ਕਿਹਾ, ਹੋ ਸਕਦਾ ਹੈ ਕਿ ਗੈਂਗਰੇਪ ਹੋਇਆ ਹੋਵੇ
ਚੰਡੀਗੜ੍ਹ/ਬਿਊਰੋ ਨਿਊਜ਼
ਮੁਰਥਲ ਗੈਂਗ ਰੇਪ ਮਾਮਲੇ ‘ਤੇ ਲਗਾਤਾਰ ਮੁਕਰਨ ਤੋਂ ਬਾਅਦ ਪਹਿਲੀ ਵਾਰ ਹਰਿਆਣਾ ਸਰਕਾਰ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਮੰਨੀ ਹੈ ਕਿ ਬਲਾਤਕਾਰ ਕਾਂਡ ਹੋਇਆ ਹੋ ਸਕਦਾ ਹੈ। ਅਦਾਲਤ ਵਿਚ ਸਰਕਾਰ ਨੇ ਦੱਸਿਆ ਕਿ ਇਸ ਸਬੰਧੀ ਇਕ ਐਨ ਆਰ ਆਈ ਮਹਿਲਾ ਦੀ ਸ਼ਿਕਾਇਤ ਆਈ ਸੀ ਤੇ ਉਸ ਸ਼ਿਕਾਇਤ ਦੇ ਅਧਾਰ ‘ਤੇ ਕੇਸ ਦਰਜ ਕਰ ਲਿਆ ਗਿਆ ਹੈ।
ਅਦਾਲਤ ਨੇ ਹਰਿਆਣਾ ਸਰਕਾਰ ਨੂੰ ਆਦੇਸ਼ ਦਿੱਤਾ ਹੈ ਕਿ ਇਸ ਮਾਮਲੇ ਵਿਚ ਸਿਰਫ਼ ਐਸ ਆਈ ਟੀ ਹੀ ਜਾਂਚ ਕਰੇਗੀ ਤੇ ਹੋਰ ਕੋਈ ਏਜੰਸੀ ਜਾਂ ਕਮਿਸ਼ਨ ਜਾਂਚ ਵਿਚ ਦਖ਼ਲ ਨਹੀਂ ਦੇਵੇਗਾ। ਅਦਾਲਤ ਨੇ ਐਸ ਆਈ ਟੀ ਨੂੰ ਹੁਕਮ ਦਿੱਤੇ ਹਨ ਕਿ ਉਹ 4 ਮਈ ਤੱਕ ਅਦਾਲਤ ਵਿਚ ਇਸ ਮਸਲੇ ‘ਤੇ ਆਪਣੀ ਰਿਪੋਰਟ ਪੇਸ਼ ਕਰੇ। ਜ਼ਿਕਰਯੋਗ ਹੈ ਕਿ ਪਿਛਲੇ ਸਮੇਂ ਦੌਰਾਨ ਹਰਿਆਣਾ ਵਿਚ ਜਾਟ ਰਾਖਵੇਂਕਰਨ ਦੌਰਾਨ ਗੈਂਗਰੇਪ ਦੀਆਂ ਘਟਨਾਵਾਂ ਉਜਾਗਰ ਹੋਈਆਂ ਸਨ।