Breaking News
Home / ਹਫ਼ਤਾਵਾਰੀ ਫੇਰੀ / ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਭਾਰਤੀ ਸ਼ਰਧਾਲੂਆਂ ਨੂੰ ਰਾਤ ਠਹਿਰਾਉਣ ਦੀ ਤਿਆਰੀ

ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਭਾਰਤੀ ਸ਼ਰਧਾਲੂਆਂ ਨੂੰ ਰਾਤ ਠਹਿਰਾਉਣ ਦੀ ਤਿਆਰੀ

ਪ੍ਰਬੰਧਾਂ ਬਾਰੇ ਪਾਕਿ ਸਰਕਾਰ ਨੂੰ ਭੇਜੀ ਰਿਪੋਰਟ
ਅੰਮ੍ਰਿਤਸਰ/ਬਿਊਰੋ ਨਿਊਜ਼ : ਕਰਤਾਰਪੁਰ ਲਾਂਘੇ ਰਾਹੀਂ ਪਾਕਿਸਤਾਨ ਦੇ ਜ਼ਿਲ੍ਹਾ ਨਾਰੋਵਾਲ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਭਾਰਤੀ ਸ਼ਰਧਾਲੂਆਂ ਦੇ ਗੁਰਦੁਆਰਾ ਸਾਹਿਬ ਵਿਖੇ ਰਾਤ ਠਹਿਰਾਨ ਅਤੇ ਹੋਰ ਪ੍ਰਬੰਧਾਂ ਨੂੰ ਲੈ ਕੇ ਕਰਤਾਰਪੁਰ ਪ੍ਰੋਜੈਕਟ ਮੈਨੇਜਮੈਂਟ ਯੂਨਿਟ ਦੇ ਸੀ.ਈ.ਓ. ਮੁਹੰਮਦ ਅਬੂ ਬਕਰ ਆਫਤਾਬ ਕੁਰੈਸ਼ੀ ਵਲੋਂ ਪਾਕਿ ਸਰਕਾਰ ਨੂੰ ਪੱਤਰ ਭੇਜਿਆ ਗਿਆ ਹੈ। ਇਸ ਬਾਰੇ 20 ਫਰਵਰੀ ਨੂੰ ਕਰਤਾਰਪੁਰ ਗੁਰਦੁਆਰਾ ਗਵਰਨਿੰਗ ਕੌਂਸਲ ਦੀ 7ਵੀਂ ਬੈਠਕ ਵਿਚ ਵਿਚਾਰ ਚਰਚਾ ਕੀਤੀ ਗਈ ਸੀ। ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਕਮੇਟੀ ਰੂਮ ਵਿਖੇ ਧਾਰਮਿਕ ਮਾਮਲਿਆਂ ਅਤੇ ਅੰਤਰ-ਧਰਮ ਸਦਭਾਵਨਾ ਮੰਤਰਾਲੇ ਦੇ ਸਕੱਤਰ ਦੀ ਪ੍ਰਧਾਨਗੀ ਹੇਠ ਅਤੇ ਇਵੈਕੂਟੀ ਟਰੱਸਟ ਪ੍ਰਾਪਰਟੀ ਬੋਰਡ ਦੇ ਸਾਬਕਾ ਚੇਅਰਮੈਨ ਹਬੀਬ ਉਰ ਰਹਿਮਾਨ ਗਿਲਾਨੀ ਦੀ ਹਾਜ਼ਰੀ ਵਿਚ ਹੋਈ। ਉਕਤ ਬੈਠਕ ‘ਚ ਚਿਨਾਬ ਰੇਂਜਰਜ਼ ਸਿਆਲਕੋਟ ਕੈਂਟ ਦੇ ਸੈਕਟਰ ਕਮਾਂਡਰ ਬ੍ਰਿਗੇਡੀਅਰ ਫਾਹਦ ਅਯੂਬ, ਮਿਲਟਰੀ ਓਪਰੇਸ਼ਨ ਡਾਇਰੈਕਟੋਰੇਟ ਅਲਫਾ-1 ਰਾਵਲਪਿੰਡੀ ਦੇ ਬ੍ਰਿਗੇਡੀਅਰ ਅਮੀਰ ਹਯਾਤ, ਕਰਨਲ ਐਮ. ਜਹਾਂਗੀਰ ਵਿਰਕ, ਖੁਫੀਆ ਏਜੰਸੀ ਆਈ.ਐਸ.ਆਈ. ਹਮਜ਼ਾ ਕੈਂਪ ਇਸਲਾਮਾਬਾਦ ਦੇ ਕਰਨਲ ਅਸੀਮ, ਫਰੰਟੀਅਰ ਵਰਕਸ ਆਰਗੇਨਾਈਜੇਸ਼ਨ ਲਾਹੌਰ ਦੇ ਕਰਨਲ ਆਫਤਾਬ, ਐਫ. ਆਈ.ਏ. ਕਰਤਾਰਪੁਰ ਕੋਰੀਡੋਰ ਦੇ ਡੀਡੀ ਇਮੀਗਰੇਸ਼ਨ ਅਮਾਨੁੱਲਾ, ਡਿਪਟੀ ਕਮਿਸ਼ਨਰ ਗੁੱਜਰਾਂਵਾਲਾ ਨਵੀਦ ਹੈਦਰ ਸ਼ਿਰਾਜੀ, ਡਿਪਟੀ ਕਮਿਸ਼ਨਰ ਨਾਰੋਵਾਲ ਮੁਹੰਮਦ ਅਸ਼ਰਫ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਮੀਰ ਸਿੰਘ ਸਮੇਤ ਨੇਸਪਾਕ (ਨੈਸ਼ਨਲ ਇੰਜੀਨੀਅਰਿੰਗ ਸਰਵਿਸਿਜ਼ ਪਾਕਿਸਤਾਨ), ਐਫ.ਡਬਲਿਊ.ਓ. (ਫਰੰਟੀਅਰ ਵਰਕਰਜ਼ ਐਸੋਸੀਏਸ਼ਨ) ਅਤੇ ਕਈ ਹੋਰ ਵਿਭਾਗਾਂ ਦੇ ਅਧਿਕਾਰੀਆਂ ਨੇ ਸ਼ਿਰਕਤ ਕੀਤੀ ਸੀ। ਹਾਲਾਂਕਿ ਉਕਤ ਮਾਮਲੇ ਬਾਰੇ ਕੋਈ ਵੀ ਸਥਾਈ ਫੈਸਲਾ ਕਰਨ ਲਈ ਭਾਰਤੀ ਅਧਿਕਾਰੀਆਂ ਨੂੰ ਆਪਣੇ ਵਿਦੇਸ਼ ਮੰਤਰਾਲੇ ਦੀ ਮਨਜੂਰੀ ਲੈ ਕੇ ਭਾਰਤੀ ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਨਾਲ ਗੱਲਬਾਤ ਉਨ੍ਹਾਂ ਨੂੰ ਆਪਣੇ ਵਿਸ਼ਵਾਸ ‘ਚ ਲੈਣਾ ਹੋਵੇਗਾ। ਇਸਦੇ ਬਾਅਦ ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ਵਲੋਂ ਦਸਤਖਤ ਕਰਕੇ ਕੋਈ ਵੀ ਅਜਿਹਾ ਨਵਾਂ ਸਮਝੌਤਾ ਲਾਗੂ ਕੀਤਾ ਜਾਵੇਗਾ। ਉਕਤ ਦੇ ਇਲਾਵਾ ਕਰਤਾਰਪੁਰ ਪ੍ਰੋਜੈਕਟ ਮੈਨੇਜਮੈਂਟ ਯੂਨਿਟ ਦੁਆਰਾ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੇ ਯਾਤਰੀਆਂ ਦੀ ਸਹੂਲਤ ਲਈ ਟੂਰਿਸਟ ਚੈਕ ਪੁਆਇੰਟਾਂ ਨੂੰ ਘਟਾਉਣ, ਯਾਤਰਾ ਸੇਵਾ ਖਰਚ ਲਈ ਵਸੂਲੇ ਜਾ ਰਹੇ 20 ਡਾਲਰ ਬਾਰੇ ਸਥਿਤੀ ਸਪੱਸ਼ਟ ਕਰਨ, ਟੂਰਿਸਟ ਗਾਈਡਾਂ ਦੀ ਨਿਯੁਕਤੀ, ਸ਼ਟਲ ਸੇਵਾ, ਪੀ.ਐਮ.ਯੂ. ਦੀ ਕਾਰਗੁਜ਼ਾਰੀ ਸਮੀਖਿਆ ਅਤੇ ਸਟਾਫ ਦੀ ਸਥਾਈ ਮੌਜੂਦਗੀ ਯਕੀਨੀ ਬਣਾਉਣ, ਵਿਧੀ ਅਨੁਸਾਰ ਗੁਰਦੁਆਰਾ ਕੰਪਲੈਕਸ ਦੇ ਡਿਜ਼ਾਈਨ ‘ਚ ਸੋਧ, 36 ਸੀ.ਸੀ. ਟੀ.ਵੀ. ਚਿਹਰੇ ਦੀ ਪਛਾਣ ਕਰਨ ਵਾਲੇ ਕੈਮਰਿਆਂ ਦੀ ਸਥਾਪਨਾ ਆਦਿ ਬਾਰੇ ਵੀ ਵਿਚਾਰ ਕੀਤੀ ਜਾ ਰਹੀ ਹੈ।

 

Check Also

ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ

ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …