ਰਿਸ਼ਤੇਦਾਰਾਂ ਦੇ ਘਰ ਵੀ ਈਡੀ ਦੇ ਛਾਪਿਆਂ ਦੇ ਦਿੱਤੀ ਜਾ ਰਹੇ ਡਰਾਵੇ
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ’ਚ ਆਮ ਆਦਮੀ ਪਾਰਟੀ ਦੀ ਸਰਕਾਰ ’ਚ ਮੰਤਰੀ ਆਤਿਸ਼ੀ ਨੇ ਅੱਜ ਮੰਗਲਵਾਰ ਨੂੰ ਪ੍ਰੈਸ ਕਾਨਫਰੰਸ ਕਰਕੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਇਕ ਬੇਹੱਦ ਕਰੀਬੀ ਦੇ ਮਾਧਿਅਮ ਨਾਲ ਉਨ੍ਹਾਂ ਨੂੰ ਭਾਜਪਾ ’ਚ ਸ਼ਾਮਲ ਹੋਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਆਤਿਸ਼ੀ ਨੇ ਆਰੋਪ ਲਗਾਉਂਦਿਆਂ ਕਿ ਉਨ੍ਹਾਂ ਨੂੰ ਕਿਹਾ ਗਿਆ ਹੈ ਕਿ ਤੁਸੀਂ ਆਪਣਾ ਸਿਆਸੀ ਕਰੀਅਰ ਬਚਾ ਲਓ ਜਾਂ ਫਿਰ ਜੇਲ੍ਹ ਜਾਣ ਲਈ ਤਿਆਰ ਰਹੋ। ਆਤਿਸ਼ੀ ਨੇ ਕਿਹਾ ਕਿ ਮੈਨੂੰ ਇਹ ਵੀ ਸੁਨੇਹਾ ਭੇਜਿਆ ਗਿਆ ਕਿ ਆਉਣ ਵਾਲੇ ਕੁਝ ਦਿਨਾਂ ਵਿਚ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਘਰਾਂ ’ਤੇ ਵੀ ਈਡੀ ਦੀ ਰੇਡ ਹੋਵੇਗੀ। ਉਸ ਤੋਂ ਬਾਅਦ ਉਨ੍ਹਾਂ ਨੂੰ ਸੰਮਣ ਭੇਜੇ ਜਾਣਗੇ ਅਤੇ ਫਿਰ ਉਨ੍ਹਾਂ ਦੀ ਗਿ੍ਰਫਤਾਰੀ ਹੋਵੇਗੀ। ਆਤਿਸ਼ੀ ਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ’ਤੇ ਆਰੋਪ ਲਗਾਉਂਦਿਆਂ ਕਿਹਾ ਕਿ ਮੇਰੇ ਤੋਂ ਇਲਾਵਾ ਰਾਘਵ ਚੱਢਾ, ਸੌਰਭ ਭਾਰਦਵਾਜ ਅਤੇ ਦੁਰਗੇਸ਼ ਪਾਠਕ ਨੂੰ ਵੀ ਗਿ੍ਰਫਤਾਰ ਕਰਨ ਦੀ ਤਿਆਰੀ ਹੈ। ਆਤਿਸ਼ੀ ਨੇ ਕਿਹਾ ਕਿ ਭਾਜਪਾ ਨੂੰ ਲੱਗ ਰਿਹਾ ਹੈ ਕਿ ਕੇਜਰੀਵਾਲ, ਸਿਸੋਦੀਆ, ਸੰਜੇ ਸਿੰਘ ਤੇ ਸਤੇਂਦਰ ਜੈਨ ਜੇਲ੍ਹ ਵਿਚ ਹਨ ਅਤੇ ਇਸਦੇ ਬਾਵਜੂਦ ਵੀ ‘ਆਪ’ ਮਜ਼ਬੂਤ ਹੈ। ਉਨ੍ਹਾਂ ਕਿਹਾ ਕਿ ਭਾਜਪਾ ਹੁਣ ‘ਆਪ’ ਦੇ ਸੀਨੀਅਰ ਆਗੂਆਂ ਨੂੰ ਜੇਲ੍ਹ ਵਿਚ ਡੱਕਣ ਦੀ ਤਿਆਰੀ ਕਰ ਰਹੀ ਹੈ।