Breaking News
Home / ਹਫ਼ਤਾਵਾਰੀ ਫੇਰੀ / ਅਮਰੀਕਾ ‘ਚ ਪੰਜ ਲੱਖ ਪਰਵਾਸੀਆਂ ਨੂੰ ਮਿਲੇਗੀ ਨਾਗਰਿਕਤਾ

ਅਮਰੀਕਾ ‘ਚ ਪੰਜ ਲੱਖ ਪਰਵਾਸੀਆਂ ਨੂੰ ਮਿਲੇਗੀ ਨਾਗਰਿਕਤਾ

ਪਰਵਾਸੀ ਕਾਨੂੰਨ ‘ਚ ਕਿਸੇ ਵੱਡੇ ਬਦਲਾਅ ਦੀ ਲੋੜ ਨਹੀਂ : ਜੋਅ ਬਾਇਡਨ
ਵਾਸਿੰਗਟਨ/ਬਿਊਰੋ ਨਿਊਜ਼ : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਮੁਲਕ ‘ਚ ਆਪਣੇ ਨਾਗਰਿਕਾਂ ਦੇ ਬਿਨਾਂ ਦਸਤਾਵੇਜ਼ਾਂ ਅਤੇ ਘੱਟੋ ਘੱਟ 10 ਸਾਲ ਤੋਂ ਤੋਂ ਰਹਿ ਰਹੇ ਜੀਵਨ ਸਾਥੀ ਨੂੰ ਨਾਗਰਿਕਤਾ ਦੇਣ ਦਾ ਐਲਾਨ ਕੀਤਾ ਹੈ।
ਵ੍ਹਾਈਟ ਹਾਊਸ ਦੇ ਅੰਦਾਜ਼ੇ ਮੁਤਾਬਕ ਇਸ ਕਦਮ ਨਾਲ 5 ਲੱਖ ਤੋਂ ਵੱਧ ਵਿਅਕਤੀਆਂ ਨੂੰ ਲਾਹਾ ਮਿਲਣ ਦੀ ਸੰਭਾਵਨਾ ਹੈ।
ਵ੍ਹਾਈਟ ਹਾਊਸ ਦੇ ਈਸਟ ਰੂਮ ਤੋਂ ਰਾਸ਼ਟਰ ਦੇ ਨਾਮ ਆਪਣੇ ਸੰਬੋਧਨ ‘ਚ ਬਾਇਡਨ ਨੇ ਵਧ-ਹੁਨਰ ਰੁਜ਼ਗਾਰ ਵੀਜ਼ੇ ਹਾਸਲ ਕਰਨ ਲਈ ਡੈਫਰਡ ਐਕਸ਼ਨ ਫਾਰ ਚਾਈਲਡਹੁੱਡ ਅਰਾਈਵਲਜ਼ (ਡੀਏਸੀਏ) ਲਾਭਪਾਤਰੀਆਂ ਦੇ ਅਮਲ ਨੂੰ ਸੌਖਾ ਬਣਾਉਣ ਦੀ ਯੋਜਨਾ ਦਾ ਵੀ ਐਲਾਨ ਕੀਤਾ ਹੈ। ਇਸ ਨਾਲ ਰੁਜ਼ਗਾਰਦਾਤਿਆਂ ਨੂੰ ਆਪਣੇ ਅਹਿਮ ਮੁਲਾਜ਼ਮਾਂ ਨੂੰ ਨੌਕਰੀ ‘ਤੇ ਬਣਾਈ ਰੱਖਣ ਦੀ ਇਜਾਜ਼ਤ ਮਿਲ ਜਾਵੇਗੀ। ਬਾਇਡਨ ਨੇ ਕਿਹਾ, ”ਮੈਂ ਚਾਹੁੰਦਾ ਹਾਂ ਕਿ ਜਿਹੜੇ ਨੌਜਵਾਨ ਅਮਰੀਕੀ ਕਾਲਜਾਂ ਅਤੇ ਯੂਨੀਵਰਸਿਟੀਆਂ ‘ਚ ਪੜ੍ਹੇ ਹਨ, ਉਹ ਆਪਣਾ ਹੁਨਰ ਅਤੇ ਗਿਆਨ ਅਮਰੀਕਾ ‘ਚ ਹੀ ਵਰਤਣ। ਮੈਂ ਵਧੀਆ ਕਾਰਜਬਲ ਰਾਹੀਂ ਮੁਲਕ ਨੂੰ ਦੁਨੀਆ ਦਾ ਸਭ ਤੋਂ ਮਜ਼ਬੂਤ ਅਰਥਚਾਰਾ ਬਣਾ ਕੇ ਰਖਣਾ ਚਾਹੁੰਦਾ ਹਾਂ। ਅਸੀਂ ਪਹਿਲਾਂ ਹੀ ਡੇਢ ਕਰੋੜ ਨਵੇਂ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਹਨ ਜੋ ਇਕ ਰਿਕਾਰਡ ਹੈ।”
ਉਨ੍ਹਾਂ ਕਿਹਾ ਕਿ ਪਰਿਵਾਰ ਦੇ ਮੈਂਬਰ ਦਸਤਾਵੇਜ਼ ਨਾ ਹੋਣ ਕਾਰਨ ਮੁਸ਼ਕਲ ‘ਚ ਰਹਿ ਰਹੇ ਹਨ ਜਦਕਿ ਜੋੜੇ ਆਪਣੇ ਬੱਚਿਆਂ ਨੂੰ ਚਰਚ ਤੇ ਸਕੂਲ ਭੇਜਦੇ ਹਨ, ਟੈਕਸ ਅਦਾ ਕਰਦੇ ਹਨ ਅਤੇ 10 ਸਾਲਾਂ ਜਾਂ ਉਸ ਤੋਂ ਵਧ ਸਮੇਂ ਤੋਂ ਉਹ ਮੁਲਕ ਲਈ ਆਪਣਾ ਯੋਗਦਾਨ ਪਾ ਰਹੇ ਹਨ।
ਬਾਇਡਨ ਨੇ ਕਿਹਾ ਕਿ ਇਹ ਮਸਲਾ ਹੱਲ ਕਰਨ ਲਈ ਪਰਵਾਸੀ ਕਾਨੂੰਨ ‘ਚ ਕਿਸੇ ਵੱਡੇ ਬਦਲਾਅ ਦੀ ਲੋੜ ਨਹੀਂ ਹੈ।
ਕਈ ਜਥੇਬੰਦੀਆਂ ਨੇ ਬਾਇਡਨ ਦੇ ਐਲਾਨ ਦੀ ਸ਼ਲਾਘਾ ਕੀਤੀ ਹੈ। ਕਾਂਗਰਸਵੁਮੈਨ ਜੂਡੀ ਚੂ ਨੇ ਕਿਹਾ ਕਿ ਰਾਸ਼ਟਰਪਤੀ ਦੇ ਇਸ ਕਦਮ ਨਾਲ 5 ਲੱਖ ਲੋਕ ਅਮਰੀਕਾ ‘ਚ ਆਪਣੇ ਪਰਿਵਾਰਾਂ ਨਾਲ ਰਹਿ ਸਕਣਗੇ ਜਿਨ੍ਹਾਂ ‘ਚੋਂ ਬਹੁਤੇ ਏਸ਼ੀਆ ਅਤੇ ਪ੍ਰਸ਼ਾਂਤ ਟਾਪੂਆਂ ਦੇ ਵਿਅਕਤੀ ਹਨ ਜੋ ਕਈ ਵਰ੍ਹਿਆਂ ਤੋਂ ਇਥੇ ਰਹਿ ਰਹੇ ਹਨ। ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਕਿਹਾ ਕਿ ਪਰਵਾਸੀ ਪ੍ਰਣਾਲੀ ਨੂੰ ਦਰੁਸਤ ਕਰਨ ਵੱਲ ਇਹ ਅਹਿਮ ਕਦਮ ਹੈ।

 

 

Check Also

PM ਜਸਟਿਨ ਟਰੂਡੋ ਨੇ ਜਿੱਤਿਆ ਭਰੋਸੇ ਦਾ ਵੋਟ

ਸਦਨ ਵਿਚ ਫੇਲ੍ਹ ਹੋਇਆ ਵਿਰੋਧੀ ਧਿਰ ਕੰਸਰਵੇਟਿਵ ਦਾ ਮਤਾ ਓਟਵਾ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਜਸਟਿਨ …