
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬੀ ਗਾਇਕ ਜੈਜੀ ਬੈਂਸ ਨਵੇਂ ਵਿਵਾਦ ਵਿਚ ਘਿਰ ਗਏ ਹਨ। ਜੈਜੀ ਬੈਂਸ ਦੇ ਨਵੇਂ ਗੀਤ ਸਬੰਧੀ ਮਿਲ ਰਹੀਆਂ ਸ਼ਿਕਾਇਤਾਂ ਦੇ ਅਧਾਰ ’ਤੇ ਪੰਜਾਬ ਮਹਿਲਾ ਕਮਿਸ਼ਨ ਨੇ ਉਸ ਨੂੰ ਨੋਟਿਸ ਜਾਰੀ ਕੀਤਾ ਹੈ। ਨਾਲ ਹੀ ਮਹਿਲਾ ਕਮਿਸ਼ਨ ਨੇ ਨੋਟਿਸ ਦਾ ਇਕ ਹਫਤੇ ਵਿਚ ਜਵਾਬ ਵੀ ਮੰਗ ਲਿਆ ਹੈ। ਮਹਿਲਾ ਕਮਿਸ਼ਨ ਨੇ ਗਾਇਕ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਨੇ ਨੋਟਿਸ ਦਾ ਜਵਾਬ ਨਾ ਭੇਜਿਆ ਤਾਂ ਉਸਦੇ ਖਿਲਾਫ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ। ਮੀਡੀਆ ਰਿਪੋਰਟਾਂ ਮੁਤਾਬਕ ਜੈਜੀ ਬੈਂਸ ਦਾ ਅੱਜ ਜਨਮ ਦਿਨ ਵੀ ਹੈ ਅਤੇ ਇਸੇ ਦਿਨ ਹੀ ਉਸ ਨੂੰ ਮਹਿਲਾ ਕਮਿਸ਼ਨ ਵਲੋਂ ਨੋਟਿਸ ਭੇਜਿਆ ਗਿਆ ਹੈ। ਜ਼ਿਕਰਯੋਗ ਹੈ ਕਿ ਜੈਜੀ ਬੈਂਸ ਨੇ ਪਿਛਲੇ ਦਿਨੀਂ ਗੀਤ ‘ਮੜਕ ਸ਼ੌਕੀਨਾਂ ਦੀ’ ਲਾਂਚ ਕੀਤਾ ਸੀ। ਜੈਜੀ ਬੈਂਸ ’ਤੇ ਆਰੋਪ ਹੈ ਕਿ ਉਸ ਨੇ ਇਸ ਗੀਤ ਰਾਹੀਂ ਮਹਿਲਾਵਾਂ ਲਈ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕੀਤੀ ਹੈ।