Breaking News
Home / ਹਫ਼ਤਾਵਾਰੀ ਫੇਰੀ / ‘ਆਪ’ ਦੇ ਖਹਿਰਾ ਬਣਾਉਣਗੇ ਆਪਣੀ ਪਾਰਟੀ

‘ਆਪ’ ਦੇ ਖਹਿਰਾ ਬਣਾਉਣਗੇ ਆਪਣੀ ਪਾਰਟੀ

ਧਰਮਵੀਰ ਗਾਂਧੀ, ਜਗਮੀਤ ਬਰਾੜ ਤੇ ਬੈਂਸ ਭਰਾ ਸ਼ਾਮਲ ਹੋਣ ਲਈ ਤਿਆਰ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਤੀਜੇ ਬਦਲ ਵਜੋਂ ਉਭਰੀ ‘ਆਪ’ ਹੁਣ ਆਪਣੇ-ਆਪ ‘ਚ ਹੀ ਪਾਟੋ-ਧਾੜ ਹੋਣ ਤੋਂ ਬਾਅਦ ਇਕ ਧੜਾ ਚੌਥੀ ਧਿਰ ਬਣਨ ਦੇ ਰਾਹ ਪੈ ਗਿਆ ਹੈ। ਰਾਜਨੀਤਿਕ ਗਲਿਆਰਿਆਂ ‘ਚ ਬਣ ਰਹੇ ਨਵੇਂ ਸਮੀਕਰਨਾਂ ਅਨੁਸਾਰ ਖਹਿਰਾ ਧੜਾ ਵੱਖੋ-ਵੱਖ ਦਲਾਂ ਦੇ ਰੁੱਸੇ ਤੇ ਟੁੱਟੇ ਆਗੂਆਂ ਨੂੰ ਮਿਲਾ ਕੇ ਵੱਖਰੀ ਪਾਰਟੀ ਬਣਾਉਣ ਦੀ ਤਿਆਰੀ ਵਿਚ ਹਨ। ਸਿਆਸੀ ਹਲਕਿਆਂ ਦਾ ਦੱਸਣਾ ਹੈ ਕਿ ਆਮ ਆਦਮੀ ਪਾਰਟੀ (ਆਪ) ਤੋਂ ਵੱਖ ਹੋਏ ਧੜੇ ਜਿਸ ਦੀ ਅਗਵਾਈ ਭੁਲੱਥ ਹਲਕੇ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਕਰ ਰਹੇ ਹਨ, ਵੱਲੋਂ ਇਹ ਸਿਆਸੀ ਪਾਰਟੀ ਬਣਾਈ ਜਾ ਰਹੀ ਹੈ। ਸੂਤਰਾਂ ਦਾ ਦੱਸਣਾ ਹੈ ਕਿ ਇਸ ਸਬੰਧੀ ਪਿਛਲੇ ਕਈ ਦਿਨਾਂ ਤੋਂ ਵਿਚਾਰਾਂ ਚੱਲ ਰਹੀਆਂ ਹਨ ਤੇ ‘ਆਪ’ ਵੱਲੋਂ ਸ਼ੁਰੂ ਕੀਤੇ ਜਾਣ ਵਾਲੇ ਏਕਤਾ ਯਤਨਾਂ ਦੇ ਨਤੀਜਿਆਂ ਦੀ ਉਡੀਕ ਕੀਤੀ ਜਾ ਰਹੀ ਸੀ। ਆਪ ਦੇ ਦੋਹਾਂ ਧੜਿਆਂ ਵਿੱਚ 23 ਅਕਤੂਬਰ ਨੂੰ ਹੋਈ ਪਲੇਠੀ ਏਕਤਾ ਮੀਟਿੰਗ ਦੌਰਾਨ ਜੋ ਤੱਥ ਉੱਭਰੇ ਹਨ, ਉਸ ਨੂੰ ਦੇਖਦਿਆਂ ਪੰਜਾਬ ਇਕਾਈ ਵਿੱਚ ਏਕਤਾ ਦੀਆਂ ਸੰਭਾਵਨਾਵਾਂ ਮੱਧਮ ਪੈ ਗਈਆਂ ਹਨ ਤੇ ਨਵੀਂ ਸਿਆਸੀ ਪਾਰਟੀ ਦੇ ਗਠਨ ਦਾ ਅਮਲ ਸ਼ੁਰੂ ਹੋ ਗਿਆ ਹੈ। ਸੂਤਰਾਂ ਦਾ ਇਹ ਵੀ ਦੱਸਣਾ ਹੈ ਕਿ ਨਵੀਂ ਪਾਰਟੀ ਦਾ ਨਾਮ ‘ਪੰਜਾਬ ਏਕਤਾ ਪਾਰਟੀ’ ਰੱਖਣ ‘ਤੇ ਵਿਚਾਰ ਕੀਤਾ ਜਾ ਰਿਹਾ ਹੈ ਤੇ ਖਹਿਰਾ ਨੂੰ ਇਸ ਦਾ ਪ੍ਰਧਾਨ ਬਣਾਉਣ ਬਾਰੇ ਚਰਚਾ ਚੱਲ ਰਹੀ ਹੈ। ਇਸ ਨਵੇਂ ਧੜੇ ਨਾਲ ਜੁੜੇ ਇੱਕ ਸੀਨੀਅਰ ਆਗੂ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ‘ਤੇ ਦੱਸਿਆ ਕਿ ਖਹਿਰਾ ਵਿਧਾਇਕ ਵਜੋਂ ਅਸਤੀਫ਼ਾ ਦੇ ਕੇ ਨਵੀਂ ਪਾਰਟੀ ਦੀ ਵਾਗਡੋਰ ਸੰਭਾਲ ਸਕਦੇ ਹਨ ਤੇ ਆਉਂਦੀਆਂ ਲੋਕ ਸਭਾ ਚੋਣਾਂ ਦੌਰਾਨ ਬਠਿੰਡਾ ਸੰਸਦੀ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਤੇ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਦੇ ਮੁਕਾਬਲੇ ਉਮੀਦਵਾਰ ਵੀ ਹੋ ਸਕਦੇ ਹਨ।
ਸੂਤਰਾਂ ਦਾ ਦੱਸਣਾ ਹੈ ਕਿ ਇਸ ਨਵੇਂ ਸਿਆਸੀ ਦਲ ਵਿੱਚ ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਧਰਮਵੀਰ ਗਾਂਧੀ ਜਿਨ੍ਹਾਂ ਨੂੰ ਪਾਰਟੀ ਨੇ ਮੁਅੱਤਲ ਕੀਤਾ ਹੈ, ਨੂੰ ਵੀ ਸ਼ਾਮਲ ਕੀਤਾ ਜਾ ਰਿਹਾ ਹੈ ਤੇ ਗਾਂਧੀ ਨਾਲ ਇਸ ਸਬੰਧੀ ਪਹਿਲੇ ਗੇੜ ਦੀ ਗੱਲ ਵੀ ਹੋ ਚੁੱਕੀ ਹੈ। ਗਾਂਧੀ ਨੂੰ ਸੰਗਰੂਰ ਸੰਸਦੀ ਹਲਕੇ ਤੋਂ ਭਗਵੰਤ ਮਾਨ ਦੇ ਖਿਲਾਫ਼ ਚੋਣ ਲੜਾਉਣ ‘ਤੇ ਵਿਚਾਰ ਕੀਤਾ ਗਿਆ ਹੈ। ਇਸੇ ਤਰ੍ਹਾਂ, ਲੋਕ ਇਨਸਾਫ਼ ਪਾਰਟੀ ਦੇ ਦੋਵਾਂ ਆਗੂਆਂ ਸਿਮਰਜੀਤ ਸਿੰਘ ਬੈਂਸ, ਸਾਬਕਾ ਕਾਂਗਰਸੀ ਆਗੂ ਜਗਮੀਤ ਸਿੰਘ ਬਰਾੜ ਨੂੰ ਜਿੱਥੇ ਇਸ ਨਵੀਂ ਪਾਰਟੀ ਦਾ ਹਿੱਸਾ ਬਣਾਉਣ ਬਾਰੇ ਵਿਚਾਰ ਕੀਤਾ ਗਿਆ ਹੈ ਉਥੇ ਬਹੁਜਨ ਸਮਾਜ ਪਾਰਟੀ ਨਾਲ ਆਉਂਦੀਆਂ ਲੋਕ ਸਭਾ ਚੋਣਾਂ ਦੌਰਾਨ ਗੱਠਜੋੜ ਕਰਨ ਦੀ ਵੀ ਰਣਨੀਤੀ ਉਲੀਕੀ ਜਾ ਰਹੀ ਹੈ। ਆਮ ਆਦਮੀ ਪਾਰਟੀ ਦੇ ਦੋ ਹੋਰ ਬਾਗ਼ੀ ਵਿਧਾਇਕਾਂ ਕੰਵਰ ਸੰਧੂ ਅਤੇ ਮਾਸਟਰ ਬਲਦੇਵ ਸਿੰਘ ਨੂੰ ਵੀ ਆਉਂਦੀਆਂ ਸੰਸਦੀ ਚੋਣਾਂ ਦੌਰਾਨ ਕਿਸਮਤ ਅਜਮਾਉਣ ਲਈ ਚੋਣ ਮੈਦਾਨ ਵਿੱਚ ਲਿਆਂਦਾ ਜਾ ਰਿਹਾ ਹੈ। ਇਸ ਨਵੀਂ ਸਿਆਸੀ ਪਾਰਟੀ ਦੀ ਨੀਂਹ ਰੱਖਣ ਵਾਲੇ ਆਗੂਆਂ ਦਾ ਕਹਿਣਾ ਹੈ ਕਿ ਪੰਜਾਬ ਦੇ ਮੌਜੂਦਾ ਸਿਆਸੀ ਮਾਹੌਲ ਨੂੰ ਦੇਖਦਿਆਂ ਨਵੀਂ ਪਾਰਟੀ ਦਾ ਗਠਨ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਸਥਾਪਤ ਧਿਰਾਂ ਆਪਣੇ ਸਿਆਸੀ ਭਰੋਸੇਯੋਗਤਾ ਗਵਾਉਂਦੀਆਂ ਜਾ ਰਹੀਆਂ ਹਨ। ਇਨ੍ਹਾਂ ਆਗੂਆਂ ਦਾ ਦਾਅਵਾ ਹੈ ਕਿ ਬੇਅਦਬੀ ਕਾਂਡ ਦੇ ਤੱਥ ਪੜਤਾਲੀਆ ਰਿਪੋਰਟ ਦੇ ਜਨਤਕ ਹੋਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੂੰ ਸਿਆਸੀ ਤੌਰ ‘ਤੇ ਲੋਕ ਰੋਹ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਪਾਰਟੀ ਦੋਫਾੜ ਹੋਣ ਕੰਢੇ ਵੀ ਪਹੁੰਚ ਗਈ ਹੈ।
ਇਸੇ ਤਰ੍ਹਾਂ ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ ‘ਤੇ ਟਿੱਪਣੀ ਕਰਦਿਆਂ ਇਨ੍ਹਾਂ ਆਗੂਆਂ ਨੇ ਕਿਹਾ ਕਿ ਵਿੱਤੀ ਹਾਲਤ ਕਮਜ਼ੋਰ ਹੋਣ ਕਾਰਨ ਸਰਕਾਰ ਲੋਕਾਂ ਦੀਆਂ ਉਮੀਦਾਂ ‘ਤੇ ਨਾਕਾਮ ਹੋ ਰਹੀ ਹੈ ਤੇ ਬੇਅਦਬੀ ਕਾਂਡ ਦੇ ਦੋਸ਼ੀਆਂ ਖਿਲਾਫ਼ ਵੀ ਜੇ ਸਰਕਾਰ ਵੱਲੋਂ ਕਾਰਵਾਈ ਨਾ ਕੀਤੀ ਗਈ ਤਾਂ ਕਾਂਗਰਸ ਨੂੰ ਵੀ ਅਕਾਲੀਆਂ ਵਾਂਗ ਹੀ ਲੋਕ ਰੋਹ ਦਾ ਸਾਹਮਣਾ ਕਰਨਾ ਪਵੇਗਾ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਦੋਫਾੜ ਹੋਣ ਤੋਂ ਬਾਅਦ ਪਹਿਲਾਂ ਵਾਲੀ ਰਾਜਸੀ ਤਾਕਤ ਦਾ ਮੁਜ਼ਾਹਰਾ ਕਰਨ ਦੀ ਸਮਰੱਥਾ ਨਹੀਂ ਰਹੀ। ਨਵੀਂ ਬਣਨ ਵਾਲੀ ਸਿਆਸੀ ਪਾਰਟੀ ਦੇ ਆਗੂਆਂ ਨੂੰ ‘ਬਰਗਾੜੀ ਮੋਰਚੇ’ ਤੋਂ ਜਨਤਕ ਹਮਾਇਤ ਮਿਲਣ ਦੀਆਂ ਉਮੀਦਾਂ ਹਨ। ਇਸ ਮੋਰਚੇ ਵਿੱਚ ਸ਼ਾਮਲ ਕੁਝ ਵਿਅਕਤੀ ਵੀ ਰਾਜਸੀ ਲਾਲਸਾ ਪਾਲੀ ਬੈਠੇ ਹਨ। ਇਹ ਵੀ ਤੱਥ ਅਹਿਮ ਹੈ ਕਿ ਅਕਾਲੀਆਂ ਤੇ ਕਾਂਗਰਸੀਆਂ ਵੱਲੋਂ ਬਰਗਾੜੀ ਮੋਰਚੇ ਦੀ ਨੁਮਾਇੰਦਗੀ ਕਰਨ ਵਾਲੇ ਆਗੂਆਂ ‘ਤੇ ਗਰਮਦਲੀਏ ਹੋਣ ਦਾ ਠੱਪਾ ਲਾਇਆ ਜਾ ਰਿਹਾ ਹੈ।

Check Also

ਕਾਂਗਰਸੀ ਆਗੂ ਨੇ ਪ੍ਰਧਾਨ ਮੰਤਰੀ ਦੀਆਂ ਗੱਲਾਂ ਹੁਣ ਹਲਕੀਆਂ ਲੱਗਣ ਦਾ ਕੀਤਾ ਦਾਅਵਾ

ਜੈਪੁਰ : ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨੇ ਆਰੋਪ ਲਾਇਆ ਕਿ ਭਾਜਪਾ ਦੇਸ਼ ਵਿੱਚ ਸੰਵਿਧਾਨ …