100 ਤੋਂ ਜ਼ਿਆਦਾ ਟਰੇਨਾਂ ਅਤੇ 50 ਤੋਂ ਜ਼ਿਆਦਾ ਉਡਾਣਾਂ ਰੱਦ
ਨਵੀਂ ਦਿੱਲੀ/ਬਿਊਰੋ ਨਿਊਜ਼
ਬੰਗਾਲ ਦੀ ਘਾੜੀ ਵਿਚੋਂ ਦੋ ਦਸੰਬਰ ਨੂੰ ਉਠਿਆ ਤੂਫਾਨ ‘ਸਾਈਕਲੋਨ ਮਿਚੌਂਗ’ ਆਂਧਰਾ ਪ੍ਰਦੇਸ਼ ਪਹੁੰਚ ਗਿਆ ਹੈ। ਭਾਰਤੀ ਮੌਸਮ ਵਿਭਾਗ ਦੇ ਮੁਤਾਬਕ ਇਹ ਸਾਈਕਲੋਨ ਮਿਚੋਂਗ ਦੁਪਹਿਰ ਇਕ ਵਜੇ ਦੇ ਕਰੀਬ ਆਂਧਰਾ ਪ੍ਰਦੇਸ਼ ਤਟ ਨਾਲ ਟਕਰਾਇਆ। ਇਸ ਦੌਰਾਨ ਤੇਜ਼ ਹਵਾਵਾਂ ਦੇ ਨਾਲ ਜ਼ੋਰਦਾਰ ਮੀਂਹ ਵੀ ਪਿਆ ਅਤੇ ਜਲਦੀ ਹੀ ਇਸ ਸਾਈਕਲੋਨ ਮਿਚੋਂਗ ਦੇ ਕਮਜ਼ੋਰ ਪੈਣ ਦਾ ਵੀ ਅਨੁਮਾਨ ਹੈ। ਇਸ ਤੂਫਾਨ ਦਾ ਸਭ ਤੋਂ ਜ਼ਿਆਦਾ ਅਸਰ ਆਂਧਰਾ ਪ੍ਰਦੇਸ਼ ਅਤੇ ਤਾਮਿਲਨਾਡੂ ਵਿਚ ਹੋਇਆ ਹੈ। ਆਂਧਰਾ ਪ੍ਰਦੇਸ਼ ਦੇ ਕੌਸਟਲ ਏਰੀਏ ਵਿਚੋਂ 10 ਹਜ਼ਾਰ ਦੇ ਕਰੀਬ ਵਿਅਕਤੀਆਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ। ਇਸ ਤੋਂ ਇਲਾਵਾ ਐਨ.ਡੀ.ਆਰ.ਐਫ. ਅਤੇ ਐਸ.ਡੀ.ਆਰ.ਐਫ. ਦੀਆਂ ਟੀਮਾਂ ਵੀ ਰਾਹਤ ਕਾਰਜਾਂ ਵਿਚ ਜੁੱਟੀਆਂ ਹੋਈਆਂ ਹਨ। ਇਸੇ ਦੌਰਾਨ ਤਾਮਿਲਨਾਡੂ ਦੇ ਮੁੱਖ ਸਕੱਤਰ ਦਾ ਕਹਿਣਾ ਸੀ ਕਿ ਸੂਬੇ ਵਿਚ ਦੋ ਦਿਨਾਂ ਤੋਂ ਜ਼ੋਰਦਾਰ ਮੀਂਹ ਪਿਆ ਹੈ। ਉਨ੍ਹਾਂ ਕਿਹਾ ਕਿ ਇਸ ਮੀਂਹ ਦੇ ਕਾਰਨ ਚੇਨਈ ਸ਼ਹਿਰ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ ਹੈ ਅਤੇ ਹੁਣ 12 ਵਿਅਕਤੀਆਂ ਦੀ ਜਾਨ ਵੀ ਜਾ ਚੁੱਕੀ ਹੈ। ਇਹ ਵੀ ਦੱਸਿਆ ਗਿਆ ਕਿ ਖਰਾਬ ਮੌਸਮ ਦੇ ਚੱਲਦਿਆਂ 100 ਤੋਂ ਜ਼ਿਆਦਾ ਟਰੇਨਾਂ ਅਤੇ 50 ਤੋਂ ਜ਼ਿਆਦਾ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ।