ਅਗਸਤ 1928 ਤੋਂ ਫਰਵਰੀ 1929 ਤੱਕ ਭਗਤ ਸਿੰਘ ਇਥੋਂ ਹੀ ਚਲਾਉਂਦੇ ਸਨ ਕ੍ਰਾਂਤੀਕਾਰੀ ਗਤੀਵਿਧੀਆਂ
ਫਿਰੋਜ਼ਪੁਰ : ਫਿਰੋਜ਼ਪੁਰ ਸ਼ਹਿਰ ਦਾ ਤੂੜੀ ਬਜ਼ਾਰ। ਇਥੋਂ ਦੇ ਇਕ ਮਕਾਨ ਦਾ ਆਜ਼ਾਦੀ ਸੰਗਰਾਮ ਨਾਲ ਡੂੰਘਾ ਰਿਸ਼ਤਾ ਰਿਹਾ ਹੈ। ਇਸ ਮਕਾਨ ਵਿਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਆਪਣੇ ਕ੍ਰਾਂਤੀਕਾਰੀ ਸਾਥੀਆਂ ਦੇ ਨਾਲ ਕ੍ਰਾਂਤੀਕਾਰੀ ਸਰਗਰਮੀਆਂ ਚਲਾਉਂਦੇ ਸਨ। ਇਸ ਨੂੰ ਸ਼ਹੀਦ ਭਗਤ ਸਿੰਘ ਦਾ ਗੁਪਤ ਟਿਕਾਣਾ ਕਿਹਾ ਜਾਂਦਾ ਹੈ, ਕਿਉਂਕਿ ਇਸ ਘਰ ਵਿਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਅੰਗਰੇਜ਼ਾਂ ਨੂੰ ਚਕਮਾ ਦੇਣ ਲਈ ਨਾਮ ਬਦਲ ਕੇ ਰਹਿੰਦੇ ਸਨ। ਇਸ ਨਾਲ ਕ੍ਰਾਂਤੀਕਾਰੀਆਂ ਦੀਆਂ ਸਰਗਰਮੀਆਂ ਦੀ ਕਿਸੇ ਨੂੰ ਭਿਣਕ ਨਹੀਂ ਲੱਗਦੀ ਸੀ। ਇਤਿਹਾਸ ਦੇ ਜਾਣਕਾਰ ਅਤੇ ਕ੍ਰਾਂਤੀਕਾਰੀਆਂ ਦਾ ਗੁਪਤ ਟਿਕਾਣਾ ਪੁਸਤਕ ਲਿਖਣ ਵਾਲੇ ਰਾਕੇਸ਼ ਕੁਮਾਰ ਨੇ ਆਪਣੀ ਪੁਸਤਕ ਵਿਚ ਲਿਖਿਆ ਹੈ ਕਿ ਇਸ ਭਵਨ ‘ਚ ਭਗਤ ਸਿੰਘ 10 ਅਗਸਤ 1928 ਤੋਂ ਲੈ ਕੇ 9 ਫਰਵਰੀ 1929 ਤੱਕ ਰਹੇ। ਭਗਤ ਸਿੰਘ ਇਸ ਭਵਨ ਵਿਚ ਆਜ਼ਾਦੀ ਸੰਗਰਾਮ ਸਬੰਧੀ ਗੁਪਤ ਰੂਪ ਵਿਚ ਯੋਜਨਾਵਾਂ ਬਣਾਉਂਦੇ ਸਨ।
ਦਿੱਲੀ ਚਲੇ ਗਏ ਸਨ ਲੇਖ ਰਾਜ : ਮਕਾਨ ਮਾਲਕ ਲੇਖਰਾਜ, ਭਗਤ ਸਿੰਘ ਦੇ ਜਾਣ ਤੋਂ ਬਾਅਦ ਵੀ ਇੱਥੇ ਰਹੇ। ਫਿਰ ਉਹ ਦਿੱਲੀ ਚਲੇ ਗਏ। ਇਕ ਟਰੱਸਟ ਬਣਾ ਕੇ ਲੋਕਾਂ ਨੇ ਸੰਭਾਲ ਕੀਤੀ, ਪਰ ਆਪਸੀ ਤਾਲਮੇਲ ਨਾ ਹੋਣ ਕਰਕੇ ਟਰੱਸਟ ਵੀ ਟੁੱਟ ਗਿਆ।
ਨਵਜੋਤ ਸਿੱਧੂ ਨੇ ਦਿੱਤਾ ਸੀ ਭਰੋਸਾ : ਸਾਬਕਾ ਕਾਂਗਰਸੀ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇਸ ਇਮਾਰਤ ਨੂੰ ਵਿਕਸਤ ਕਰਨ ਦਾ ਭਰੋਸਾ ਦਿੱਤਾ ਸੀ, ਪਰ ਕੋਈ ਕੰਮ ਨਹੀਂ ਹੋਇਆ। ਇਮਾਰਤ ਵਿਚ ਇਕ ਪਰਿਵਾਰ ਕਿਰਾਏ ‘ਤੇ ਰਹਿੰਦਾ ਹੈ ਅਤੇ ਹੇਠਾਂ ਇਕ ਦੁਕਾਨ ਖੁੱਲ੍ਹੀ ਹੈ।
5 ਸਾਲ ਪਹਿਲਾਂ ਐਲਾਨੀ ਸੀ ਇਤਿਹਾਸਕ ਇਮਾਰਤ
ਇਸ ਇਮਾਰਤ ਵਿਚ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀ ਏਅਰਗਨ ਨਾਲ ਨਿਸ਼ਾਨੇਬਾਜ਼ੀ ਸਿੱਖਦੇ ਸਨ। ਇਸੇ ਇਮਾਰਤ ਵਿਚ ਭਗਤ ਸਿੰਘ ਨੇ ਆਪਣੇ ਕੇਸ ਅਤੇ ਦਾੜ੍ਹੀ ਕੱਟੀ ਸੀ। ਕ੍ਰਾਂਤੀਕਾਰੀ ਸ਼ਿਵ ਵਰਮਾ ਨੇ ਇਸੇ ਮਕਾਨ ਵਿਚ ਕੁਝ ਰਾਜਨੀਤਕ ਸ਼ਹੀਦਾਂ ਦੀਆਂ ਜੀਵਨੀਆਂ ਲਿਖੀਆਂ ਸਨ। ਭਗਤ ਸਿੰਘ ਦੇ ਇੱਥੇ ਰਹਿੰਦਿਆਂ ਕ੍ਰਾਂਤੀਕਾਰੀਆਂ ਦਾ ਗੁੱਪ-ਚੁੱਪ ਆਉਣਾ-ਜਾਣਾ ਰਹਿੰਦਾ ਸੀ। ਕ੍ਰਾਂਤੀਕਾਰੀਆਂ ਨੇ ਰਾਵਲਪਿੰਡੀ ਤੋਂ ਬਦਲ ਕੇ ਫਿਰੋਜ਼ਪੁਰ ਵਿਚ ਟਿਕਾਣਾ ਬਣਾਉਣ ਲਈ ਇਥੋਂ ਦੇ ਲੇਖ ਰਾਜ ਕੋਲੋਂ ਮਕਾਨ ਕਿਰਾਏ ‘ਤੇ ਲਿਆ ਸੀ। ਪੰਜਾਬ ਸਰਕਾਰ ਨੇ ਇਸ ਇਮਾਰਤ ਨੂੰ ਪ੍ਰਾਚੀਨ ਤੇ ਇਤਿਹਾਸਕ ਸਮਾਰਕ ਅਤੇ ਪੁਰਾਤਤਵ ਸਥਾਨ ਐਕਟ ਦੇ ਤਹਿਤ ਸੁਰੱਖਿਅਤ ਐਲਾਨ ਕਰਨ ਦਾ ਨੋਟੀਫਿਕੇਸ਼ਨ ਕਰੀਬ 5 ਸਾਲ ਪਹਿਲਾਂ ਜਾਰੀ ਕੀਤਾ ਸੀ। ਕਈ ਸੰਸਥਾਵਾਂ ਨੇ ਇਮਾਰਤ ਨੂੰ ਮਿਊਜ਼ੀਅਮ ਵਿਚ ਤਬਦੀਲ ਕਰਨ ਦੀ ਮੰਗ ਕੀਤੀ ਹੈ।
Check Also
ਅਦਾਰਾ ਪਰਵਾਸੀ ਵੱਲੋਂ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ
ਅਦਾਰਾ ‘ਪਰਵਾਸੀ’ ਦੇ ਸਹਿਯੋਗੀਆਂ, ਸਨੇਹੀਆਂ, ਨਜ਼ਦੀਕੀਆਂ ਤੇ ਪਾਠਕਾਂ ਨੂੰ ਮਿਠਾਸ ਭਰੇ, ਮਹਿਕਾਂ ਭਰੇ, ਰੋਸ਼ਨੀਆਂ ਵੰਡਦੇ, …