ਅੰਮ੍ਰਿਤਸਰ/ਬਿਊਰੋ ਨਿਊਜ਼ : ਐਚ ਐਸ ਫੂਲਕਾ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਸੇਵਾ ਕਰਕੇ ਆਪਣੀ ਭੁੱਲ ਬਖਸ਼ਾ ਲਈ ਜਦੋਂਕਿ ਪਾਰਟੀ ਪ੍ਰਮੁੱਖ ਦੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 18 ਜੁਲਾਈ ਨੂੰ ਮੁਆਫ਼ੀ ਮੰਗਣ ਅਤੇ ਦਰਬਾਰ ਸਾਹਿਬ ‘ਚ ਸੇਵਾ ਕਰਨ ਲਈ ਅੰਮ੍ਰਿਤਸਰ ਪਹੁੰਚ ਰਹੇ ਹਨ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਐਡਵੋਕੇਟ ਐਚ.ਐਸ. ਫੂਲਕਾ ਨੇ ਐਤਵਾਰ ਸਵੇਰੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਰਾਮ ਦਾਸ ਲੰਗਰ ਵਿੱਚ ਭਾਂਡਿਆਂ ਅਤੇ ਬਾਅਦ ਵਿੱਚ ਜੋੜਾ ਘਰ ਵਿੱਚ ਸੇਵਾ ਕੀਤੀ। ਉਨ੍ਹਾਂ ਸਵੇਰੇ ਤਿੰਨ ਤੋਂ ਪੰਜ ਵਜੇ ਤੱਕ ਲੰਗਰ ਘਰ ਵਿੱਚ ਸੇਵਾ ਕੀਤੀ। ਮਗਰੋਂ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਨੇੜੇ ਜੋੜਾ ਘਰ ਵਿੱਚ ਸਾਢੇ 11 ਤੋਂ ਸਾਢੇ 12 ਵਜੇ ਤੱਕ ਸੇਵਾ ਨਿਭਾਈ। ਇਸ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪਾਰਟੀ ਵੱਲੋਂ ‘ਯੂਥ ਮੈਨੀਫੈਸਟੋ’ ਮੌਕੇ ਹੋਈ ਗ਼ਲਤੀ ਲਈ ਮੁਆਫ਼ੀ ਮੰਗੀ ਅਤੇ ਅਰਦਾਸ ਕੀਤੀ। ਫੂਲਕਾ ਨੇ ਭਾਵੇਂ ਸੋਸ਼ਲ ਮੀਡੀਆ ‘ਤੇ ‘ਆਪ’ ਵਾਲੰਟੀਅਰਾਂ ਨੂੰ ਇਸ ਮੌਕੇ ਉਨ੍ਹਾਂ ਨਾਲ ਸੇਵਾ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਸੀ ਪਰ ਸਥਾਨਕ ਵਰਕਰ ਹੀ ਪੁੱਜੇ ਹੋਏ ਸਨ। ਇਸ ਤੋਂ ਪਹਿਲਾਂ ਇਹ ਉਮੀਦ ਸੀ ਕਿ ਪੰਜਾਬ ਮਾਮਲਿਆਂ ਦੇ ਇੰਚਾਰਜ ਸੰਜੈ ਸਿੰਘ, ਪੰਜਾਬ ਡਾਇਲਾਗ ਕਮੇਟੀ ਦੇ ਮੁਖੀ ਕੰਵਰ ਸੰਧੂ ਅਤੇ ਉਨ੍ਹਾਂ ਦੀ ਟੀਮ, ਜਿਨ੍ਹਾਂ ਨੇ ‘ਯੂਥ ਮੈਨੀਫੈਸਟੋ’ ਤਿਆਰ ਕੀਤਾ ਸੀ, ਦੇ ਹਰਿਮੰਦਰ ਸਾਹਿਬ ਪੁੱਜ ਕੇ ਸੇਵਾ ਕਰਨ ਅਤੇ ਮੁਆਫੀ ਮੰਗਣ ਦੀ ਚਰਚਾ ਸੀ ਪਰ ਉਹ ਨਹੀਂ ਆਏ। ਸੇਵਾ ਨਿਭਾਉਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਫੂਲਕਾ ਨੇ ਕਿਹਾ ਕਿ ਉਨ੍ਹਾਂ ਦਾ ਮੰਤਵ ਪਾਰਟੀ ਤੋਂ ਅਣਜਾਣੇ ਵਿੱਚ ਹੋਈ ਗਲਤੀ ਦੀ ਮੁਆਫੀ ਮੰਗ ਕੇ ਭੁੱਲ ਬਖਸ਼ਾਉਣਾ ਸੀ। ਮੈਨੀਫੈਸਟੋ ‘ਤੇ ਹਰਿਮੰਦਰ ਸਾਹਿਬ ਦੀ ਤਸਵੀਰ ਨਾਲ ਪਾਰਟੀ ਦੇ ਚੋਣ ਨਿਸ਼ਾਨ ‘ਝਾੜੂ’ ਛਾਪੇ ਜਾਣ ਦੀ ਗਲਤੀ ਅਣਜਾਣੇ ਵਿੱਚ ਪੰਜਾਬ ਟੀਮ ਵੱਲੋਂ ਹੋਈ ਹੈ, ਜਿਸ ਵਿੱਚ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਕੋਈ ਕਸੂਰ ਨਹੀਂ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਕੇਜਰੀਵਾਲ ਦਾ ਅਸਤੀਫਾ ਮੰਗੇ ਜਾਣ ‘ਤੇ ਉਨ੍ਹਾਂ ਕਿਹਾ ਕਿ ਜਦੋਂ ਲੋਕ ਸਭਾ ਚੋਣਾਂ ਦੌਰਾਨ ਇਕ ਰੈਲੀ ਵਿੱਚ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਗੁਰਬਾਣੀ ਦੀਆਂ ਤੁਕਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਸੀ ਤਾਂ ਉਸ ਵੇਲੇ ਮੁੱਖ ਮੰਤਰੀ ਨੇ ਅਸਤੀਫਾ ਕਿਉਂ ਨਹੀਂ ਸੀ ਦਿੱਤਾ? ਉਨ੍ਹਾਂ ਕਿਹਾ, ‘ਅਸੀਂ ਆਪਣੀ ਗ਼ਲਤੀ ਮੰਨ ਲਈ ਹੈ ਅਤੇ ਹਰਿਮੰਦਰ ਸਾਹਿਬ ਵਿੱਚ ਜਾ ਕੇ ਮੁਆਫ਼ੀ ਮੰਗ ਲਈ ਹੈ। ਫਿਰ ਕਿਉਂ ਇਸ ਨੂੰ ਸਿਆਸੀ ਰੰਗਤ ਦਿੱਤੀ ਜਾ ਰਹੀ ਹੈ।’
ਉਨ੍ਹਾਂ ਕਿਹਾ ਕਿ ਬਾਦਲ ਨੂੰ ਫਖ਼ਰ-ਏ-ਕੌਮ ਖਿਤਾਬ ਮਿਲਿਆ ਹੈ। ਇਸ ਖ਼ਿਤਾਬ ਦੀ ਪਵਿੱਤਰਤਾ ਕਾਇਮ ਰੱਖਣ ਲਈ ਉਹ ਦੋਗਲੀ ਨੀਤੀ ਅਪਣਾਉਣ ਤੋਂ ਗੁਰੇਜ਼ ਕਰਨ। ਉਨ੍ਹਾਂ ਕਿਹਾ ਕਿ ਪਾਰਟੀ ਦੇ ਬੁਲਾਰੇ ਆਸ਼ੀਸ਼ ਖੇਤਾਨ ਨੇ ਅਣਜਾਣੇ ‘ਚ ਮੈਨੀਫੈਸਟੋ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਕੀਤੀ ਤੁਲਨਾ ਬਾਰੇ ਵੀ ਮੁਆਫ਼ੀ ਮੰਗ ਲਈ ਹੈ। ਕੀ ਕੇਜਰੀਵਾਲ 18 ਜੁਲਾਈ ਨੂੰ ਹਰਿਮੰਦਰ ਸਾਹਿਬ ਆ ਕੇ ਸੇਵਾ ਕਰਨ ਸਮੇਂ ਮੁਆਫੀ ਮੰਗਣਗੇ ਬਾਰੇ ਫੂਲਕਾ ਨੇ ਕਿਹਾ, ‘ਮੇਰੀ ਜਾਣਕਾਰੀ ਅਨੁਸਾਰ ਉਹ ਕੇਵਲ ਇਥੇ ਸ਼ਰਧਾ ਨਾਲ ਸੇਵਾ ਕਰਨ ਆ ਰਹੇ ਹਨ।’
Check Also
ਕੈਨੇਡਾ ‘ਚ ਪੱਕੇ ਹੋਣ ਦਾ LMIA ਵਾਲਾ ਰਾਹ ਵੀ ਹੋਵੇਗਾ ਬੰਦ
ਪੱਕੀ ਰਿਹਾਇਸ਼ ਲਈ LMIA ਦੀ ਵੱਡੇ ਪੱਧਰ ‘ਤੇ ਹੋ ਰਹੀ ਦੁਰਵਰਤੋਂ : ਮਾਰਕ ਮਿੱਲਰ ਟੋਰਾਂਟੋ/ਬਿਊਰੋ …