Breaking News
Home / ਹਫ਼ਤਾਵਾਰੀ ਫੇਰੀ / ਕੈਨੇਡਾ ਦੇ 150ਵੇਂ ਸਥਾਪਨਾ ਦਿਵਸ ਮੌਕੇ ਅਦਾਰਾ ‘ਪਰਵਾਸੀ’ ਨੇ ਵੀ ਸਥਾਪਤ ਕੀਤਾ ਇਕ ਹੋਰ ਮੀਲ ਪੱਥਰ

ਕੈਨੇਡਾ ਦੇ 150ਵੇਂ ਸਥਾਪਨਾ ਦਿਵਸ ਮੌਕੇ ਅਦਾਰਾ ‘ਪਰਵਾਸੀ’ ਨੇ ਵੀ ਸਥਾਪਤ ਕੀਤਾ ਇਕ ਹੋਰ ਮੀਲ ਪੱਥਰ

‘ਦਾ ਕੈਨੇਡੀਅਨ ਪਰਵਾਸੀ’
ਅੰਗਰੇਜ਼ੀ ਅਖ਼ਬਾਰ ਸ਼ੁਰੂ
ਕੈਨੇਡਾ ਦੇ 150ਵੇਂ ਜਨਮ ਦਿਨ  ‘ਤੇ ‘ਦਾ ਕੈਨੇਡੀਅਨ ਪਰਵਾਸੀ’  ਦਾ ਵੀ ਹੋਇਆ ਜਨਮ
ਮਿੱਸੀਸਾਗਾ/ਪਰਵਾਸੀ ਬਿਊਰੋ
ਉਸ ਸਮੇਂ ਜਦੋਂ ਸਮੁੱਚੇ ਕੈਨੇਡਾ ਮੁਲਕ ਵਿੱਚ ਲੋਕ ਆਪਣੇ ਦੇਸ਼ ਦੇ 150ਵੇਂ ਜਨਮ ਦਿਨ ਦੇ ਜਸ਼ਨ ਮਨਾ ਰਹੇ ਹਨ, ਉਸੇ ਸਮੇਂ ਅਦਾਰਾ ਪਰਵਾਸੀ ਵੱਲੋਂ ਇਕ ਹੋਰ ਵੱਡੀ ਪਹਿਲ ਕਰਦਿਆਂ ‘ਦਾ ਕੈਨੇਡੀਅਨ ਪਰਵਾਸੀ’ ਨਾਮਕ ਅੰਗਰੇਜ਼ੀ ਹਫਤਾਵਾਰੀ ਅਖ਼ਬਾਰ ਦੀ ਨੂੰ ਜਨਮ ਦਿੱਤਾ ਗਿਆ ਹੈ।
ਲੰਘੇ ਐਤਵਾਰ ਨੂੰ ਕੈਨੇਡਾ ਦੇ ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਮੰਤਰੀ ਸ਼੍ਰੀ ਅਹਿਮਦ ਹੁਸੈਨ ਦੇ ਕਰ-ਕਮਲਾਂ ਨਾਲ ਇਸ ਨੂੰ ਲੋਕ ਅਰਪਣ ਕੀਤਾ ਗਿਆ। ਉਨ੍ਹਾਂ ਅਦਾਰਾ ਪਰਵਾਸੀ ਦੇ ਮੁਖੀ ਰਜਿੰਦਰ ਸੈਣੀ ਹੋਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਕੈਨੇਡਾ ਵਿੱਚ ਆ ਕੇ ਨਾ ਸਿਰਫ਼ ਇੰਮੀਗ੍ਰੈਂਟ ਭਾਈਚਾਰੇ ਲਈ ਇਕ ਮਿਆਰੀ ਅਤੇ ਖੋਜੀ ਮੀਡੀਏ ਦੀ ਸਥਾਪਨਾ ਕਰਕੇ ਇਕ ਮਿਸਾਲ ਕਾਇਮ ਕੀਤੀ ਬਲਕਿ ਕਈ ਲੋਕਾਂ ਲਈ ਰੋਜ਼ਗਾਰ ਵੀ ਪੈਦਾ ਕੀਤਾ।
ਉਨ੍ਹਾਂ ਨਾਲ ਹੀ ਕੈਨੇਡਾ ਦੇ ਮੂਲ ਵਸਨੀਕਾਂ ਨੂੰ ਯਾਦ ਕਰਦਿਆਂ ਕਿਹਾ ਕਿ ਸਾਨੂੰ ਇਹ ਕਤਈ ਨਹੀਂ ਭੁੱਲਣਾ ਚਾਹੀਦਾ ਕਿ ਅਸਲ ਵਿੱਚ ਤਾਂ ਉਹੀ ਲੋਕ ਕੈਨੇਡਾ ਦੇ ਮੂਲ ਵਾਸੀ ਹਨ, ਜਦਕਿ ਬਾਕੀ ਸੱਭ ਲੋਕ ਤਾਂ ਇੰਮੀਗ੍ਰੈਂਟ ਹੀ ਹਨ।
ਵਰਨਣਯੋਗ ਹੈ ਕਿ ਸ਼੍ਰੀ ਅਹਿਮਦ ਹੂਸੈਣ ਖੁਦ ਵੀ ਅਜੇ ਕੁਝ ਸਾਲ ਪਹਿਲਾਂ ਇਕ ਸੋਮਾਲੀਆ ਤੋਂ ਇਕ ਇੰਮੀਗ੍ਰੈਂਟ ਵੱਜੋਂ ਆਏ ਸਨ ਅਤੇ ਪੇਸ਼ੇ ਵੱਜੋਂ ਵਕੀਲ ਹਨ। ਉਹਨਾਂ ਨੂੰ ਖੁਦ ਨੂੰ ਵੀ ਕੈਨੇਡਾ ਆਉਣ ਲਈ 6 ਸਾਲ ਦਾ ਇੰਤਜ਼ਾਰ ਕਰਨਾ ਪਿਆ ਸੀ।  ਇਸ ਮੌਕੇ ‘ਤੇ ਜਿੱਥੇ ਪੰਜਾਬੀ ਅਤੇ ਭਾਰਤੀ ਭਾਈਚਾਰੇ ਦੀਆਂ ਕਈ ਨਾਮਵਰ ਹਸਤੀਆਂ ਮੌਜੂਦ ਸਨ, ਉਥੇ ਮੈਂਬਰ ਪਾਰਲੀਮੈਂਟ ਰਮੇਸ਼ਵਰ ਸੰਘਾ ਅਤੇ ਸੋਨੀਆ ਸਿੱਧੂ, ਐਮਪੀਪੀ ਵਿੱਕ ਢਿੱਲੋਂ,  ਹਰਿੰਦਰ ਮੱਲ੍ਹੀ ਤੇ ਜਗਮੀਤ ਸਿੰਘ,  ਬਰੈਂਪਟਨ ਦੀ ਮੇਅਰ ਲਿੰਡਾ ਜੈਫਰੀ, ਕਾਊਂਸਲਰ ਗੁਰਪ੍ਰੀਤ ਢਿੱਲੋਂ, ਸਕੂਲ ਟਰੱਸਟੀ ਹਰਕੀਰਤ ਸਿੰਘ, ਪੀਲ ਪੁਲਿਸ ਬੋਰਡ ਦੇ ਚੇਅਰ ਅਮਰੀਕ ਸਿੰਘ ਆਹਲੂਵਾਲੀਆ ਵੀ ਵਿਸ਼ੇਸ਼ ਤੌਰ ‘ਤੇ ਪਹੁੰਚੇ। ਜ਼ਿਕਰਯੋਗ ਹੈ ਕਿ ਇਨ੍ਹੀਂ ਦਿਨੀਂ ਕੈਨੇਡਾ ਦਾ ਦੌਰਾ ਕਰ ਰਹੇ ਪ੍ਰਸਿੱਧ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵੀ ਇਸ ਸਮਾਗਮ ਵਿਚ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ।

Check Also

ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ

ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …