Breaking News
Home / ਹਫ਼ਤਾਵਾਰੀ ਫੇਰੀ / ਭਗਵੰਤ ਮਾਨ ਸਰਕਾਰ ਦੀ ਰਾਡਾਰ ‘ਤੇ ਸਾਬਕਾ ਮੁੱਖ ਮੰਤਰੀ ਚੰਨੀ

ਭਗਵੰਤ ਮਾਨ ਸਰਕਾਰ ਦੀ ਰਾਡਾਰ ‘ਤੇ ਸਾਬਕਾ ਮੁੱਖ ਮੰਤਰੀ ਚੰਨੀ

142 ਕਰੋੜ ਰੁਪਏ ਦੀ ਗਰਾਂਟ ਵੰਡਣ ਦੀ ਹੋਏਗੀ ਜਾਂਚ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਦੀ ਰਾਡਾਰ ‘ਤੇ ਹੁਣ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਚੰਨੀ ਦੇ ਮੁੱਖ ਮੰਤਰੀ ਕਾਰਜਕਾਲ ਦੌਰਾਨ 142 ਕਰੋੜ ਰੁਪਏ ਦੀ ਗਰਾਂਟ ਆਈ ਸੀ, ਜਿਸ ਨੂੰ ਸਿਰਫ ਰੋਪੜ ਜ਼ਿਲ੍ਹੇ ਵਿਚ ਹੀ ਵੰਡ ਦਿੱਤਾ ਗਿਆ। ਇਸ ਵਿਚੋਂ ਵੀ 60 ਫੀਸਦੀ ਗਰਾਂਟ ਇਕੱਲੇ ਚੰਨੀ ਦੇ ਵਿਧਾਨ ਸਭਾ ਹਲਕੇ ਸ੍ਰੀ ਚਮਕੌਰ ਸਾਹਿਬ ਨੂੰ ਦਿੱਤੀ ਗਈ। ਇਸ ਗਰਾਂਟ ਦਾ ਇਸਤੇਮਾਲ ਕਿੱਥੇ ਹੋਇਆ, ਇਸਦੀ ਜਾਂਚ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਸਪੈਸ਼ਲ ਜਾਂਚ ਕਮੇਟੀ ਬਣਾ ਦਿੱਤੀ ਹੈ। ਇਸ ਜਾਂਚ ਟੀਮ ਨੇ ਇਸ ਸਬੰਧੀ ਬਲਾਕ ਡਿਵੈਲਪਮੈਂਟ ਐਂਡ ਪੰਚਾਇਤ ਅਫਸਰ ਦਫਤਰ ਦਾ ਰਿਕਾਰਡ ਵੀ ਕਬਜ਼ੇ ਵਿਚ ਲੈ ਲਿਆ ਹੈ।
ਭਗਵੰਤ ਮਾਨ ਸਰਕਾਰ ਇਹ ਪਤਾ ਲਗਾਉਣ ਵਿਚ ਲੱਗੀ ਹੋਈ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਹ ਗਰਾਂਟ ਕਿਸ ਕੰਮ ਲਈ ਜਾਰੀ ਕੀਤੀ ਸੀ ਅਤੇ ਉਹ ਕੰਮ ਹੋਇਆ ਵੀ ਹੈ ਜਾਂ ਨਹੀਂ। ਉਧਰ ਦੂਜੇ ਪਾਸੇ ਚਰਨਜੀਤ ਸਿੰਘ ਚੰਨੀ ਇਸ ਸਮੇਂ ਦੇਸ਼ ਤੋਂ ਬਾਹਰ ਹਨ ਅਤੇ ਇਸ ਲਈ ਉਨ੍ਹਾਂ ਦੀ ਪ੍ਰਤੀਕਿਰਿਆ ਅਜੇ ਤੱਕ ਸਾਹਮਣੇ ਨਹੀਂ ਆਈ।
ਸਪੋਰਟਸ ਕਿੱਟ ਘੁਟਾਲਾ ਵੀ ਆਇਆ ਸਾਹਮਣੇ
ਚੰਡੀਗੜ੍ਹ : ਪੰਜਾਬ ਵਿਚ ਪਿਛਲੀ ਕਾਂਗਰਸ ਸਰਕਾਰ ਦੇ ਸਮੇਂ ਦਾ ਸਪੋਰਟਸ ਕਿੱਟ ਘੁਟਾਲਾ ਸਾਹਮਣੇ ਆਇਆ ਹੈ। ਉਸ ਸਮੇਂ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਮੁੱਖ ਮੰਤਰੀ ਸਨ। ਚੰਨੀ ਸਰਕਾਰ ਦੌਰਾਨ ਚੋਣ ਜ਼ਾਬਤਾ ਲਾਗੂ ਹੋਣ ਤੋਂ ਪਹਿਲਾਂ ਸਪੋਰਟਸ ਕਿੱਟ ਲਈ ਸਿੱਧੇ ਖਿਡਾਰੀਆਂ ਦੇ ਖਾਤੇ ਵਿਚ ਪੈਸੇ ਟਰਾਂਸਫਰ ਕੀਤੇ ਗਏ। ਫਿਰ ਉਨ੍ਹਾਂ ਕੋਲੋਂ ਖਾਸ ਫਰਮਾਂ ਦੇ ਨਾਮ ‘ਤੇ ਚੈਕ ਅਤੇ ਡਰਾਫਟ ਲਏ ਗਏ। ਜਿਸ ਨੂੰ ਲੈ ਕੇ ਪਿਛਲੀ ਕਾਂਗਰਸ ਸਰਕਾਰ ਘਿਰੀ ਹੋਈ ਹੈ। ਹੁਣ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ‘ਚ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਇਸਦੇ ਟੈਂਡਰ ਕਿਉਂ ਨਹੀਂ ਕੀਤੇ ਗਏ? ਇਸ ਸਬੰਧੀ ਸ਼ੱਕ ਜ਼ਾਹਰ ਕਰਦਿਆਂ ਮੀਤ ਹੇਅਰ ਨੇ ਕਿਹਾ ਕਿ ਇਸ ਕੇਸ ਦੀ ਵਿਜੀਲੈਂਸ ਜਾਂਚ ਦੀ ਸਿਫਾਰਸ਼ ਲਈ ਪੱਤਰ ਲਿਖ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਹ ਮਾਮਲਾ ਚੰਨੀ ਸਰਕਾਰ ਦੇ ਸਮੇਂ ਨਵੰਬਰ 2021 ਦਾ ਹੈ। ਜਦੋਂ ਚੰਨੀ ਸਰਕਾਰ ਨੇ 8900 ਖਿਡਾਰੀਆਂ ਨੂੰ ਸਪੋਰਟਸ ਕਿੱਟਾਂ ਦੇਣ ਨੂੰ ਮਨਜੂਰੀ ਦਿੱਤੀ ਸੀ।

 

Check Also

ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ

ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …