23.7 C
Toronto
Sunday, September 28, 2025
spot_img
Homeਹਫ਼ਤਾਵਾਰੀ ਫੇਰੀਹੁਣ ਛੇਤੀ ਹੀ ਹੋ ਸਕਦੀਆਂ ਹਨ ਐਸਜੀਪੀਸੀ ਚੋਣਾਂ

ਹੁਣ ਛੇਤੀ ਹੀ ਹੋ ਸਕਦੀਆਂ ਹਨ ਐਸਜੀਪੀਸੀ ਚੋਣਾਂ

Image Courtesy :jagbani(punjabkesari)

ਐਸ ਐਸ ਸਾਰੋਂ ਨੂੰ ਗੁਰਦੁਆਰਾ ਚੋਣਾਂ ਲਈ ਚੀਫ ਕਮਿਸ਼ਨਰ ਕੀਤਾ ਨਿਯੁਕਤ
ਅੰਮ੍ਰਿਤਸਰ/ਬਿਊਰੋ ਨਿਊਜ਼ : ਕੇਂਦਰ ਸਰਕਾਰ ਵਲੋਂ ਗੁਰਦੁਆਰਾ ਚੋਣਾਂ ਵਾਸਤੇ ਮੁੱਖ ਗੁਰਦੁਆਰਾ ਚੋਣ ਕਮਿਸ਼ਨਰ ਵਜੋਂ ਜਸਟਿਸ ਐੱਸ.ਐੱਸ. ਸਾਰੋਂ (ਸੇਵਾ ਮੁਕਤ) ਦੀ ਨਵੀਂ ਨਿਯੁਕਤੀ ਨਾਲ ਸ਼੍ਰੋਮਣੀ ਕਮੇਟੀ ਦੀਆਂ ਲੰਮੇ ਸਮੇਂ ਤੋਂ ਬਕਾਇਆ ਆਮ ਚੋਣਾਂ ਹੁਣ ਜਲਦੀ ਹੋਣ ਦੀ ਸੰਭਾਵਨਾ ਬਣ ਗਈ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਜਸਟਿਸ ਸਾਰੋਂ ਦੀ ਨਿਯੁਕਤੀ ਸਬੰਧੀ ਹੁਕਮ ਜਾਰੀ ਕਰ ਦਿੱਤੇ ਹਨ। ਇਨ੍ਹਾਂ ਵਿੱਚ ਪਹਿਲਾਂ ਨਿਯੁਕਤ ਕੀਤੇ ਮੁੱਖ ਗੁਰਦੁਆਰਾ ਚੋਣ ਕਮਿਸ਼ਨਰ ਜਸਟਿਸ ਦਰਸ਼ਨ ਸਿੰਘ (ਸੇਵਾ ਮੁਕਤ) ਦੀ ਨਿਯੁਕਤੀ ਨੂੰ ਰੱਦ ਕਰਨ ਦੇ ਆਦੇਸ਼ ਵੀ ਸ਼ਾਮਲ ਹਨ। ਜਸਟਿਸ ਸਾਰੋਂ ਦੀ ਨਿਯੁਕਤੀ ਦੋ ਸਾਲਾਂ ਲਈ ਹੋਵੇਗੀ ਅਤੇ ਸੇਵਾ ਕਾਲ ਦਾ ਸਮਾਂ ਇਕ ਸਾਲ ਹੋਰ ਵਧਾਇਆ ਜਾ ਸਕਦਾ ਹੈ। ਇਸ ਨਵੀਂ ਨਿਯੁਕਤੀ ਨਾਲ ਸ਼੍ਰੋਮਣੀ ਕਮੇਟੀ ਦੀਆਂ ਬਕਾਇਆ ਆਮ ਚੋਣਾਂ ਜਲਦੀ ਹੋਣ ਦੀ ਸੰਭਾਵਨਾ ਬਣ ਗਈ ਹੈ। ਸ਼੍ਰੋਮਣੀ ਕਮੇਟੀ ਦੇ ਮੌਜੂਦਾ ਹਾਊਸ ਦਾ ਸਮਾਂ ਪੰਜ ਸਾਲ ਹੈ, ਪਰ ਇਹ ਚੋਣਾਂ ਨਾ ਹੋਣ ਕਾਰਨ 2011 ਤੋਂ ਚੁਣੇ ਹੋਏ ਨੁਮਾਇੰਦੇ ਹੀ ਪਿਛਲੇ ਲੰਮੇ ਸਮੇਂ ਤੋਂ ਸੇਵਾਵਾਂ ਨਿਭਾ ਰਹੇ ਹਨ। ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਸਤੰਬਰ 2011 ਵਿਚ ਹੋਈਆਂ ਸਨ ਅਤੇ ਚੁਣੇ ਗਏ ਹਾਊਸ ਦਾ ਕਾਰਜਕਾਲ ਪੰਜ ਸਾਲ ਦਾ ਸੀ, ਪਰ ਉਦੋਂ ਸਹਿਜਧਾਰੀ ਵੋਟਾਂ ਦੇ ਮਾਮਲੇ ਨੂੰ ਲੈ ਕੇ ਨਵੇਂ ਚੁਣੇ ਹਾਊਸ ਦਾ ਮਾਮਲਾ ਸੁਪਰੀਮ ਕੋਰਟ ਵਿੱਚ ਪਹੁੰਚ ਗਿਆ। ਅਦਾਲਤ ਵਲੋਂ ਫੈਸਲਾ ਹੋਣ ਤੱਕ ਪਿਛਲੇ ਹਾਊਸ ਨੂੰ ਹੀ ਕੰਮ ਕਰਨ ਦੀ ਆਗਿਆ ਦਿੱਤੀ ਗਈ ਸੀ। ਮੁੜ 2016 ਵਿੱਚ ਸੁਪਰੀਮ ਕੋਰਟ ਦੇ ਆਦੇਸ਼ਾਂ ਨਾਲ ਨਵੀਂ ਹੋਈ ਚੋਣ ਨੂੰ ਮਾਨਤਾ ਮਿਲੀ ਅਤੇ ਨਵਾਂ ਹਾਊਸ ਬਹਾਲ ਹੋਇਆ। ਪਰ ਇਸ ਦੌਰਾਨ ਪੰਜ ਸਾਲ ਦਾ ਸਮਾਂ ਲੰਘ ਚੁੱਕਾ ਸੀ। ਹੁਣ ਤੱਕ ਸ਼੍ਰੋਮਣੀ ਕਮੇਟੀ ਦੇ ਨਵੇਂ ਹਾਊਸ ਵਾਸਤੇ ਚੋਣਾਂ ਨਹੀਂ ਹੋਈਆਂ ਹਨ।

ਸ਼੍ਰੋਮਣੀ ਕਮੇਟੀ ਦੇ ਮੌਜੂਦਾ ਸਦਨ ਵਿਚ 170 ਮੈਂਬਰ ਚੁਣੇ ਹੋਏ ਅਤੇ 15 ਨਾਮਜ਼ਦ ਮੈਂਬਰ ਹਨ। ਪੰਜ ਤਖਤਾਂ ਦੇ ਜਥੇਦਾਰ ਵੀ ਇਸ ਹਾਊਸ ਦੇ ਮੈਂਬਰ ਹਨ। ਮੌਜੂਦਾ ਹਾਊਸ ਵਿਚੋਂ 18 ਮੈਂਬਰ ਅਕਾਲ ਚਲਾਣਾ ਕਰ ਚੁੱਕੇ ਹਨ ਅਤੇ ਦੋ ਮੈਂਬਰਾਂ ਨੇ ਅਸਤੀਫਾ ਦਿੱਤਾ ਹੈ। ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਜਲਦੀ ਕਰਾਉਣ ਵਾਸਤੇ ਵੱਖ-ਵੱਖ ਸਿੱਖ ਜਥੇਬੰਦੀਆਂ ਵਲੋਂ ਲੰਮੇ ਸਮੇਂ ਤੋਂ ਯਤਨ ਕੀਤੇ ਜਾ ਰਹੇ ਹਨ।

RELATED ARTICLES
POPULAR POSTS