ਕਈ ਘੰਟਿਆਂ ਦੀ ਮੁਸ਼ੱਕਤ ਮਗਰੋਂ ਕਾਬੂ
ਵੈਨਕੂਵਰ : ਓਟਵਾ ਵਿਚ ਕੈਨੇਡਾ ਦੀ ਪਾਰਲੀਮੈਂਟ ਦੇ ਈ-ਬਲਾਕ ਵਿਚ ਪਿਛਲੇ ਦਿਨੀਂ ਇਕ ਹਥਿਆਰਬੰਦ ਮਸ਼ਕੂਕ ਦਾਖ਼ਲ ਹੋ ਗਿਆ। ਕੈਨੇਡਿਆਈ ਪੁਲਿਸ ਨੇ ਹਾਲਾਂਕਿ ਕਈ ਘੰਟਿਆਂ ਦੀ ਮੁਸ਼ੱਕਤ ਮਗਰੋਂ ਮੁਲਜ਼ਮ ਨੂੰ ਕਾਬੂ ਕਰ ਲਿਆ। ਉਂਝ ਇਸ ਦੌਰਾਨ ਕਿਸੇ ਜਾਨੀ ਮਾਲੀ ਨੁਕਸਾਨ ਤੋਂ ਬਚਾਅ ਰਿਹਾ ਤੇ ਅਮਲੇ ਦੇ ਮੈਂਬਰਾਂ ਨੇ ਕਮਰਿਆਂ ‘ਚ ਲੁਕ ਕੇ ਜਾਨ ਬਚਾਈ। ਜਾਣਕਾਰੀ ਅਨੁਸਾਰ ਹਥਿਆਰਬੰਦ ਵਿਅਕਤੀ ਦੁਪਹਿਰ ਪੌਣੇ ਤਿੰਨ ਵਜੇ ਦੇ ਕਰੀਬ ਸੰਸਦ ਦੇ ਈ ਬਲਾਕ ਵਿਚ ਦਾਖਲ ਹੋਇਆ। ਸੰਸਦੀ ਅਮਲੇ ਦੇ ਮੈਂਬਰ ਜਾਨ ਬਚਾਉਣ ਲਈ ਨਾਲ ਲੱਗਦੇ ਕਮਰਿਆਂ ਵਿੱਚ ਲੁਕ ਗਏ ਤੇ ਅੰਦਰੋਂ ਤਾਲੇ ਲਾ ਲਏ। ਉਧਰ ਪਾਰਲੀਮੈਂਟ ਪ੍ਰੋਟੈਕਟਿਵ ਸੇਵਾ ਦਲ ਨੂੰ ਹਫੜਾ ਦਫੜੀ ਪੈ ਗਈ ਤੇ ਇਸ ਦੌਰਾਨ ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ।
ਅੰਦਰ ਫਸੇ ਲੋਕਾਂ ਨੂੰ ਹੋਰ ਦਰਵਾਜ਼ਿਆਂ ਰਾਹੀਂ ਬਾਹਰ ਕੱਢ ਕੇ ਇਮਾਰਤ ਖਾਲੀ ਕਰਵਾਈ ਗਈ। ਪੁਲਿਸ ਨੇ ਪਾਰਲੀਮੈਂਟ ਹਿੱਲ (ਸੰਸਦੀ ਭਵਨ) ਦੁਆਲੇ ਸਾਰੀਆਂ ਸੜਕਾਂ ਬੰਦ ਕਰ ਦਿੱਤੀਆਂ ਤੇ ਪਾਰਲੀਮੈਂਟ ਦੀ ਘੇਰਾਬੰਦੀ ਕਰ ਦਿੱਤੀ।
ਪੁਲਿਸ ਨੇ ਹਥਿਆਰਬੰਦ ਮਸ਼ਕੂਕ ਨੂੰ ਬਾਹਰ ਆਉਣ ਲਈ ਕਈ ਚੇਤਾਵਨੀਆਂ ਵੀ ਦਿੱਤੀਆਂ। ਦੱਸ ਦੇਈਏ ਕਿ ਸੰਸਦ ਭਵਨ ਦੇ ਈ-ਬਲਾਕ ਵਿੱਚ ਸੈਨੇਟਰਾਂ ਤੇ ਉਨ੍ਹਾਂ ਦੇ ਸਹਾਇਕ ਅਮਲੇ ਦੇ ਦਫ਼ਤਰ ਹਨ। ਪੁਲਿਸ ਨੇ ਕਈ ਘੰਟਿਆਂ ਦੀ ਮੁਸ਼ੱਕਤ ਮਗਰੋਂ ਰਿਬੋਟ ਦੀ ਮਦਦ ਨਾਲ ਹਥਿਆਰਬੰਦ ਮਸ਼ਕੂਕ ਨੂੰ ਗ੍ਰਿਫਤਾਰ ਕਰ ਲਿਆ ਹੈ।