ਖੁੱਲ੍ਹੇਗਾ ਕਰਤਾਰਪੁਰ ਲਾਂਘਾ
ਭਾਰਤ ਤੇ ਪਾਕਿ ਸਰਕਾਰ ਦਾ ਗੁਰਪੁਰਬ ‘ਤੇ ਅਨਮੋਲ ਤੋਹਫ਼ਾ
ਭਾਰਤ 26 ਨਵੰਬਰ ਨੂੰ ਅਤੇ ਪਾਕਿਸਤਾਨ 28 ਨਵੰਬਰ ਨੂੰ ਕਰਤਾਰਪੁਰ ਕੋਰੀਡੋਰ ਦਾ ਰੱਖੇਗਾ ਨੀਂਹ ਪੱਥਰ
ਨਵੀਂ ਦਿੱਲੀ/ਚੰਡੀਗੜ੍ਹ
ਭਾਰਤ-ਪਾਕਿ ਦੀ ਵੰਡ ਨਾਲ ਵਿਛੜੇ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦੀ ਅਰਦਾਸ ਨੂੰ 71 ਸਾਲ ਬਾਅਦ ਬੂਰ ਪਿਆ ਹੈ। ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਨੇ ਤਹਿ ਕੀਤਾ ਹੈ ਕਿ ਉਹ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣਗੇ, ਜਿਸ ਦੇ ਲਈ ਸਾਂਝਾ ਕੋਰੀਡੋਰ ਦੋਵੇਂ ਪਾਸੇ ਉਸਾਰਿਆ ਜਾਵੇਗਾ। ਭਾਰਤ ਦੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਵੀਰਵਾਰ ਨੂੰ ਫੈਸਲਾ ਲਿਆ, ਜਿਸ ਦੀ ਜਾਣਕਾਰੀ ਰਾਜਨਾਥ ਸਿੰਘ ਅਤੇ ਅਰੁਣ ਜੇਤਲੀ ਨੇ ਦਿੱਤੀ ਕਿ ਭਾਰਤ ਸਰਕਾਰ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰਾਂ ਲਈ ਆਪਣੇ ਪਾਸੇ ਦਾ ਕੋਰੀਡੋਰ ਬਣਾਉਣ ਦੇ ਲਈ ਤਿਆਰ ਹੈ। ਇਸੇ ਦੌਰਾਨ ਪਾਕਿਸਤਾਨ ਤੋਂ ਮੀਡੀਆ ‘ਚ ਖ਼ਬਰ ਨਸ਼ਰ ਹੋਈ ਕਿ ਇਮਰਾਨ ਖ਼ਾਨ ਨੇ ਤਹਿ ਕੀਤਾ ਹੈ ਕਿ ਆਉਂਦੀ 28 ਨਵੰਬਰ ਨੂੰ ਉਹ ਕੋਰੀਡੋਰ ਦਾ ਨੀਂਹ ਪੱਥਰ ਰੱਖਣਗੇ। ਮੀਡੀਆ ਨੂੰ ਜਾਣਕਾਰੀ ਮਿਲੀ ਕਿ ਭਾਰਤ ਵੀ 26 ਨਵੰਬਰ ਨੂੰ ਆਪਣੇ ਪਾਸੇ ਉਸਾਰੇ ਜਾਣ ਵਾਲੇ ਕੋਰੀਡੋਰ ਦਾ ਨੀਂਹ ਪੱਥਰ ਰੱਖੇਗਾ, ਜੋ ਕਿ ਰਾਸ਼ਟਰਪਤੀ ਰਾਮਨਾਥ ਕੋਵਿੰਦ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਰੱਖਿਆ ਜਾਣਾ ਹੈ।
ਨਵਜੋਤ ਸਿੱਧੂ ਦੀ ਵਿਵਾਦਤ ਜੱਫੀ ਵੀ ਬਣੀ ਸਹਾਈ
ਇਮਰਾਨ ਖ਼ਾਨ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਉਸਦੇ ਸਹੁੰ ਚੁੱਕ ਸਮਾਗਮ ‘ਚ ਸ਼ਿਰਕਤ ਕਰਨ ਗਏ ਨਵਜੋਤ ਸਿੰਘ ਸਿੱਧੂ ਨੇ ਜਦੋਂ ਪਾਕਿਸਤਾਨ ਫੌਜ ਮੁਖੀ ਨੂੰ ਜੱਫੀ ਪਾਈ ਤਾਂ ਉਸ ‘ਤੇ ਖੂਬ ਹੋ ਹੱਲਾ ਮਚਿਆ। ਤਦ ਸਿੱਧੂ ਨੇ ਆਖਿਆ ਸੀ ਕਿ ਪਾਕਿ ਫੌਜ ਮੁਖੀ ਨੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਦੀ ਗੱਲ ਕਹੀ ਤਾਂ ਮੈਂ ਖੁਸ਼ੀ ਵਿਚ ਉਸ ਨੂੰ ਗਲ਼ ਲਾ ਲਿਆ। ਜਿਸ ਤੋਂ ਬਾਅਦ ਲਾਂਘਾ ਖੋਲ੍ਹਣ ਦੀ ਗੱਲ ਨੂੰ ਅੱਗੇ ਵਧਾਉਣ ਦੀ ਪਹਿਲ ਪਾਕਿਸਤਾਨ ਨੇ ਕੀਤੀ। ਉਨ੍ਹਾਂ ਦੀ ਟੀਮ ਸਰਗਰਮ ਹੋਈ, ਮੀਡੀਆ ‘ਚ ਖ਼ਬਰਾਂ ਨਸ਼ਰ ਹੋਈਆਂ ਤੇ ਭਾਰਤ ‘ਚ ਵੀ ਰਾਜਨੀਤਿਕ ਤੌਰ ‘ਤੇ ਇਹ ਮਾਮਲਾ ਜ਼ੋਰ ਫੜਦਾ ਗਿਆ। ਬੇਸ਼ੱਕ ਸਿੱਖ ਸੰਗਤਾਂ ਸਾਲਾਂਬੱਧੀ ਇਹ ਲਾਂਘਾ ਖੋਲ੍ਹਣ ਦੀ ਮੰਗ ਕਰਦੀਆਂ ਰਹੀਆਂ ਹਨ ਪਰ ਮੋਦੀ ਸਰਕਾਰ ਤੇ ਇਮਰਾਨ ਖਾਨ ਦੀ ਸਰਕਾਰ ਦੇ ਹਿੱਸੇ ਇਹ ਸ਼ੁਭ ਕਾਜ ਕਰਨਾ ਆਇਆ, ਜਿਨ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 549ਵੇਂ ਪ੍ਰਕਾਸ਼ ਪੁਰਬ ਮੌਕੇ ਲਾਂਘਾ ਖੋਲ੍ਹਣ ਦਾ ਐਲਾਨ ਕਰਕੇ ਸਿੱਖ ਸੰਗਤ ਨੂੰ ਤੋਹਫ਼ਾ ਦਿੱਤਾ ਤੇ ਆਉਂਦੇ ਵਰ੍ਹੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਨਾਨਕ ਨਾਮ ਲੇਵਾ ਸੰਗਤ ਕਰਤਾਰਪੁਰ ਸਾਹਿਬ ਗੁਰੂਘਰ ਦੇ ਖੁੱਲ੍ਹੇ ਦਰਸ਼ਨ ਦੀਦਾਰ ਕਰ ਸਕੇਗੀ। ਇਹ ਬੰਦ ਦਰਵਾਜ਼ੇ ਖੁੱਲ੍ਹਣ ਪਿੱਛੇ ਨਵਜੋਤ ਸਿੱਧੂ ਦੀ ਵਿਵਾਦਤ ਜੱਫੀ ਵੀ ਸਹਾਈ ਹੋਈ ਹੈ।
ਕੇਂਦਰ ਮੁਹੱਈਆ ਕਰਵਾਏਗਾ ਫੰਡ
ਅਰੁਣ ਜੇਤਲੀ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਭਾਰਤ ਵਾਲੇ ਪਾਸੇ ਬਣਨ ਵਾਲਾ ਪੂਰਾ ਕੋਰੀਡੋਰ ਭਾਰਤ ਸਰਕਾਰ ਬਣਾਏਗੀ। ਇਸ ਦੀ ਖਾਤਰ ਜੋ ਖਰਚਾ ਆਵੇਗਾ ਉਹ ਸਾਰਾ ਫੰਡ ਕੇਂਦਰ ਮੁਹੱਈਆ ਕਰਵਾਏਗਾ। ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਯੂਨੈਸਕੋ ਦੇ ਰਾਹੀਂ ਵੱਖ-ਵੱਖ ਭਾਸ਼ਾਵਾਂ ‘ਚ ਅਨੁਵਾਦ ਵੀ ਕਰਵਾਇਆ ਜਾਵੇਗਾ ਤੇ ਕੋਰੀਡੋਰ ਵਿਚ ਸਾਰੀਆਂ ਸਹੂਲਤਾਂ ਹੋਣਗੀਆਂ।
ਸਰਕਾਰਾਂ ਬਦਲੀਆਂ ਮੰਗ ਕਾਇਮ ਰਹੀ
ਭਾਰਤ ਅਤੇ ਪਾਕਿਸਤਾਨ ਵਿਚ ਵੰਡ ਤੋਂ ਬਾਅਦ ਸਰਕਾਰਾਂ ਬਦਲਦੀਆਂ ਰਹੀਆਂ ਪਰ ਸਿੱਖ ਸੰਗਤ ਦੀ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦੀ ਮੰਗ ਕਾਇਮ ਰਹੀ। ਅਕਾਲੀ ਦਲ, ਸ਼੍ਰੋਮਣੀ ਕਮੇਟੀ ਤੇ ਹੋਰ ਜਥੇਬੰਦੀਆਂ ਜਿੱਥੇ ਮੰਗ ਕਰਦੀਆਂ ਰਹੀਆਂ, ਉਥੇ ਹਾਲ ਹੀ ਵਿਚ ਨਵਜੋਤ ਸਿੱਧੂ ਅਤੇ ਕੈਪਟਨ ਅਮਰਿੰਦਰ ਨੇ ਵੀ ਸੁਸ਼ਮਾ ਸਵਰਾਜ ਨੂੰ ਖ਼ਤ ਲਿਖ ਕੇ ਲਾਂਘਾ ਖੋਲ੍ਹਣ ਦੀ ਮੰਗ ਕੀਤੀ ਸੀ।
ਕਿਰਤ ਕਰੋ-ਨਾਮ ਜਪੋ-ਵੰਡ ਛਕੋ
ਗੁਰੂ ਨਾਨਕ ਦੇਵ ਜੀ ਦਾ ਸੁਨੇਹਾ ਹੁਣ ਹੋਰ ਪ੍ਰਕਾਸ਼ ਫੈਲਾਵੇਗਾ
ਸਾਂਝੀਵਾਲਤਾ ਦਾ ਸੁਨੇਹਾ ਦੇਣ ਵਾਲੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸੇ ਕਰਤਾਰਪੁਰ ਦੀ ਧਰਤੀ ਤੋਂ ਕਿਰਤ ਨੂੰ ਸਭ ਤੋਂ ਵੱਡਾ ਦੱਸਦਿਆਂ ‘ਕਿਰਤ ਕਰੋ-ਨਾਮ ਜਪੋ ਤੇ ਵੰਡ ਛਕੋ’ ਦਾ ਜੋ ਸੁਨੇਹਾ ਦਿੱਤਾ ਉਹ ਇਸ ਲਾਂਘਾ ਖੁੱਲ੍ਹਣ ਨਾਲ ਹੋਰ ਪ੍ਰਕਾਸ਼ ਫੈਲਾਵੇਗਾ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …