ਡੇਢ ਕੁ ਮਹੀਨੇ ‘ਚ 32,500 ਉਮੀਦਵਾਰਾਂ ਨੂੰ ਮਿਲਿਆ ਪੀ.ਆਰ. ਅਪਲਾਈ ਕਰਨ ਦਾ ਮੌਕਾ
ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ਦੇ ਅੰਕੜਾ ਵਿਭਾਗ ਦੀ ਤਾਜ਼ਾ ਰਿਪੋਰਟ ਅਨੁਸਾਰ ਦੇਸ਼ ਦੀ ਆਬਾਦੀ ਵਿਚ ਤੇਜ਼ੀ ਨਾਲ ਘਾਟਾ ਦਰਜ ਕੀਤਾ ਜਾ ਰਿਹਾ ਹੈ, ਜਿਸ ਲਈ ਵਿਦੇਸ਼ੀਆਂ ਵਲੋਂ ਦੇਸ਼ ਛੱਡ ਕੇ ਜਾਣ, ਵਿਦੇਸ਼ਾਂ ਤੋਂ ਨਵੇਂ ਲੋਕਾਂ ਦੇ ਆਉਣ ਦੀ ਗਿਣਤੀ ਘਟਣ ਅਤੇ ਦੇਸ਼ ਵਿਚ ਜਨਮ ਦਰ ਦਾ ਘੱਟ ਹੋਣਾ ਮੁੱਖ ਕਾਰਨ ਦੱਸੇ ਗਏ ਹਨ।
ਇਸੇ ਦੌਰਾਨ ਇਮੀਗਰੇਸ਼ਨ ਵਿਭਾਗ ਵਲੋਂ ਐਕਸਪ੍ਰੈਸ ਐਂਟਰੀ ਸਿਸਟਮ ਦੇ ਪੂਲ ਵਿਚੋਂ ਡਰਾਅ ਕੱਢੇ ਜਾ ਰਹੇ ਹਨ ਅਤੇ ਬੀਤੇ ਡੇਢ ਕੁ ਮਹੀਨੇ ਵਿਚ (9 ਨਵੰਬਰ ਤੋਂ 17 ਦਸੰਬਰ ਤੱਕ) ਕੱਢੇ ਗਏ ਵੱਖ-ਵੱਖ 12 ਡਰਾਅ ਵਿਚ 32,512 ਉਮੀਦਵਾਰਾਂ ਨੂੰ ਕੈਨੇਡਾ ਦੀ ਪਰਮਾਨੈਂਟ ਰੈਜ਼ੀਡੈਂਸੀ (ਪੀ.ਆਰ.) ਅਪਲਾਈ ਕਰਨ ਦਾ ਮੌਕਾ ਮਿਲਿਆ। ਉਨ੍ਹਾਂ ਵਿਚ ਕੈਨੇਡੀਅਨ ਐਕਸਪੀਰੀਐਂਸ ਕਲਾਸ (ਸੀਈਸੀ), ਪ੍ਰੋਵਿੰਸ਼ੀਅਲ ਨਾਮੀਨੀ ਪ੍ਰੋਗਰਾਮ (ਪੀਐਨਪੀ), ਹੈਲਥ ਕੇਅਰ ਐਂਡ ਸੋਸ਼ਲ ਸਰਵਿਸਜ਼ ਅਤੇ ਫਰੈਂਚ ਭਾਸ਼ਾ ਦੀ ਮੁਹਾਰਤ ਰੱਖਣ ਵਾਲੇ ਉਮੀਦਵਾਰ ਸ਼ਾਮਲ ਸਨ। ਇਹ ਵੀ ਕਿ ਉਚੇ ਕੰਪਰੀਹੈਂਸਿਵ ਰੈਂਕਿੰਗ ਸਕੋਰ (ਸੀ.ਆਰ.ਐਸ.) ਸਕੋਰ (501 ਤੋਂ 1200 ਦੇ ਸਕੋਰ) ਦੇ 4900 ਤੋਂ ਵਧ ਕੇ ਉਮੀਦਾਰਾਂ ਦੇ ਐਕਸਪ੍ਰੈਸ ਐਂਟਰੀ ਵਿਚੋਂ ਡਰਾਅ ਨਿਕਲਣ ਬਾਅਦ ਹੁਣ ਨੀਵੇਂ ਸਕੋਰ ਵਾਲੇ ਉਮੀਦਵਾਰਾਂ ਦੇ ਡਰਾਅ ਨਿਕਲਣ ਦੀ ਸੰਭਾਵਨਾ ਵਧ ਗਈ ਹੈ। ਅਜੇ ਇਕ ਮਹੀਨਾ ਪਹਿਲਾਂ ਉਚੇ ਸਕੋਰ ਵਾਲੇ ਉਮੀਦਵਾਰਾਂ ਦੀ ਕੁੱਲ ਗਿਣਤੀ 27,110 ਦੱਸੀ ਗਈ ਸੀ।
ਐਕਸਪ੍ਰੈਸ ਐਂਟਰੀ ਸਿਸਟਮ ਵਿਚ ਇਸ ਸਮੇਂ ਕੁੱਲ ਪ੍ਰੋਫਾਈਲ ਬਣਾ ਕੇ ਆਪਣਾ ਡਰਾਅ ਨਿਕਲਣ ਦੀ ਇੰਤਜ਼ਾਰ ਕਰ ਰਹੇ ਉਮੀਦਵਾਰਾਂ ਦੀ ਗਿਣਤੀ 2,37,300 ਦੇ ਕਰੀਬ ਹੈ। ਉਨ੍ਹਾਂ ਵਿਚ ਸਭ ਤੋਂ ਵੱਧ ਉਮੀਦਵਾਰ 52,574, ਅਜਿਹੇ ਹਨ ਜਿਨ੍ਹਾਂ ਦਾ ਸੀ.ਆਰ.ਐਸ. ਸਕੋਰ 351 ਤੋਂ 400 ਦੇ ਵਿਚਕਾਰ ਹੈ ਅਤੇ ਉਨ੍ਹਾਂ ਉਮੀਦਵਾਰਾਂ ਵਿਚ 9 ਨਵੰਬਰ ਤੋਂ 214 ਉਮੀਦਵਾਰਾਂ ਦਾ ਵਾਧਾ ਹੋਇਆ ਹੈ। 501 ਤੋਂ 600 ਸਕੋਰ ਵਾਲੇ ਉਮੀਦਵਾਰਾਂ ਦੀ ਗਿਣਤੀ 21,792 ਹੈ ਅਤੇ 601 ਤੋਂ 1200 ਸਕੋਰ ਵਾਲੇ ਉਮੀਦਵਾਰ 390 ਹਨ। ਅਗਲੇ ਸਾਲ ਨਿਕਲਣ ਵਾਲੇ ਡਰਾਅ ਵਿਚ ਸੀ.ਈ.ਸੀ. ਉਮੀਦਵਾਰਾਂ ਨੂੰ ਵੱਧ ਮੌਕਾ ਮਿਲਣ ਦੀ ਸੰਭਾਵਨਾ ਹੈ।
ਇੰਮੀਗਰੇਸ਼ਨ ਮਾਹਿਰਾਂ ਦਾ ਮੰਨਣਾ ਹੈ ਕਿ ਕੈਨੇਡਾ ਵਿਚ ਪੱਕਾ ਵਾਸਾ ਕਰਨ ਦੇ ਚਾਹਵਾਨ ਵਿਦੇਸ਼ੀ ਨਾਗਰਿਕਤਾ ਵਾਲੇ ਉਮੀਦਵਾਰਾਂ ਨੂੰ ਆਪਣੇ ਸੀ.ਆਰ.ਐਸ. (ਨੀਵੇਂ) ਸਕੋਰ ਦਾ ਫਿਕਰ ਨਹੀਂ ਕਰਨਾ ਚਾਹੀਦਾ ਅਤੇ ਐਕਸਪ੍ਰੈਸ ਐਂਟਰੀ ਵਿਚ ਆਪਣਾ ਪ੍ਰੋਫਾਈਲ ਬਣਾ ਕੇ ਅੱਪਡੇਟ ਰੱਖਣਾ ਚਾਹੀਦਾ ਹੈ। ਇਸਦੇ ਨਾਲ ਹੀ ਕੈਨੇਡਾ ਸਰਕਾਰ ਵਲੋਂ ਵਰਕ ਪਰਮਿਟ ਧਾਰਕ ਵਿਦੇਸ਼ੀਆਂ ਨੂੰ ਪੀ.ਆਰ. ਦੇਣ ਲਈ ਵਿਸ਼ੇਸ਼ ਨੀਤੀ (ਟੀ.ਆਰ. ਟੂ ਪੀ.ਆਰ.) ਦਾ ਐਲਾਨ ਕੀਤੇ ਜਾਣ ਦੀ ਵੀ ਸੰਭਾਵਨਾ ਹੈ, ਜਿਸ ਵਿਚ ਪੜਾਅ ਵਾਰ 33000 ਦੇ ਕਰੀਬ ਵਿਦੇਸ਼ੀਆਂ ਨੂੰ ਪੱਕੀ ਇਮੀਗਰੇਸ਼ਨ ਮਿਲਣੀ ਹੈ। ਇਮੀਗਰੇਸ਼ਨ ਮੰਤਰਾਲੇ ਦੇ ਇਕ ਤਾਜ਼ਾ ਫੈਸਲੇ ਅਨੁਸਾਰ ਬੱਚਿਆਂ ਅਤੇ ਬਜ਼ੁਰਗਾਂ ਦੀ ਦੇਖਭਾਲ ਕਰਨ ਲਈ ਹੋਮ ਕੇਅਰ ਵਰਕ (ਨੈਨੀ) ਨੂੰ ਪੱਕੀ ਇਮੀਗਰੇਸ਼ਨ ਦੇਣ ਦੀ ਆਰਜ਼ੀ ਨੀਤੀ ਰੋਕੀ ਜਾ ਰਹੀ ਹੈ ਜੋ 2030 ਤੱਕ ਬਹਾਲ ਨਹੀਂ ਕੀਤੀ ਜਾਵੇਗੀ। ਇਸ ਕੈਟੇਗਰੀ ਵਿਚ 31 ਮਾਰਚ 2025 ਨੂੰ 1 ਸਾਲ ਵਾਸਤੇ 2750 ਅਰਜ਼ੀਆਂ ਲੈਣ ਲਈ ਖੋਲ੍ਹਿਆ ਗਿਆ ਅਤੇ ਪਹਿਲੇ ਦਿਨ ਵਿਚ ਹੀ 2750 ਅਰਜ਼ੀਆਂ ਪ੍ਰਾਪਤ ਹੋ ਗਈਆਂ ਸਨ।
ਇਸੇ ਦੌਰਾਨ ਕੈਨੇਡਾ ਦੇ ਆਰਥਿਕ ਅਤੇ ਰੋਜ਼ਗਾਰ ਦੇ ਹਾਲਤ ਡਾਵਾਂਡੋਲ ਹੋਣ, ਘਰਾਂ ਦੀ ਥੋੜ੍ਹ ਅਤੇ ਸਿਰੇ ਦੀ ਮਹਿੰਗਾਈ ਦੇ ਚੱਲਦਿਆਂ ਵੱਡੀ ਗਿਣਤੀ ਵਿਚ ਲੋਕਾਂ ਦਾ ਆਪਣੇ ਵਤਨਾਂ ਨੂੰ ਮੁੜਨ ਅਤੇ ਅਪਰਾਧਿਕ ਕੇਸਾਂ ਵਿਚ ਫਸਦੇ ਵਿਦੇਸ਼ੀਆਂ ਨੂੰ ਕੱਢੇ ਜਾਣ ਦਾ ਸਿਲਸਿਲਾ ਤੇਜ਼ੀ ਨਾਲ ਚੱਲ ਰਿਹਾ ਹੈ। 2025 ਦੇ ਬੀਤੇ 355 ਦਿਨਾਂ ਦੌਰਾਨ 19,000 ਦੇ ਕਰੀਬ ਵਿਦੇਸ਼ੀਆਂ ਨੂੰ ਕੈਨੇਡਾ ਵਿਚੋਂ ਫੜ ਕੇ ਕੱਢਿਆ ਗਿਆ ਹੈ।
ਕੈਨੇਡਾ ਦੀ ਐਕਸਪ੍ਰੈਸ ਐਂਟਰੀ ‘ਚ ਘੱਟ ਸਕੋਰ ਵਾਲੇ ਉਮੀਦਵਾਰਾਂ ਨੂੰ ਮੌਕਾ ਮਿਲਣਾ ਜਾਰੀ
RELATED ARTICLES

