ਦੀਪਕ ਸ਼ਰਮਾ ਚਨਾਰਥਲ, 98152-52959
ਪੰਜਾਬ ਦੀਆਂ ਜੇਲ੍ਹਾਂ ਵੀ ਦੇਸ਼ ਦੀਆਂ ਹੋਰਨਾਂ ਜੇਲ੍ਹਾਂ ਵਾਂਗ ਹਨ, ਪਰ ਪੰਜਾਬ ‘ਚ ਵਧ ਰਹੇ ਗੈਂਗਵਾਰ ਨੇ ਜੇਲ੍ਹ ਦੇ ਅਕਸ ਨੂੰ ਵੱਡੀ ਢਾਹ ਲਗਾਈ ਹੈ। ਜੇਲ੍ਹ ਅੰਦਰ ਕੈਦੀਆਂ ਨੂੰ ਖਾਣ-ਪੀਣ ਦਾ ਸਮਾਨ ਗੈਰਕਾਨੂੰਨੀ ਢੰਗ ਨਾਲ ਪਹੁੰਚਾਉਣ ਵਾਲੇ ਹੁਣ ਇਸ ਕਦਰ ਤੱਕ ਦਲਾਲੀ ਵਿਚ ਡੁੱਬ ਗਏ ਹਨ ਕਿ ਪੈਸੇ ਖਾਤਰ ਉਹ ਜੇਲ੍ਹਾਂ ਅੰਦਰ ਨਸ਼ੇ, ਫੋਨ ਤੇ ਇੰਟਰਨੈਟ ਦੀ ਸਹੂਲਤ ਮੁਹੱਈਆ ਕਰਵਾ ਰਹੇ ਹਨ। ਜਦੋਂ-ਜਦੋਂ ਵੀ ਪੰਜਾਬ ਦੀਆਂ ਜੇਲ੍ਹਾਂ ਦੀ ਚੈਕਿੰਗ ਹੋਈ ਹੈ ਤਾਂ ਨਸ਼ੇ ਦੀ ਬਰਾਮਦਗੀ ਦੇ ਨਾਲ-ਨਾਲ ਫੋਨ ਆਦਿ ਵੀ ਵੱਡੀ ਮਾਤਰਾ ਵਿਚ ਬਰਾਮਦ ਹੁੰਦੇ ਰਹੇ ਹਨ। ਦਸ ਸਾਲ ਪੰਜਾਬ ‘ਚ ਅਕਾਲੀ-ਭਾਜਪਾ ਦਾ ਰਾਜ ਰਿਹਾ ਤਦ ਵੀ ਜੇਲ੍ਹਾਂ ਦਾ ਇਹੋ ਹਾਲ ਸੀ ਤੇ ਹੁਣ ਸੱਤਾ ਬਦਲੀ ਤਦ ਵੀ ਉਹੀ ਹਾਲ ਹੈ। ਬੇਸ਼ੱਕ ਕਾਂਗਰਸ ਸਰਕਾਰ ਬਣੀ ਨੂੰ ਇਕ ਸਾਲ ਦਾ ਵਕਫਾ ਹੋ ਚੁੱਕਾ ਹੈ ਪਰ ਕੈਬਨਿਟ ਵਿਚ ਹੋਏ ਵਾਧੇ ਦੌਰਾਨ ਸੁਖਜਿੰਦਰ ਸਿੰਘ ਰੰਧਾਵਾ ਨਵੇਂ-ਨਵੇਂ ਜੇਲ੍ਹ ਮੰਤਰੀ ਬਣੇ ਹਨ। ਰੰਧਾਵਾ ਨੇ ਜੇਲ੍ਹ ਮੰਤਰੀ ਬਣਦਿਆਂ ਹੀ ਜੇਲ੍ਹ ਸੁਧਾਰ ਮੁਹਿੰਮ ਛੇੜੀ ਤੇ ਲਗਾਤਾਰ ਉਹ ਜੇਲ੍ਹਾਂ ਵਿਚ ਛਾਪੇ ਮਾਰ ਕੇ ਜੇਲ੍ਹਾਂ ਦਾ ਅਕਸ ਸੁਧਾਰਨ ਦੀ ਕੋਸ਼ਿਸ਼ ਕਰ ਰਹੇ ਹਨ। ਪਰ ਨਾ ਤਾਂ ਪੰਜਾਬ ਦੀਆਂ ਜੇਲ੍ਹਾਂ ਅੰਦਰ ਨਸ਼ਾ ਜਾਣੋਂ ਰੁਕਿਆ, ਨਾ ਹੀ ਫੋਨ ਪਹੁੰਚਣੇ ਬੰਦ ਹੋਏ ਤੇ ਕੈਦੀਆਂ ਨੂੰ ਬੜੀ ਅਸਾਨੀ ਨਾਲ ਇੰਟਰਨੈਟ ਦੀ ਸਹੂਲਤ ਵਾਲੇ ਫੋਨ ਉਪਲਬਧ ਹੋ ਰਹੇ ਹਨ। ਇਨ੍ਹਾਂ ਫੋਨਾਂ ਤੋਂ ਲਾਈਵ ਹੋ ਕੇ ਫਿਰ ਹਵਾਲਾਤੀ ਕਦੀ ਆਪਣੇ ਵਿਰੋਧੀ ਗੈਂਗਸਟਰ ਸਾਥੀਆਂ ਨੂੰ ਧਮਕਾਉਂਦੇ ਹਨ , ਕਦੀ ਸ਼ੋਸ਼ਲ ਮੀਡੀਆ ‘ਤੇ ਕਿਸੇ ਕਤਲ ਦੀ ਜ਼ਿੰਮੇਵਾਰੀ ਲੈਂਦੇ ਹਨ ਤੇ ਹੁਣ ਤਾਂ ਜੇਲ੍ਹ ਅੰਦਰੋਂ ਹੀ ਪੰਜਾਬ ਦੇ ਮੁੱਖ ਮੰਤਰੀ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਮਸਲਾ ਸਾਫ ਹੈ ਕਿ ਪੰਜਾਬ ਸਰਕਾਰ ਨਸ਼ੇ ਅਤੇ ਗੈਂਗਸਟਰਾਂ ਦੇ ਕੁਨੈਕਸ਼ਨ ਨੂੰ ਤੋੜਨ ਵਿਚ ਅਸਫਲ ਹੋਈ ਹੈ। ਨਾ ਨਸ਼ੇ ਮੁੱਕੇ ਹਨ ਤੇ ਨਾ ਗੈਂਗਸਟਰਾਂ ਨੂੰ ਨਕੇਲ ਪਈ ਹੈ ਤੇ ਨਾ ਹੀ ਪੰਜਾਬ ਦੀ ਅਫਸਰਸ਼ਾਹੀ ਭ੍ਰਿਸ਼ਟਾਚਾਰ ਮੁਕਤ ਹੋਈ ਹੈ। ਹੁਣ ਜੇਲ੍ਹਾਂ ਵਿਚ ਤੈਨਾਤ ਪੁਲਿਸ ਅਧਿਕਾਰੀ ਵੀ ਤਾਂ ਇਸੇ ਭ੍ਰਿਸ਼ਟ ਸਿਸਟਮ ਦਾ ਹਿੱਸਾ ਹਨ ਤੇ ਉਹ ਆਪਣੀਆਂ ਜੇਬਾਂ ਗਰਮ ਕਰਨ ਲਈ ਹਵਾਲਾਤੀਆਂ ਨੂੰ ਨਸ਼ੇ ਤੇ ਫੋਨ ਦੀ ਸਹੂਲਤ ਉਪਲਬਧ ਕਰਵਾਉਂਦੇ ਹਨ। ਇਸ ਗੈਰਕਾਨੂੰਨੀ ਕਾਰਜ ਨੂੰ ਰੋਕਣ ਲਈ ਨਵੇਂ ਜੇਲ੍ਹ ਮੰਤਰੀ ਰੰਧਾਵਾ ਯਤਨਸ਼ੀਲ ਤਾਂ ਹਨ ਪਰ ਜੇ ਉਹ ਵੀ ਹੁਣ ਪਿਛਲੀਆਂ ਰਵਾਇਤਾਂ ਮੁਤਾਬਕ ਚਾਰ-ਪੰਜ ਮਹੀਨੇ ਸਰਗਰਮ ਹੋਣ ਤੋਂ ਬਾਅਦ ਫਿਰ ਚਾਰ ਸਾਲ ਮੰਤਰੀਪਣ ਦਾ ਸਵਾਦ ਹੀ ਲੈਂਦੇ ਹਨ ਤਾਂ ਇਹ ਸੁਧਾਰ ਹੋਣਾ ਅਸੰਭਵ ਹੈ। ਹਾਂ, ਜੋ ਸ਼ਿੱਦਤ ਜੇਲ੍ਹ ਮੰਤਰੀ ਰੰਧਾਵਾ ਨੇ ਅਹੁਦਾ ਸੰਭਾਲਦਿਆਂ ਹੀ ਪਿਛਲੇ ਮਹੀਨਿਆਂ ਦੌਰਾਨ ਦਿਖਾਈ ਹੈ, ਜੇਕਰ ਉਹ ਇਸੇ ਨੂੰ ਬਰਕਰਾਰ ਰੱਖਦੇ ਹਨ ਤਾਂ ਜੇਲ੍ਹਾਂ ਵੀ ਸੁਧਰ ਜਾਣਗੀਆਂ ਤੇ ਅਫਸਰਾਂ ਨੂੰ ਵੀ ਸੁਧਰਨ ਲਈ ਮਜਬੂਰ ਹੋਣਾ ਪਵੇਗਾ। ਪਰ ਰੰਧਾਵਾ ਕਿਤੇ ਨਵੀਂ ਬਹੂ ਵਾਲਾ ਕੰਮ ਨਾ ਕਰਨ, ਜਿਹੜੀ ਵਿਆਹੀ ਆਉਣ ਤੋਂ ਬਾਅਦ ਰਸੋਈ ਆਦਿ ਵਿਚ ਕੰਮ ਕਰਦਿਆਂ ਵਾਰ-ਵਾਰ ਚੂੜਾ ਛਣਕਾ ਕੇ ਇਹ ਦਰਸਾਉਣ ਦੀ ਕੋਸ਼ਿਸ਼ ਕਰਦੀ ਹੈ ਕਿ ਦੇਖੋ ਭਾਈ ਸਾਰਾ ਕੰਮ ਮੈਂ ਹੀ ਕਰ ਰਹੀ ਹਾਂ। ਕਿਉਂਕਿ ਇਹ ਕੌੜੀ ਸੱਚਾਈ ਹੈ ਕਿ ਚਾਹੇ ਸਿੱਖਿਆ ਮੰਤਰੀ ਹੋਵੇ, ਚਾਹੇ ਸਿਹਤ ਮੰਤਰੀ ਤੇ ਚਾਹੇ ਜੇਲ੍ਹ ਮੰਤਰੀ ਆਦਿ। ਨਵੇਂ ਮੰਤਰੀ ਬਣਦਿਆਂ ਸਾਰ ਹੀ ਇਕ ਵਾਰ ਛਾਪੇਮਾਰੀ ਦਾ ਕਰਮ ਤੇਜ਼ ਹੁੰਦਾ ਹੈ ਤੇ ਬਾਅਦ ਵਿਚ ਹੌਲੀ-ਹੌਲੀ ਮੱਠਾ ਪੈਂਦਿਆਂ-ਪੈਂਦਿਆਂ ਬੰਦ ਹੋ ਜਾਂਦਾ ਹੈ। ਹੁਣ ਇਹ ਰੰਧਾਵਾ ਸਾਹਬ ਉਤੇ ਹੈ ਕਿ ਉਹਨਾਂ ਕੁਝ ਕਰਕੇ ਵਿਖਾਉਣਾ ਹੈ ਜਾਂ ਫਿਰ ਚੌਂਕੇ ਚੜ੍ਹੀ ਨਵੀਂ ਬਹੂ ਵਾਂਗ ਚੂੜਾ ਹੀ ਛਣਕਾ ਕੇ ਦਿਖਾਉਣਾ ਹੈ। ਦੇਖਦੇ ਹਾਂ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …