Breaking News
Home / ਹਫ਼ਤਾਵਾਰੀ ਫੇਰੀ / ਕੁੜੀਆਂ ਨੂੰ ਪੜ੍ਹਾਉਣਗੇ ਬਾਬੇ ਤੇ ਬੀਬੇ ਮਾਸਟਰ

ਕੁੜੀਆਂ ਨੂੰ ਪੜ੍ਹਾਉਣਗੇ ਬਾਬੇ ਤੇ ਬੀਬੇ ਮਾਸਟਰ

ਪੰਜਾਹ ਸਾਲ ਤੋਂ ਘੱਟ ਉਮਰ ਵਾਲੇ ਮਰਦਾਨਾ ਅਧਿਅਪਕ ਹੁਣ ਕੁੜੀਆਂ ਦੇ ਸਕੂਲ ‘ਚ ਨਹੀਂ ਹੋ ਸਕਣਗੇ ਤਾਇਨਾਤ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਸਰਕਾਰ ਵੱਲੋਂ ਬਦਲੀ ਨੀਤੀ ਦੇ ਜਾਰੀ ਖਰੜੇ ਵਿੱਚ 50 ਸਾਲ ਤੋਂ ਘੱਟ ਉਮਰ ਦੇ ਪੁਰਸ਼ ਅਧਿਆਪਕਾਂ ਨੂੰ ਲੜਕੀਆਂ ਦੇ ਸਕੂਲਾਂ ਵਿੱਚ ਨਿਯੁਕਤ ਨਾ ਕਰਨ ਦੀ ਤਜਵੀਜ਼ ਪੇਸ਼ ਕੀਤੀ ਹੈ। ਇਸ ਨੀਤੀ ਵਿੱਚ ਸਿਫ਼ਾਰਸ਼ਾਂ ਕਰਵਾ ਕੇ ਅਧਿਕਾਰੀਆਂ ਉਪਰ ਪ੍ਰਭਾਵ ਪਵਾਉਣ ਵਾਲੇ ਅਧਿਆਪਕਾਂ ਦੀਆਂ ਬਦਲੀਆਂ ਦੀਆਂ ਬੇਨਤੀਆਂ ਰੱਦ ਕਰ ਕੇ ਉਲਟਾ ਉਨ੍ਹਾਂ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਅਤੇ ਅਤੇ ਸੇਵਾ ਪੱਤਰੀਆਂ ਵਿੱਚ ਲਾਲ ਐਂਟਰੀਆਂ ਕਰਨ ਦੀ ਮੱਦ ਵੀ ਪਾਈ ਗਈ ਹੈ।
ਸਿੱਖਿਆ ਵਿਭਾਗ ਵੱਲੋਂ ਬਦਲੀ ਨੀਤੀ ਦਾ ਖਰੜਾ ਜਾਰੀ ਕਰ ਕੇ ਆਮ ਅਧਿਆਪਕਾਂ ਨੂੰ ਇਸ ਉਪਰ 15 ਦਿਨਾਂ ਵਿੱਚ ਆਪਣੇ ਇਤਰਾਜ਼ ਦਰਜ ਕਰਵਾਉਣ ਲਈ ਕਿਹਾ ਗਿਆ ਹੈ ਅਤੇ ਇਤਰਾਜ਼ ਘੋਖਣ ਉਪਰੰਤ ਹੀ ਬਦਲੀ ਨੀਤੀ ਨੂੰ ਅੰਤਿਮ ਰੂਪ ਦੇ ਕੇ ਪਹਿਲੀ ਅਪਰੈਲ 2018 ਤੋਂ ਲਾਗੂ ਕੀਤਾ ਜਾਵੇਗਾ। ਬਦਲੀ ਨੀਤੀ ਵਿੱਚ ਅੰਕਿਤ ਕੀਤਾ ਗਿਆ ਹੈ ਕਿ ਇਸ ਵਰ੍ਹੇ ਬਦਲੀਆਂ ਦੌਰਾਨ 50 ਸਾਲ ਤੋਂ ਘੱਟ ਉਮਰ ਦੇ ਪੁਰਸ਼ ਅਧਿਆਪਕ ਨੂੰ ਲੜਕੀਆਂ ਦੇ ਸਕੂਲ ਵਿੱਚ ਨਹੀਂ ਬਦਲਿਆ ਜਾਵੇਗਾ ਅਤੇ ਸਿਰਫ਼ 50 ਸਾਲ ਦੀ ਉਮਰ ਤੋਂ ਵੱਧ ਦੇ ਪੁਰਸ਼ ਅਧਿਆਪਕ ਹੀ ਲੜਕੀਆਂ ਦੇ ਸਕੂਲਾਂ ਵਿੱਚ ਲਾਏ ਜਾਣਗੇ।
ਸੂਤਰਾਂ ਅਨੁਸਾਰ ਪਹਿਲਾਂ ਲੜਕੀਆਂ ਦੇ ਸਕੂਲਾਂ ਵਿੱਚ ਪੜ੍ਹਾ ਰਹੇ 50 ਸਾਲ ਤੋਂ ਘੱਟ ਉਮਰ ਦੇ ਅਧਿਆਪਕਾਂ ਉਪਰ ਫਿਲਹਾਲ ਇਹ ਤਜਵੀਜ਼ ਲਾਗੂ ਨਾ ਕਰਨ ਦਾ ਫ਼ੈਸਲਾ ਲਿਆ ਹੈ, ਪਰ ਭਵਿੱਖ ਵਿੱਚ 50 ਸਾਲ ਤੋਂ ਘੱਟ ਉਮਰ ਦੇ ਪੁਰਸ਼ ਅਧਿਆਪਕ ਲੜਕੀਆਂ ਦੇ ਸਕੂਲਾਂ ਵਿੱਚ ਨਹੀਂ ਲਾਏ ਜਾਣਗੇ। ਸੂਤਰਾਂ ਅਨੁਸਾਰ ਉੱਚ ਪੱਧਰ ‘ਤੇ ਇਸ ਮੱਦ ਨੂੰ ਬਹੁਤੀ ਤਰਜੀਹ ਨਾ ਦੇਣ ਦੀ ਚਰਚਾ ਵੀ ਹੋ ਰਹੀ ਹੈ ਅਤੇ ਇਤਰਾਜ਼ ਹਾਸਲ ਹੋਣ ਤੋਂ ਬਾਅਦ ਇਸ ਉਪਰ ਮੁੜ ਵਿਚਾਰ ਵੀ ਹੋ ਸਕਦਾ ਹੈ।
ਇਸ ਨੀਤੀ ਮੁਤਾਬਕ ਕੋਈ ਵੀ ਅਧਿਆਪਕ ਸਾਲ ਵਿੱਚ ਸਿਰਫ਼ ਇੱਕੋ ਵਾਰ ਬਦਲੀ ਕਰਵਾ ਸਕੇਗਾ। ਇਸ ਵਾਰ ਬਦਲੀਆਂ ਲਈ ਸੂਬੇ ਵਿੱਚ 5 ਜ਼ੋਨ ਬਣਾਏ ਗਏ ਹਨ। ਇੱਕੋ ਜ਼ੋਨ ਜਾਂ ਸਕੂਲ ਵਿੱਚ ਨਿਰੰਤਰ ਸੱਤ ਸਾਲਾਂ ਤੋਂ ਤਾਇਨਾਤ ਅਧਿਆਪਕਾਂ ਦੀਆਂ ਬਦਲੀਆਂ ਕੀਤੀਆਂ ਜਾ ਸਕਦੀਆਂ ਹਨ ਅਤੇ ਅਜਿਹੇ ਅਧਿਆਪਕ ਮੁੜ ਉਸੇ ਜ਼ੋਨ ਵਿੱਚ ਬਦਲੀ ਕਰਵਾਉਣ ਲਈ ਅਰਜ਼ੀ ਨਹੀਂ ਦੇ ਸਕਣਗੇ। ਬਦਲੀ ਕਰਵਾਉਣ ਲਈ ਮੌਜੂਦਾ ਸਕੂਲ ਦੀ ਠਹਿਰ ਘੱਟੋ-ਘੱਟ ਤਿੰਨ ਸਾਲ ਹੋਣੀ ਲਾਜ਼ਮੀ ਹੈ। ਮਹਿਲਾਵਾਂ, ਵਿਧਵਾਵਾਂ ਅਤੇ ਹੋਰ ਬਿਮਾਰ ਅਧਿਆਪਕਾਂ ਨੂੰ ਕਈ ਛੋਟਾਂ ਦਿੱਤੀਆਂ ਗਈਆਂ ਹਨ। ਨੀਤੀ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਜਿਹੜੇ ਅਧਿਆਪਕ ਬਿਨਾਂ ਲੋੜੀਂਦੇ ਕੰਮ ਦੇ ਸਕੂਲਾਂ ਵਿੱਚ ਬੈਠੇ ਹਨ, ਉਨ੍ਹਾਂ ਦੀ ਹਰ ਹਾਲ ਲੋੜੀਂਦੇ ਸਕੂਲਾਂ ਵਿੱਚ ਬਦਲੀਆਂ ਕੀਤੀਆਂ ਜਾਣਗੀਆਂ। ਇਹ ਸਾਰੀ ਪ੍ਰਕਿਰਿਆ ਨਿਰਧਾਰਿਤ ਸਾਫਟਵੇਅਰ ਨਾਲ ਹੀ ਕੀਤੀ ਜਾਵੇਗੀ, ਪਰ 1 ਫ਼ੀਸਦੀ ਕੇਸਾਂ ਦੀ ਮੈਨੂਅਲ ਚੈਕਿੰਗ ਕੀਤੀ ਜਾਵੇਗੀ। ਇਸ ਨੀਤੀ ਤਹਿਤ ਹੋਣ ਵਾਲੀਆਂ ਬਦਲੀਆਂ ਦੇ ਹੁਕਮ 15 ਦਿਨਾਂ ਵਿੱਚ ਲਾਗੂ ਕੀਤੇ ਜਾਣਗੇ ਅਤੇ ਬਦਲੇ ਅਧਿਆਪਕਾਂ ਦੀ ਸੂਚਨਾ ਸਬੰਧਤ ਖ਼ਜ਼ਾਨਾ ਅਫ਼ਸਰ ਨੂੰ ਦੇ ਕੇ ਇਨ੍ਹਾਂ ਦੀਆਂ ਤਨਖ਼ਾਹਾਂ ਰਿਲੀਜ਼ ਨਾ ਕਰਨ ਦੇ ਆਦੇਸ਼ ਦਿੱਤੇ ਜਾਣਗੇ। ਅਨੁਸ਼ਾਸਨੀ ਆਧਾਰ ‘ਤੇ ਬਦਲੇ ਅਧਿਆਪਕਾਂ ਨੂੰ ਕਿਸੇ ਵੀ ਹਾਲਤ ਵਿੱਚ ਮੁੜ ਉਸੇ ਸਕੂਲ ‘ਚ ਨਿਯੁਕਤ ਨਹੀਂ ਕੀਤਾ ਜਾਵੇਗਾ।
ਅਧਿਆਪਕਾਂ ਦੇ ਸੁਝਾਵਾਂ ਅਨੁਸਾਰ ਨੀਤੀ ਨੂੰ ਅੰਤਿਮ ਰੂਪ ਦੇਵਾਂਗੇ : ਕ੍ਰਿਸ਼ਨ ਕੁਮਾਰ
ਸਿੱਖਿਆ ਸਕੱਤਰ ਸਕੂਲਜ਼ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਬਦਲੀਆਂ ਪਾਰਦਰਸ਼ੀ ਢੰਗ ਨਾਲ ਕਰਨ ਲਈ ਬਦਲੀ ਨੀਤੀ ਦਾ ਖਰੜਾ ਜਨਤਕ ਕਰ ਕੇ ਅਧਿਆਪਕਾਂ ਕੋਲੋਂ ਇਤਰਾਜ਼ ਮੰਗੇ ਹਨ। ਇਸ ਨੀਤੀ ਲਈ ਆਏ ਹਰੇਕ ਸੁਝਾਅ ਅਤੇ ਇਤਰਾਜ਼ ਨੂੰ ਘੋਖਣ ਉਪਰੰਤ ਹੀ ਇਸ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ।
ਸ਼ਰਮਨਾਕ : ਮਾਸਟਰਾਂ ਨੇ ਵਿਦਿਆਰਥਣ ਕੀਤੀ ਗਰਭਵਤੀ
ਜਗਰਾਉਂ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਨੱਥੋਵਾਲ ਵਿੱਚ ਬਾਰ੍ਹਵੀਂ ਜਮਾਤ ਵਿੱਚ ਪੜ੍ਹਦੀ ਵਿਦਿਆਰਥਣ ਨਾਲ ਉਸ ਦੇ ਹੀ ਅਧਿਆਪਕ ਵੱਲੋਂ ਬਲਾਤਕਾਰ ਕਰਨ ਅਤੇ ਗਰਭਵਤੀ ਹੋਣ ਉਪਰੰਤ ਗਰਭਪਾਤ ਕਰਵਾਉਣ ਦੇ ਲੱਗੇ ਦੋਸ਼ਾਂ ਤਹਿਤ ਅਧਿਆਪਕ ਅਤੇ ਉਸ ਦੇ ਸਾਥੀ ਕਾਰਜਕਾਰੀ ਪ੍ਰਿੰਸੀਪਲ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ।ਇਸ ਮਾਮਲੇ ਸਬੰਧੀ ਸੀਨੀਅਰ ਪੁਲਿਸ ਕਪਤਾਨ ਸੁਰਜੀਤ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕੁਝ ਦਿਨ ਪਹਿਲਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਨੱਥੋਵਾਲ ਦੇ ਆਰਜ਼ੀ ਅਧਿਆਪਕ ਹਰਜੀਤ ਸਿੰਘ ਵਾਸੀ ਗਿੱਲ ਪੱਤੀ, ਪਿੰਡ ਸੁਧਾਰ ਅਤੇ ਸਕੂਲ ਦੇ ਪ੍ਰਿੰਸੀਪਲ ਭਾਰਤ ਭੂਸ਼ਣ ਵਿਚਾਲੇ ਫੋਨ ‘ਤੇ ਹੋਈ ਗੱਲਬਾਤ ਦੀ ਆਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ। ਇਸ ਆਡੀਓ ਅਨੁਸਾਰ ਹਰਜੀਤ ਸਿੰਘ, ਜੋ ਕਿ ਪਹਿਲਾਂ ਨੱਥੋਵਾਲ ਸਕੂਲ ਵਿੱਚ ਆਰਜ਼ੀ ਤੌਰ ‘ਤੇ ਪੜ੍ਹਾਉਂਦਾ ਸੀ, ਨੇ ਇਸੇ ਸਕੂਲ ਵਿੱਚ ਬਾਰ੍ਹਵੀਂ ਜਮਾਤ ਵਿੱਚ ਪੜ੍ਹਦੀ ਇੱਕ ਵਿਦਿਆਰਥਣ ਨਾਲ ਸਰੀਰਕ ਸਬੰਧ ਬਣਾਏ। ਲੜਕੀ ਗਰਭਵਤੀ ਹੋ ਗਈ ਤਾਂ ਇਨ੍ਹਾਂ ਦੋਹਾਂ ਨੇ ਡਰਾ-ਧਮਕਾ ਕੇ ਅਤੇ ਉਸ ਦੇ ਮਾਪਿਆਂ ਨੂੰ ਭਰੋਸੇ ਵਿੱਚ ਲਏ ਬਿਨਾ ਗਰਭਪਾਤ ਕਰਵਾ ਦਿੱਤਾ। ਇਸ ਦਾ ਪਤਾ ਸਾਥੀ ਅਧਿਆਪਕਾਂ ਨੂੰ ਵੀ ਲੱਗ ਗਿਆ ਪਰ ਬਦਨਾਮੀ ਦੇ ਡਰੋਂ ਇਸ ਗੱਲ ਨੂੰ ਦਬਾ ਦਿੱਤਾ ਗਿਆ। ਮਾਮਲੇ ਦੀ ਭਿਣਕ ਪੁਲਿਸ ਨੂੰ ਲੱਗੀ ਤਾਂ ਸੀਨੀਅਰ ਪੁਲਿਸ ਅਧਿਕਾਰੀ ਦੇ ਹੁਕਮਾਂ ‘ਤੇ ਇੰਸਪੈਕਟਰ ਰੁਪਿੰਦਰ ਕੌਰ ਨੇ ਪਿੰਡ ਨੱਥੋਵਾਲ ਦੇ ਸਾਬਕਾ ਸਰਪੰਚ ਕਿਰਪਾਲ ਸਿੰਘ ਅਤੇ ਲੜਕੀ ਦੇ ਮਾਪਿਆਂ ਨਾਲ ਰਾਬਤਾ ਬਣਾਇਆ। ਉਨ੍ਹਾਂ ਨੇ ਉਪ ਮੰਡਲ ਜਗਰਾਉਂ ਪੁੱਜਕੇ ਨਾਇਬ ਤਹਿਸੀਲਦਾਰ ਮਨਮੋਹਨ ਕੌਸ਼ਕ ਕੋਲ ਲੜਕੀ ਦੇ ਬਿਆਨ ਦਰਜ ਕਰਵਾਏ, ਜਿਸ ਦੇ ਆਧਾਰ ‘ਤੇ ਪੁਲਿਸ ਨੇ ਹਰਜੀਤ ਸਿੰਘ ਅਤੇ ਭਾਰਤ ਭੂਸ਼ਣ ਨੂੰ ਹਿਰਾਸਤ ਵਿੱਚ ਲੈ ਕੇ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ। ਦੱਸਣਯੋਗ ਹੈ ਕਿ ਇਸੇ ਦੌਰਾਨ ਹਰਜੀਤ ਸਿੰਘ ਨੇ ਆਪਣਾ ਤਬਾਦਲਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਣੂੰਕੇ ਕਰਵਾ ਲਿਆ ਸੀ। ਪੁਲਿਸ ਅਧਿਕਾਰੀ ਸੁਰਜੀਤ ਸਿੰਘ ਨੇ ਦੱਸਿਆ ਕਿ 17 ਸਾਲਾਂ ਲੜਕੀ ਨੂੰ ਗੁੰਮਰਾਹ ਕਰਨ ਵਾਲੇ ਅਧਿਆਪਕ ਦਾ ਅਦਾਲਤ ਵਿੱਚ ਪੇਸ਼ ਕਰਨ ਉਪਰੰਤ ਹੋਰ ਪੁੱਛ-ਪੜਤਾਲ ਲਈ ਰਿਮਾਂਡ ਹਾਸਲ ਕੀਤਾ ਜਾਵੇਗਾ।
ਵਿਧਾਇਕ ਨੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਮੰਗੀ
ਰਾਏਕੋਟ : ਰਾਏਕੋਟ ਦੇ ਵਿਧਾਇਕ ਜਗਤਾਰ ਸਿੰਘ ਹਿੱਸੋਵਾਲ ਨੇ ਪਿੰਡ ਨੱਥੋਵਾਲ ਦੇ ਸ਼ਹੀਦ ਕੁਲਦੀਪ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੁੱਜ ਕੇ ਪਿੰਡ ਵਾਸੀਆਂ ਤੇ ਅਧਿਆਪਕਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਜ਼ਿਲ੍ਹਾ ਪੁਲਿਸ ਮੁਖੀ ਨੂੰ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪੀੜਤਾਂ ਨੂੰ ਇਸ ਮਾਮਲੇ ‘ਚ ਪੂਰਾ ਇਨਸਾਫ ਦਿਵਾਇਆ ਜਾਵੇ।

Check Also

ਵੱਡੀ ਗਿਣਤੀ ‘ਚ ਸਟੂਡੈਂਟ ਸਟੱਡੀ ਵੀਜ਼ਾ ਦੇ ਨਾਮ ‘ਤੇ ਕੈਨੇਡਾ ਦੀ ਪੀਆਰ ਦਾ ਲੈਂਦੇ ਹਨ ਸੁਪਨਾ

ਸਟੱਡੀ ਪਰਮਿਟ ਕੈਨੇਡਾ ‘ਚ ਪੀਆਰ ਦੀ ਗਾਰੰਟੀ ਨਹੀਂ : ਮਾਰਕ ਮਿੱਲਰ ਇੰਟਰਨੈਸ਼ਨਲ ਸਟੂਡੈਂਟ ਨੂੰ ਇਸ …