਇਆ। ਇਸ ਤਰ੍ਹਾਂ ਚੱਲ ਰਿਹਾ ਵਿਵਾਦ ਖਤਮ ਹੋ ਗਿਆ ਹੈ। ਇਹ ਜਾਣਕਾਰੀ ਲਹਿੰਦੇ ਪੰਜਾਬ ਦੇ ਗਵਰਨਰ ਚੌਧਰੀ ਸਰਵਰ ਨੇ ਦਿੱਤੀ।
ਟਵੀਟ ਕਰਦਿਆਂ ਸਰਵਰ ਨੇ ਕਿਹਾ ਕਿ ਮਾਮਲੇ ਦਾ ਸ਼ਾਂਤੀ ਨਾਲ ਹੱਲ ਕਰ ਲਿਆ ਗਿਆ ਹੈ। ਉਨ੍ਹਾਂ ਜਗਜੀਤ ਕੌਰ ਤੇ ਜਿਸ ਨੌਜਵਾਨ ਨਾਲ ਉਸਦਾ ਨਿਕਾਹ ਪੜ੍ਹਵਾਇਆ ਗਿਆ ਸੀ, ਦੇ ਪਰਿਵਾਰਾਂ ਦਾ ਧੰਨਵਾਦ ਕੀਤਾ, ਜਿਹੜੇ ਇਸ ਮਾਮਲੇ ਦੇ ਹੱਲ ਲਈ ਗਵਰਨਰ ਹਾਊਸ ਪੁੱਜੇ ਸਨ। ਗਵਰਨਰ ਨੇ ਟਵੀਟ ਕੀਤਾ, ਪਾਕਿਸਤਾਨ ਤੇ ਦੁਨੀਆ ਭਰ ਵਿਚ ਬੈਠੇ ਸਿੱਖ ਭਾਈਚਾਰੇ ਦੇ ਲੋਕਾਂ ਲਈ ਵੱਡੀ ਖਬਰ ਹੈ। ਨਨਕਾਣਾ ਸਾਹਿਬ ਦੀ ਲੜਕੀ ਦੇ ਮਸਲੇ ਨੂੰ ਸ਼ਾਂਤੀਪੂਰਵਕ ਢੰਗ ਨਾਲ ਹੱਲ ਕਰ ਲਿਆ ਗਿਆ ਹੈ। ਲੜਕੀ ਆਪਣੇ ਪਰਿਵਾਰ ਨਾਲ ਸੁਰੱਖਿਅਤ ਹੈ। ਉਨ੍ਹਾਂ ਕਿਹਾ ਕਿ ਉਹ ਘੱਟ ਗਿਣਤੀਆਂ ਦੇ ਅਧਿਕਾਰਾਂ ਨੂੰ ਯਕੀਨੀ ਬਣਾਉਣਗੇ।
ਪਾਕਿ ਦੀ ਸੱਤਾਧਾਰੀ ਤਹਿਰੀਕ-ਏ-ਇਨਸਾਫ ਪਾਰਟੀ ਦੇ ਸੰਯੁਕਤ ਸਕੱਤਰ ਤੇ ਧਾਰਮਿਕ ਮਾਮਲਿਆਂ ਸਬੰਧੀ ਕਮੇਟੀ ਦੇ ਮੈਂਬਰ ਫਾਰੂਕ ਅਰਸ਼ਦ ਨੇ ਕਿਹਾ ਹੈ ਕਿ ਸਿੱਖਾਂ ਲਈ ਪਾਕਿ ਵਿਚੋਂ ਚੰਗੀਆਂ ਗੱਲਾਂ ਹੀ ਲੱਭਣਗੀਆਂ। ਉਨ੍ਹਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਤਾਜ਼ਾ ਬਿਆਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਰੱਬ ਨਾ ਕਰੇ ਭਾਵੇਂ ਭਾਰਤ-ਪਾਕਿ ਜੰਗ ਲੱਗ ਜਾਵੇ ਪਰ ਕਰਤਾਰਪੁਰ ਲਾਂਘੇ ਦੇ ਕੰਮ ਵਿਚ ਕੋਈ ਵਿਘਨ ਨਹੀਂ ਪਵੇਗਾ। ਸਿੱਖ ਤੇ ਮੁਸਲਮਾਨ ਭਾਈਚਾਰਿਆਂ ਵਿਚ ਪੂਰੀ ਦੁਨੀਆ ਵਿਚ ਕਦੇ ਤਰੇੜ ਨਹੀਂ ਪੈ ਸਕਦੀ।
ਅਵਾਜ਼ ਉਠਾਉਣ ਵਾਲੇ ਸਾਰੇ ਵਿਅਕਤੀਆਂ ਦਾ ਧੰਨਵਾਦ : ਕੈਪਟਨ ਅਮਰਿੰਦਰ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਕਿਹਾ ਕਿ ਇਸ ਮਾਮਲੇ ਵਿਚ ਅਵਾਜ਼ ਉਠਾਉਣ ਵਾਲੇ ਅਤੇ ਸਹਿਯੋਗ ਕਰਨ ਵਾਲੇ ਸਾਰੇ ਵਿਅਕਤੀਆਂ ਦਾ ਉਹ ਧੰਨਵਾਦ ਕਰਦੇ ਹਨ। ਸਮਾਜ ਵਿਚ ਧਰਮ ਪਰਿਵਰਤਨ ਲਈ ਕੋਈ ਜਗ੍ਹਾ ਨਹੀਂ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਇਕ ਹੋਰ ਟਵੀਟ ਕਰਕੇ ਕਿਹਾ ਸੀ ਕਿ ਉਨ੍ਹਾਂ ਨੂੰ ਖੁਸ਼ੀ ਹੋਵੇਗੀ ਜੇਕਰ ਲੜਕੀ ਅਤੇ ਉਸਦਾ ਪਰਿਵਾਰ ਪੰਜਾਬ ਵਿਚ ਆ ਕੇ ਰਹਿਣਾ ਚਾਹੇ ਅਤੇ ਸਰਕਾਰ ਉਨ੍ਹਾਂ ਦੀ ਮੱਦਦ ਕਰੇਗੀ।

Check Also

ਸੋਨੂੰ ਸੂਦ ਦੇ ਘਰ ਅਤੇ ਦਫਤਰਾਂ ‘ਤੇ ਇਨਕਮ ਟੈਕਸ ਵਿਭਾਗ ਵਲੋਂ ਛਾਪੇਮਾਰੀ

ਮੁੰਬਈ : ਆਮਦਨ ਕਰ ਵਿਭਾਗ ਵਲੋਂ ਕਥਿਤ ਟੈਕਸ ਚੋਰੀ ਦੀ ਜਾਂਚ ਲਈ ਬਾਲੀਵੁੱਡ ਅਦਾਕਾਰ ਤੇ …