ਮਮਤਾ ਬੈਨਰਜੀ ਅਤੇ ਨਿਤੀਸ਼ ਕੁਮਾਰ ਸਣੇ ਕਈ ਆਗੂਆਂ ਨੇ ਮੀਟਿੰਗ ’ਚ ਸ਼ਾਮਲ ਹੋਣ ਤੋਂ ਕੀਤਾ ਸੀ ਇਨਕਾਰ
ਨਵੀਂ ਦਿੱਲੀ/ਬਿਊਰੋ ਨਿਊਜ਼
ਇੰਡੀਆ ਨੈਸ਼ਨਲ ਡਿਵੈਲਪਮੈਂਟ ਇਨਕਲੂਸਿਵ ਅਲਾਇੰਸ (ਇੰਡੀਆ) ਦੀ ਭਲਕੇ ਯਾਨੀ 6 ਦਸੰਬਰ ਨੂੰ ਹੋਣ ਵਾਲੀ ਮੀਟਿੰਗ ਫਿਲਹਾਲ ਟਾਲ ਦਿੱਤੀ ਗਈ ਹੈ। ਹੁਣ ਇਹ ਮੀਟਿੰਗ ਇਸੇ ਦਸੰਬਰ ਮਹੀਨੇ ਦੇ ਤੀਜੇ ਹਫਤੇ ਵਿਚ ਹੋਵੇਗੀ। ਧਿਆਨ ਰਹੇ ਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਸਣੇ ਕਈ ਆਗੂਆਂ ਨੇ ‘ਇੰਡੀਆ’ ਨਾਮ ਦੇ ਗਠਜੋੜ ਦੀ ਮੀਟਿੰਗ ਵਿਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਮੀਟਿੰਗ ਵਿਚ ਹਾਲ ਹੀ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਆਏ ਨਤੀਜਿਆਂ ਸਬੰਧੀ ਵਿਚਾਰ ਚਰਚਾ ਹੋਣੀ ਸੀ। ਲੰਘੀ 3 ਦਸੰਬਰ ਨੂੰ ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ ਅਤੇ ਤੇਲੰਗਾਨਾ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਏ ਹਨ ਅਤੇ 4 ਦਸੰਬਰ ਨੂੰ ਮਿਜ਼ੋਰਮ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਏ। ਇਨ੍ਹਾਂ ਵਿਚ ਤਿੰਨ ਸੂਬਿਆਂ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿਚ ਭਾਜਪਾ ਨੇ ਬਹੁਮਤ ਹਾਸਲ ਕੀਤਾ ਹੈ। ਇਸਦੇ ਚੱਲਦਿਆਂ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਭਲਕੇ 6 ਦਸੰਬਰ ਨੂੰ ‘ਇੰਡੀਆ’ ਨਾਮ ਦੇ ਗਠਜੋੜ ਦੀ ਮੀਟਿੰਗ ਸੱਦੀ ਸੀ। ਇਸਦੇ ਚੱਲਦਿਆਂ ਗਠਜੋੜ ਦੇ ਆਗੂਆਂ ਨੇ ਵੱਖ-ਵੱਖ ਤਰ੍ਹਾਂ ਦੇ ਬਹਾਨੇ ਬਣਾ ਕੇ ਇਸ ਮੀਟਿੰਗ ਵਿਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਸੀ।